Interstate car theft

ਅੰਤਰਰਾਜੀ ਕਾਰ ਚੋਰੀ ਗਿਰੋਹ ਅਤੇ ਖਰੀਦਦਾਰਾਂ ਸਮੇਤ 6 ਗ੍ਰਿਫ਼ਤਾਰ

ਚੋਰੀ ਕੀਤੀਆਂ 2 ਗੱਡੀਆਂ ਅਤੇ ਸਪੇਅਰ ਪਾਰਟਸ ਬਰਾਮਦ

ਮਲੋਟ, 16 ਸਤੰਬਰ :ਪੰਜਾਬ ਦੇ ਸਰਹੱਦੀ ਖੇਤਰ ਸ਼੍ਰੀਗੰਗਾਨਗਰ (ਰਾਜਸਥਾਨ) ਵਿੱਚ ਸਰਗਰਮ ਇੱਕ ਅੰਤਰ-ਰਾਜੀ ਕਾਰ ਚੋਰੀ ਗਿਰੋਹ ਦਾ ਹਿੱਸਾ ਬਣ ਕੇ ਮਲੋਟ ਸ਼ਹਿਰ ਦੇ ਕੁਝ ਨੌਜਵਾਨ ਚੋਰੀ ਦੀਆਂ ਘਟਨਾਵਾਂ ਵਿੱਚ ਸ਼ਾਮਲ ਪਾਏ ਗਏ ਹਨ। ਸ਼੍ਰੀਗੰਗਾਨਗਰ ਜ਼ਿਲ੍ਹਾ ਪੁਲਿਸ ਸੁਪਰਡੈਂਟ ਡਾ. ਅੰਮ੍ਰਿਤਾ ਦੁਹਨ ਅਨੁਸਾਰ, ਜਵਾਹਰਨਗਰ ਸ਼੍ਰੀਗੰਗਾਨਗਰ ਪੁਲਿਸ ਸਟੇਸ਼ਨ ਨੇ ਕਾਰ ਚੋਰੀ ਦੀਆਂ ਵਾਰਦਾਤਾਂ ਮਗਰੋਂ ਡੂੰਘਾਈ ਨਾਲ ਜਾਂਚ ਤੋਂ ਬਾਅਦ ਕਾਰ ਚੋਰੀ ਦੀਆਂ ਘਟਨਾਵਾਂ ਵਿੱਚ ਸ਼ਾਮਲ ਚਾਰ ਮੁੱਖ ਮੁਲਜ਼ਮਾਂ ਸਮੇਤ ਦੋ ਹੋਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ।

ਇਹ ਗਿਰੋਹ ਹਰਿਆਣਾ, ਰਾਜਸਥਾਨ ਅਤੇ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਤੋਂ ਡੇਢ ਦਰਜਨ ਤੋਂ ਵੱਧ ਕਾਰਾਂ ਚੋਰੀ ਕਰ ਚੁੱਕਾ ਹੈ ਅਤੇ ਚੋਰੀ ਦੀਆਂ ਕਾਰਾਂ ਦੇ ਸਪੇਅਰ ਪਾਰਟਸ ਵੇਚਣ ਵਿੱਚ ਸ਼ਾਮਲ ਸਨ। ਪਹਿਲੀ ਘਟਨਾ 6 ਜੂਨ ਨੂੰ ਦਰਜ ਕੀਤੀ ਗਈ ਸੀ, ਜਦੋਂ ਸਦੀਪ ਕੁਮਾਰ ਗੁਪਤਾ ਨੇ ਜਵਾਹਰਨਗਰ ਪੁਲਿਸ ਸਟੇਸ਼ਨ ਵਿੱਚ ਆਪਣੀ ਮਾਰੂਤੀ ਜ਼ੈੱਨ ਕਾਰ ਚੋਰੀ ਹੋਣ ਦੀ ਰਿਪੋਰਟ ਦਰਜ ਕਰਵਾਈ ਸੀ। ਇਸ ਦੇ ਨਾਲ ਹੀ, ਮੁਪੇਸ਼ ਸ਼ਰਮਾ ਨੇ ਆਪਣੀ ਸੈਂਟਰੋ ਕਾਰ ਚੋਰੀ ਹੋਣ ਦੀ ਸ਼ਿਕਾਇਤ ਵੀ ਦਰਜ ਕਰਵਾਈ ਸੀ।

ਸਬ ਇੰਸਪੈਕਟਰ ਦਵਿੰਦਰ ਸਿੰਘ ਦੀ ਅਗਵਾਈ ਹੇਠ ਇੱਕ ਵਿਸ਼ੇਸ਼ ਟੀਮ ਬਣਾਈ ਗਈ ਸੀ। ਪੁਲਿਸ ਨੇ ਮਲੋਟ ਦੇ ਚਾਰ ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਜਿਨ੍ਹਾਂ ਦੀ ਪਛਾਣ ਹਰਸ਼ ਪੁੱਤਰ ਰਾਜੇਸ਼ ਖੁਰਾਨਾ (20 ਸਾਲ), ਗੋਵਿੰਦ ਪੁੱਤਰ ਅਨੀਕ ਸਿੰਘ (20 ਸਾਲ), ਅਜੈ ਕੁਮਾਰ ਪੁੱਤਰ ਸ਼ੰਕਰਦਾਸ (22 ਸਾਲ) ਅਤੇ ਚਿਰਾਗ ਪੁੱਤਰ ਰਾਜੇਸ਼ ਖੁਰਾਨਾ (19 ਸਾਲ) ਵਜੋਂ ਹੋਈ।

ਇਹ ਸਾਰੇ ਆਦਰਸ਼ ਨਗਰ, ਏਕਤਾ ਨਗਰ, ਵਾਲਮੀਕੀ ਮੁਹੱਲਾ ਅਤੇ ਮਲੋਟ ਦੇ ਹੋਰ ਹਿੱਸਿਆਂ ਦੇ ਰਹਿਣ ਵਾਲੇ ਹਨ। ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਨੇ ਪੁੱਛਗਿੱਛ ਦੌਰਾਨ ਮੰਨਿਆ ਕਿ ਉਨ੍ਹਾਂ ਨੇ ਹਰਿਆਣਾ, ਰਾਜਸਥਾਨ ਅਤੇ ਪੰਜਾਬ ਤੋਂ ਲਗਭਗ ਡੇਢ ਦਰਜਨ ਤੋਂ ਵੱਧ ਵਾਹਨ ਚੋਰੀ ਕੀਤੇ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਉਹ ਚੋਰੀ ਕੀਤੇ ਵਾਹਨਾਂ ਦੇ ਪੁਰਜ਼ੇ ਵੇਚਣ ਦਾ ਕਾਰੋਬਾਰ ਕਰਦੇ ਸਨ।

ਜਾਂਚ ਮਗਰੋਂ ਸ੍ਰੀ ਗੰਗਾਨਗਰ ਪੁਲਸ ਨੇ ਮਲੋਟ ਤੋਂ ਦੋ ਹੋਰ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ, ਜੋ ਉਕਤ ਗਿਰੋਹ ਤੋਂ ਚੋਰੀ ਕੀਤੇ ਵਾਹਨ ਖਰੀਦਦੇ ਸਨ। ਇਨ੍ਹਾਂ ਦੋਵਾਂ ਮੁਲਜ਼ਮਾਂ ਦੀ ਪਛਾਣ ਜਤਿੰਦਰ ਪੁੱਤਰ ਲਾਲਾ ਰਾਮ (40 ਸਾਲ) ਅਤੇ ਰੋਸ਼ਨ ਪੁੱਤਰ ਰਾਮਦਿਆਲ ਵਜੋਂ ਹੋਈ ਹੈ। ਦੋਵਾਂ ਦੇ ਕਬਜ਼ੇ ਵਿੱਚੋਂ ਚੋਰੀ ਦੀਆਂ ਦੋ ਗੱਡੀਆਂ ਅਤੇ ਸਪੇਅਰ ਪਾਰਟਸ ਬਰਾਮਦ ਕੀਤੇ ਗਏ ਹਨ।

ਡਾ. ਦੁਹਾਨ ਅਨੁਸਾਰ ਇਸ ਗਿਰੋਹ ਦੀ ਸਰਗਰਮੀ ਨੇ ਇਹ ਸਪੱਸ਼ਟ ਕਰ ਦਿੱਤਾ ਹੈ ਕਿ ਮਲੋਟ ਦੇ ਨੌਜਵਾਨ ਸਰਹੱਦ ਪਾਰ ਕਰਕੇ ਦੂਜੇ ਰਾਜਾਂ ਵਿੱਚ ਚੋਰੀਆਂ ਕਰ ਰਹੇ ਹਨ ਅਤੇ ਫਿਰ ਇਨ੍ਹਾਂ ਚੋਰੀ ਕੀਤੀਆਂ ਗੱਡੀਆਂ ਦੇ ਪੁਰਜ਼ੇ ਸਕ੍ਰੈਪ ਡੀਲਰਾਂ ਨੂੰ ਵੇਚ ਰਹੇ ਹਨ। ਪੁਲਸ ਜਾਂਚ ਅਜੇ ਵੀ ਜਾਰੀ ਹੈ ਤਾਂ ਜੋ ਇਸ ਨੈੱਟਵਰਕ ਵਿੱਚ ਸ਼ਾਮਲ ਹੋਰ ਵਿਅਕਤੀਆਂ ਦਾ ਵੀ ਪਰਦਾਫਾਸ਼ ਕੀਤਾ ਜਾ ਸਕੇ।

Read More : 14 ਸਾਲਾ ਬੱਚੇ ਨੇ 8 ਸਾਲਾ ਬੱਚੇ ਨਾਲ ਕੀਤੀ ਬਦਫੈਲੀ

Leave a Reply

Your email address will not be published. Required fields are marked *