cheaters

ਲੋਨ ਕਰਵਾਉਣ ਦੇ ਨਾਂ ’ਤੇ ਠੱਗੀਆਂ ਮਾਰਨ ਵਾਲੇ 6 ਗ੍ਰਿਫਤਾਰ

ਮੁੱਖ ਸਰਗਨਾ ਫਰਾਰ

ਬਰਨਾਲਾ, 20 ਜੂਨ :- ਬਰਨਾਲਾ ਪੁਲਸ ਨੇ ਇਕ ਵੱਡੀ ਕਾਰਵਾਈ ਕਰਦਿਆਂ ਕਾਲ ਸੈਂਟਰ ਰਾਹੀਂ ਲੋਨ ਕਰਵਾਉਣ ਦੇ ਬਹਾਨੇ ਭੋਲੇ-ਭਾਲੇ ਲੋਕਾਂ ਨਾਲ ਠੱਗੀਆਂ ਮਾਰਨ ਵਾਲੇ ਇਕ ਅੰਤਰ-ਰਾਜੀ ਗਿਰੋਹ ਦਾ ਪਰਦਾਫਾਸ਼ ਕੀਤਾ ਹੈ। ਇਸ ਕਾਰਵਾਈ ਦੌਰਾਨ 6 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ, ਜਦੋਂਕਿ ਗਿਰੋਹ ਦਾ ਮੁੱਖ ਸਰਗਨਾ ਅਮਿਤ ਕੁਮਾਰ ਵਾਸੀ ਜ਼ੀਰਕਪੁਰ ਅਜੇ ਵੀ ਫਰਾਰ ਹੈ।

ਸੀਨੀਅਰ ਕਪਤਾਨ ਪੁਲਸ, ਬਰਨਾਲਾ ਮੁਹੰਮਦ ਸਰਫਰਾਜ਼ ਆਲਮ ਆਈ. ਪੀ. ਐੱਸ. ਨੇ ਦੱਸਿਆ ਕਿ ਇੰਸਪੈਕਟਰ ਕਮਲਜੀਤ ਸਿੰਘ, ਮੁੱਖ ਅਫਸਰ ਥਾਣਾ ਸਾਈਬਰ ਕ੍ਰਾਈਮ ਬਰਨਾਲਾ ਵਿਖੇ ਲੋਨ ਕਰਵਾਉਣ ਦੇ ਨਾਂ ’ਤੇ ਠੱਗੀ ਮਾਰਨ ਸਬੰਧੀ ਆਨਲਾਈਨ ਪੋਰਟਲ 1930 ’ਤੇ ਇਕ ਦਰਖਾਸਤ ਪ੍ਰਾਪਤ ਹੋਈ ਸੀ। ਇਸ ਸਬੰਧੀ ਮੁਕੱਦਮਾ ਨੰਬਰ 07 ਮਿਤੀ 09.06.2025 ਨੂੰ ਦਰਜ ਕੀਤਾ ਗਿਆ। ਮੁਕੱਦਮੇ ਦੀ ਤਕਨੀਕੀ ਤਰੀਕੇ ਨਾਲ ਜਾਂਚ ਕਰਦੇ ਹੋਏ ਮਿਤੀ 10.06.2025 ਨੂੰ ਕਾਲ ਸੈਂਟਰ ਢਕੋਲੀ, ਜ਼ੀਰਕਪੁਰ ਵਿਖੇ ਛਾਪਾ ਮਾਰਿਆ ਗਿਆ, ਜਿੱਥੋਂ 6 ਮੁਲਜ਼ਮਾਂ ਨੂੰ ਗ੍ਰਿਫਤਾਰ ਕਰਨ ’ਚ ਸਫਲਤਾ ਪ੍ਰਾਪਤ ਹੋਈ।

ਗ੍ਰਿਫਤਾਰ ਮੁਲਜ਼ਮਾਂ ਦੀ ਪਛਾਣ ਪਵਨ ਕੁਮਾਰ ਵਾਸੀ ਨੇੜੇ ਮਸਜਿਦ, ਮੁਬਾਰਕਪੁਰ ਜ਼ਿਲਾ ਐੱਸ.ਏ.ਐੱਸ. ਨਗਰ (ਪੰਜਾਬ), ਭਵਨ ਮੇਵਾਰਾ ਵਾਸੀ ਸੈਕਟਰ-3ਐਫ ਵੈਸ਼ਾਲੀ, ਗਾਜ਼ੀਆਬਾਦ (ਉੱਤਰ ਪ੍ਰਦੇਸ਼), ਹੁਣ ਨਿਊ ਸਦਾ ਮੋਚਿਓ ਕੀ ਗਲੀ, ਜੋਧਪੁਰ (ਰਾਜਸਥਾਨ), ਅੰਬਿਕਾ ਵਾਸੀ ਡਿਆਰਮੋਲੀ ਤਹਿਸੀਲ ਰੋੜੂ ਜ਼ਿਲਾ ਸ਼ਿਮਲਾ (ਹਿਮਾਚਲ ਪ੍ਰਦੇਸ਼). ਜੀ ਚਿੰਨਾ ਰੈਡੀ ਵਾਸੀ ਮਾਲੇਪਾਡੂ, ਕਡੱਪਾ (ਆਂਧਰਾ ਪ੍ਰਦੇਸ਼), ਜਾਦਾ ਵੀਰਾ ਸਿਵਾ ਭਾਗਿਆਰਾਜ ਵਾਸੀ 4-37, ਪੇਡਾ ਵੀਡੀ, ਕਾਜੂਲੁਰੂ ਮੰਡਲ, ਗੋਲਪਾਲੇਮ, ਕਾਕੀਨਾਡਾ (ਆਂਧਰਾ ਪ੍ਰਦੇਸ਼), ਕੋਨਾ ਚਿਰੰਜੀਵੀ ਵਾਸੀ ਡੀ. ਨੰ. 144, ਯੇਨੋਡਾ, ਵਾਰੰਗਰੀ ਕਾਲੋਨੀ ਵਿਸ਼ਾਖਾਪਟਨਮ (ਆਂਧਰਾ ਪ੍ਰਦੇਸ਼) ਵਜੋਂ ਹੋਈ ਹੈ। ਇਨ੍ਹਾਂ ਮੁਲਜ਼ਮਾਂ ’ਚੋਂ 2 ਪੰਜਾਬ ਤੋਂ, 3 ਆਂਧਰਾ ਪ੍ਰਦੇਸ਼ ਤੋਂ, 1 ਹਿਮਾਚਲ ਪ੍ਰਦੇਸ਼ ਤੋਂ ਅਤੇ 1 ਰਾਜਸਥਾਨ ਤੋਂ ਹੈ, ਜੋ ਇਸ ਗਿਰੋਹ ਦੇ ਅੰਤਰ-ਰਾਜੀ ਨੈੱਟਵਰਕ ਨੂੰ ਦਰਸਾਉਂਦਾ ਹੈ।

ਮੁੱਢਲੀ ਤਫਤੀਸ਼ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਉਕਤ ਗਿਰੋਹ ਕਾਲ ਸੈਂਟਰ ਰਾਹੀਂ ਸਾਲ 2023 ਤੋਂ ਲੈ ਕੇ ਹੁਣ ਤੱਕ ਭੋਲੇ-ਭਾਲੇ ਲੋਕਾਂ ਨਾਲ ਠੱਗੀਆਂ ਮਾਰਦੇ ਆ ਰਹੇ ਹਨ। ਜਾਂਚ ਕਰਨ ’ਤੇ ਪਾਇਆ ਗਿਆ ਕਿ ਉਕਤ ਗਿਰੋਹ ਦੇ ਖਿਲਾਫ ਕਰੀਬ 60 ਤੋਂ ਵੱਧ ਦਰਖਾਸਤਾਂ ਪੰਜਾਬ ਸਟੇਟ ਤੋਂ ਇਲਾਵਾ ਆਂਧਰਾ ਪ੍ਰਦੇਸ਼, ਗੁਜਰਾਤ, ਤੇਲੰਗਾਨਾ, ਗੋਆ, ਕਰਨਾਟਕਾ ਆਦਿ ਰਾਜਾਂ ’ਚ ਦਰਜ ਹਨ।
ਇਹ ਤੱਥ ਸਾਹਮਣੇ ਆਏ ਹਨ ਕਿ ਇਹ ਗਿਰੋਹ ਹਰ ਮਹੀਨੇ ਕਰੀਬ ਔਸਤਨ 1 ਕਰੋੜ ਰੁਪਏ ਦੇ ਲੱਗਭਗ ਵੱਖ-ਵੱਖ ਬੈਂਕ ਖਾਤਿਆਂ ਰਾਹੀਂ ਕੈਸ਼ ਕਢਵਾਉਂਦਾ ਸੀ। ਜਿਸ ਅਨੁਸਾਰ ਹੁਣ ਤੱਕ ਇਹ ਗਿਰੋਹ ਕਰੀਬ 20-22 ਕਰੋੜ ਰੁਪਏ ਦੀ ਠੱਗੀ ਮਾਰ ਚੁੱਕਾ ਹੈ।

ਇਸ ਗਿਰੋਹ ਦਾ ਮੁੱਖ ਸਰਗਨਾ ਅਮਿਤ ਕੁਮਾਰ ਪੁੱਤਰ ਰਾਮ ਲੁਭਾਇਆ ਵਾਸੀ ਜ਼ੀਰਕਪੁਰ ਹੈ, ਜੋ ਕਿ ਅਜੇ ਤੱਕ ਫਰਾਰ ਹੈ। ਤਫਤੀਸ਼ ਦੌਰਾਨ ਇਹ ਵੀ ਸਾਹਮਣੇ ਆਇਆ ਹੈ ਕਿ ਮੁੱਖ ਸਰਗਨਾ ਅਮਿਤ ਕੁਮਾਰ ਬਹੁਤ ਹੀ ਲਗਜ਼ਰੀ ਜ਼ਿੰਦਗੀ ਜਿਊਂਦਾ ਹੈ। ਉਸ ਦੇ ਕੋਲ ਜ਼ੀਰਕਪੁਰ ਦੇ ਪੋਸ਼ ਇਲਾਕੇ ’ਚ 2 ਫਲੈਟ, 1 ਜਿੰਮ ਅਤੇ ਲਗਜ਼ਰੀ ਗੱਡੀਆਂ ਹੋਣ ਦੇ ਤੱਥ ਸਾਹਮਣੇ ਆਏ ਹਨ, ਜਿਸ ਸਬੰਧੀ ਹੋਰ ਡੂੰਘਾਈ ਨਾਲ ਤਫਤੀਸ਼ ਕੀਤੀ ਜਾ ਰਹੀ ਹੈ।

ਬਰਾਮਦਗੀ

  • ਮੋਬਾਈਲ ਫੋਨ : 67
  • ਏ. ਟੀ. ਐੱਮ. ਕਾਰਡ : 18
  • ਸਿਮ ਕਾਰਡ : 17
  • ਲੈਪਟਾਪ : 1
  • ਸੀ. ਪੀ. ਯੂ. : 1
  • ਨਕਦੀ (ਕੈਸ਼) : 55,000 ਰੁਪਏ

Read More : ਪੋਸਟਮਾਰਟਮ ਹਾਊਸ ਦੇ ਬਾਹਰ ਪੁਲਿਸ ਮੁਲਾਜ਼ਮ ਨੇ ਖੁਦ ਨੂੰ ਮਾਰੀ ਗੋਲੀ

Leave a Reply

Your email address will not be published. Required fields are marked *