ਸਰਹੱਦ ਪਾਰੋਂ ਚੱਲ ਰਹੇ ਹਥਿਆਰ ਸਮੱਗਲਿੰਗ ਮਡਿਊਲ ਦਾ ਪਰਦਾਫ਼ਾਸ਼
ਅੰਮ੍ਰਿਤਸਰ, 8 ਦਸੰਬਰ : ਅੰਮ੍ਰਿਤਸਰ ਕਮਿਸ਼ਨਰੇਟ ਪੁਲਸ ਨੇ ਪਾਕਿਸਤਾਨ ਵੱਲੋਂ ਸੰਚਾਲਿਤ ਹਥਿਆਰ ਸਮੱਗਲਿੰਗ ਮਡਿਊਲ ਦੇ 6 ਕਾਰਕੁੰਨਾਂ, ਜਿਨ੍ਹਾਂ ਵਿਚੋਂ ਇਕ ਨਾਬਾਲਿਗ ਵੀ ਹੈ, ਨੂੰ 6 ਆਧੁਨਿਕ ਪਿਸਤੌਲਾਂ ਨਾਲ ਗ੍ਰਿਫ਼ਤਾਰ ਕੀਤਾ ਹੈ।
ਡੀ. ਜੀ. ਪੀ. ਗੌਰਵ ਯਾਦਵ ਨੇ ਦੱਸਿਆ ਕਿ ਗ੍ਰਿਫ਼ਤਾਰ ਵਿਅਕਤੀਆਂ ਦੀ ਪਛਾਣ ਤਰਨਤਾਰਨ ਦੇ ਪਿੰਡ ਕੋਟਲੀ ਵਸਾਵਾ ਸਿੰਘ ਦੇ ਰਹਿਣ ਵਾਲੇ ਗੁਰਬੀਰ ਸਿੰਘ ਉਰਫ਼ ਸੋਨੂੰ (28), ਗੁਰਪ੍ਰੀਤ ਸਿੰਘ ਉਰਫ਼ ਗੋਪਾ (32), ਗੋਰਕਾ ਸਿੰਘ ਉਰਫ਼ ਗੋਰਾ, ਰਾਜਵਿੰਦਰ ਸਿੰਘ ਉਰਫ਼ ਰਾਜੂ ਤਿੰਨੋਂ ਵਾਸੀ ਖੇਮਕਰਨ (ਤਰਨਤਾਰਨ), ਜਸਪਾਲ ਸਿੰਘ ਉਰਫ਼ ਜੱਸ (24) ਵਾਸੀ ਬੱਚੀਵਿੰਡ (ਅੰਮ੍ਰਿਤਸਰ) ਤੇ ਸੁਲਤਾਨਪੁਰ ਲੋਧੀ ਸਥਿਤ 16 ਸਾਲਾ ਨਾਬਾਲਗ ਵਜੋਂ ਹੋਈ ਹੈ । ਬਰਾਮਦ ਕੀਤੇ ਗਏ ਪਿਸਤੌਲਾਂ ’ਚ ਪੰਜ .30 ਬੋਰ ਪਿਸਤੌਲ ਤੇ ਇਕ 9 ਐੱਮ.ਐੱਮ. ਪੀ.ਐਕਸ.-5 ਪਿਸਤੌਲ ਸ਼ਾਮਲ ਹਨ।
ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਮੁਲਜ਼ਮ ਸੋਸ਼ਲ ਮੀਡੀਆ ਪਲੇਟਫਾਰਮਾਂ ਰਾਹੀਂ ਪਾਕਿਸਤਾਨ ਸਥਿਤ ਇਕ ਹੈਂਡਲਰ ਦੇ ਸਿੱਧੇ ਸੰਪਰਕ ’ਚ ਸਨ। ਸੰਗਠਿਤ ਗਿਰੋਹ ਵੱਲੋਂ ਹਥਿਆਰਾਂ ਦੀਆਂ ਇਹ ਖੇਪਾਂ ਅੱਗੇ ਮਾਝਾ -ਦੋਆਬਾ ਖੇਤਰਾਂ ਵਿਚ ਸਰਗਰਮ ਅਪਰਾਧੀਆਂ ਨੂੰ ਸਪਲਾਈ ਕੀਤੀਆਂ ਜਾਂਦੀਆਂ ਸਨ।
ਪੁਲਸ ਕਮਿਸ਼ਨਰ ਅੰਮ੍ਰਿਤਸਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਪਹਿਲੀ ਸਫਲਤਾ ਉਦੋਂ ਮਿਲੀ ਜਦੋਂ ਪੁਲਸ ਟੀਮ ਨੇ ਖ਼ੁਫ਼ੀਆ ਇਤਲਾਹ ’ਤੇ ਆਧਾਰਤ ਇਕ ਕਾਰਵਾਈ ਤਹਿਤ ਸ਼ੱਕੀ ਗੁਰਬੀਰ ਉਰਫ਼ ਸੋਨੂੰ ਤੇ ਗੁਰਪ੍ਰੀਤ ਉਰਫ਼ ਗੋਪਾ ਨੂੰ ਦੋ .30 ਬੋਰ ਪਿਸਤੌਲਾਂ ਸਮੇਤ ਗ੍ਰਿਫਤਾਰ ਕੀਤਾ ।
ਉਕਤ ਮੁਲਜ਼ਮਾਂ ਕੋਲੋਂ ਪੁੱਛਗਿੱਛ ਕਾਰਨ ਸਾਰੇ ਨੈੱਟਵਰਕ ਦਾ ਖ਼ੁਲਾਸਾ ਹੋ ਗਿਆ ਅਤੇ ਇਸ ਤੋਂ ਬਾਅਦ ਕੀਤੀਆਂ ਛਾਪੇਮਾਰੀਆਂ ਦੌਰਾਨ ਉਨ੍ਹਾਂ ਦੇ ਸਾਥੀਆਂ ਗੋਰਕਾ ਉਰਫ਼ ਗੋਰਾ ਨੂੰ ਇਕ .30 ਬੋਰ ਪਿਸਤੌਲ ਸਮੇਤ, ਜਸਪਾਲ ਉਰਫ਼ ਜੱਸ ਨੂੰ ਇਕ .30 ਬੋਰ ਪਿਸਤੌਲ ਤੇ ਰਾਜਵਿੰਦਰ ਉਰਫ਼ ਰਾਜੂ ਨੂੰ ਇਕ 9 ਐੱਮ.ਐੱਮ. ਪੀ.ਐਕਸ.5 ਪਿਸਤੌਲ ਨਾਲ ਗ੍ਰਿਫ਼ਤਾਰ ਕੀਤਾ ਗਿਆ। ਇਸ ਦੌਰਾਨ ਉਨ੍ਹਾਂ ਦੇ ਇਕ ਨਾਬਾਲਗ ਸਾਥੀ ਨੂੰ ਵੀ ਇਕ .30 ਬੋਰ ਪਿਸਤੌਲ ਸਮੇਤ ਹਿਰਾਸਤ ’ਚ ਲਿਆ ਗਿਆ ਹੈ।
ਗ੍ਰਿਫ਼ਤਾਰ ਕੀਤੇ ਗਏ ਗੋਰਕਾ ਉਰਫ਼ ਗੋਰਾ ਤੇ ਰਾਜਵਿੰਦਰ ਉਰਫ਼ ਰਾਜੂ ਵਿਰੁੱਧ ਪਹਿਲਾਂ ਵੀ ਐੱਨ.ਡੀ.ਪੀ.ਐੱਸ. ਐਕਟ ਦੇ ਅਪਰਾਧ ਤੇ ਜਬਰ-ਜ਼ਨਾਹ ਅਤੇ ਪੋਕਸੋ ਐਕਟ ਨਾਲ ਸਬੰਧਤ ਕਈ ਮਾਮਲੇ ਦਰਜ ਹਨ। ਕਪੂਰਥਲਾ ਜ਼ਿਲੇ ਦੇ 2 ਵਿਅਕਤੀਆਂ ਦੀ ਪਛਾਣ ਗ਼ੈਰ-ਕਾਨੂੰਨੀ ਹਥਿਆਰ ਪ੍ਰਾਪਤ ਕਰਨ ਵਾਲਿਆਂ ਵਜੋਂ ਕੀਤੀ ਗਈ ਹੈ ਅਤੇ ਉਨ੍ਹਾਂ ਨੂੰ ਫੜਨ ਲਈ ਛਾਪੇ ਮਾਰੇ ਜਾ ਰਹੇ ਹਨ। ਇਸ ਸਬੰਧੀ ਪੁਲਸ ਸਟੇਸ਼ਨ ਛਾਉਣੀ ਅੰਮ੍ਰਿਤਸਰ ਵਿਖੇ ਕੇਸ ਦਰਜ ਕੀਤਾ ਗਿਆ ਹੈ।
Read More : ‘ਆਪ’ ਆਗੂ ਬਲਤੇਜ ਪੰਨੂ ਦਾ ਕਾਂਗਰਸ ਪਾਰਟੀ ’ਤੇ ਤਿੱਖਾ ਹਮਲਾ
