ਕਰੀਬ 12 ਲੱਖ ਦੇ 6 ਬੀ. ਟੀ. ਐੱਸ. ਕਾਰਡ ਅਤੇ ਹੋਰ ਸਾਮਾਨ ਬਰਾਮਦ
ਮੋਗਾ, 16 ਸਤੰਬਰ : ਮੋਗਾ ਪੁਲਸ ਵੱਲੋਂ ਗਲਤ ਅਨਸਰਾਂ ਅਤੇ ਚੋਰੀ ਕਰਨ ਵਾਲੇ ਗਿਰੋਹ ਨੂੰ ਫੜਨ ਲਈ ਮੁਹਿੰਮ ਚਲਾਈ ਹੋਈ ਹੈ, ਜਿਸ ਤਹਿਤ ਧਰਮਕੋਟ ਅਤੇ ਕੋਟ ਈਸੇ ਖਾਂ ਪੁਲਸ ਨੇ ਮੋਬਾਈਲ ਟਾਵਰਾਂ ਤੋਂ ਲੱਖਾਂ ਰੁਪਏ ਦੇ ਬੀ. ਟੀ. ਐੱਸ. ਕਾਰਡ ਅਤੇ ਹੋਰ ਸਾਮਾਨ ਚੋਰੀ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼ ਕੀਤਾ ਅਤੇ ਉਨ੍ਹਾਂ ਤੋਂ 12 ਲੱਖ ਰੁਪਏ ਦੇ 6 ਬੀ. ਟੀ. ਐੱਸ. ਕਾਰਡ ਅਤੇ ਹੋਰ ਸਾਮਾਨ ਬਰਾਮਦ ਕੀਤਾ।
ਇਸ ਸਬੰਧੀ ਡੀ. ਐੱਸ. ਪੀ. ਧਰਮਕੋਟ ਜਸਵਰਿੰਦਰ ਸਿੰਘ ਨੇ ਦੱਸਿਆ ਕਿ ਧਰਮਕੋਟ ਪੁਲਸ ਨੂੰ ਦਿੱਤੇ ਸ਼ਿਕਾਇਤ ਪੱਤਰ ਵਿਚ ਪਿੰਡ ਬਹੋਨਾ ਦੇ ਵਸਨੀਕ ਗੁਰਮੇਜ ਸਿੰਘ ਨੇ ਦੱਸਿਆ ਕਿ 9-10 ਸਤੰਬਰ ਦੀ ਰਾਤ ਨੂੰ ਅਣਪਛਾਤੇ ਚੋਰਾਂ ਨੇ ਪਿੰਡ ਕੜਿਆਲ ਅਤੇ ਜਲਾਲਾਬਾਦ ਪੂਰਬੀ ਦੇ ਨਾਲ-ਨਾਲ ਪਿੰਡ ਲੋਹਗੜ੍ਹ ਵਿਚ ਏਅਰਟੈੱਲ ਕੰਪਨੀ ਦੇ ਟਾਵਰਾਂ ਤੋਂ ਬੀ. ਟੀ. ਐੱਸ. ਕਾਰਡ ਚੋਰੀ ਕਰ ਲਏ। ਇਸ ਸਬੰਧੀ ਧਰਮਕੋਟ ਪੁਲਸ ਵੱਲੋਂ ਮਾਮਲਾ ਦਰਜ ਕੀਤਾ ਗਿਆ ਸੀ।
ਇਸੇ ਤਰ੍ਹਾਂ ਅਣਪਛਾਤੇ ਚੋਰਾਂ ਨੇ ਪਿੰਡ ਮਦਾਰਪੁਰ ਅਤੇ ਖੰਭਾ ਵਿਚ ਏਅਰਟੈੱਲ ਅਤੇ ਜੀਓ ਮੋਬਾਈਲ ਟਾਵਰਾਂ ਤੋਂ ਬੀ. ਟੀ. ਐੱਸ. ਕਾਰਡ ਅਤੇ ਹੋਰ ਸਾਮਾਨ ਚੋਰੀ ਕਰ ਲਿਆ। ਉਨ੍ਹਾਂ ਦੱਸਿਆ ਕਿ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਧਰਮਕੋਟ ਥਾਣੇ ਦੇ ਇੰਚਾਰਜ ਇੰਸਪੈਕਟਰ ਗੁਰਮੇਲ ਸਿੰਘ ਅਤੇ ਫਤਿਹਗੜ੍ਹ ਪੰਜਤੂਰ ਥਾਣੇ ਦੀ ਇੰਚਾਰਜ ਸੁਨੀਤਾ ਰਾਣੀ ਨੇ ਤਕਨੀਕੀ ਢੰਗ ਨਾਲ ਵੱਖ-ਵੱਖ ਟੀਮਾਂ ਬਣਾਈਆਂ ਅਤੇ ਉਕਤ ਗਿਰੋਹ ਦਾ ਪਰਦਾਫਾਸ਼ ਕਰਨ ਅਤੇ ਗ੍ਰਿਫ਼ਤਾਰ ਕਰਨ ਲਈ ਇੱਕ ਵਿਸ਼ੇਸ਼ ਮੁਹਿੰਮ ਚਲਾਈ।
ਉਕਤ ਮੁਹਿੰਮ ਤਹਿਤ ਪੁਲਸ ਨੇ ਮੋਬਾਈਲ ਟਾਵਰਾਂ ਤੋਂ ਚੋਰੀ ਦੇ ਮਾਮਲੇ ਵਿਚ ਨਾਮਜ਼ਦ ਸ਼ਾਹਿਦ ਵਾਸੀ ਜੀਰਾ, ਕ੍ਰਿਸ਼ ਵਾਸੀ ਮੱਲੋਕੇ ਜੀਰਾ, ਗੁਰਪ੍ਰੀਤ ਸਿੰਘ ਉਰਫ ਚੀਨਾ ਵਾਸੀ ਚੋਹਲਾ, ਜਸ਼ਨਪ੍ਰੀਤ ਸਿੰਘ ਉਰਫ ਜਸ਼ਨ, ਜਸ਼ਨਦੀਪ ਸਿੰਘ ਉਰਫ ਜਸ਼ਨ ਵਾਸੀ ਪਿੰਡ ਫਤਿਹਗੜ੍ਹ ਪੰਜਤੂਰ, ਦੀਪਕ ਸਿੰਘ ਵਾਸੀ ਬਠਿੰਡਾ ਨੂੰ ਗ੍ਰਿਫ਼ਤਾਰ ਕੀਤਾ ਅਤੇ ਉਨ੍ਹਾਂ ਤੋਂ ਮੋਬਾਈਲ ਟਾਵਰਾਂ ਤੋਂ ਚੋਰੀ ਕੀਤੇ ਲਗਭਗ 12 ਲੱਖ ਰੁਪਏ ਦੇ 6 ਬੀ. ਟੀ. ਐੱਸ. ਕਾਰਡ ਬਰਾਮਦ ਕੀਤੇ।
ਡੀ. ਐੱਸ. ਪੀ. ਜਸਵਰਿੰਦਰ ਸਿੰਘ ਅਤੇ ਥਾਣਾ ਇੰਚਾਰਜ ਇੰਸਪੈਕਟਰ ਗੁਰਮੇਲ ਸਿੰਘ ਨੇ ਦੱਸਿਆ ਕਿ ਕਥਿਤ ਦੋਸ਼ੀਆਂ ਤੋਂ ਪੁੱਛਗਿੱਛ ਦੌਰਾਨ ਉਨ੍ਹਾਂ ਦੱਸਿਆ ਕਿ ਉਹ ਮੋਬਾਈਲ ਟਾਵਰਾਂ ਤੋਂ ਚੋਰੀ ਕੀਤੇ ਬੀ. ਟੀ. ਐੱਸ. ਕਾਰਡ ਬਠਿੰਡਾ ਦੇ ਦੀਪਕ ਸਿੰਘ ਵਾਸੀ ਨੂੰ ਵੇਚਦੇ ਹਨ, ਜਿਸਦੀ ਕਬਾੜ ਦੀ ਦੁਕਾਨ ਹੈ। ਉਨ੍ਹਾਂ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਨੂੰ ਮਾਣਯੋਗ ਅਦਾਲਤ ਵਿਚ ਪੇਸ਼ ਕਰ ਕੇ ਇਕ ਦਿਨ ਦਾ ਪੁਲਸ ਰਿਮਾਂਡ ਹਾਸਲ ਕੀਤਾ ਗਿਆ ਹੈ। ਉਕਤ ਮਾਮਲੇ ਵਿਚ ਸੁਖਦੀਪ ਸਿੰਘ ਵਾਸੀ ਪਿੰਡ ਸ਼ਾਹਵਾਲਾ ਦੀ ਗ੍ਰਿਫ਼ਤਾਰੀ ਅਜੇ ਬਾਕੀ ਹੈ।
ਉਨ੍ਹਾਂ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਸ਼ਾਹਿਦ, ਜਸ਼ਨਦੀਪ ਸਿੰਘ ਉਰਫ਼ ਜਸ਼ਨ, ਦੀਪਕ ਸਿੰਘ ਉਰਫ਼ ਦੀਪੂ ਖ਼ਿਲਾਫ਼ ਪਹਿਲਾਂ ਹੀ ਮਾਮਲੇ ਦਰਜ ਹਨ। ਉਨ੍ਹਾਂ ਕਿਹਾ ਕਿ ਓਪਰੋਕਤ ਮਾਮਲੇ ਵਿਚ ਸੁਖਦੀਪ ਸਿੰਘ ਨੂੰ ਗ੍ਰਿਫ਼ਤਾਰ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਉਸ ਨੂੰ ਜਲਦੀ ਹੀ ਗ੍ਰਿਫ਼ਤਾਰ ਕੀਤੇ ਜਾਣ ਦੀ ਸੰਭਾਵਨਾ ਹੈ। ਧਰਮਕੋਟ ਥਾਣੇ ਦੇ ਇੰਚਾਰਜ ਗੁਰਮੇਲ ਸਿੰਘ ਨੇ ਦੱਸਿਆ ਕਿ ਜਾਂਚ ਤੋਂ ਬਾਅਦ ਜੇਕਰ ਓਪਰੋਕਤ ਮਾਮਲੇ ਵਿਚ ਕੋਈ ਹੋਰ ਮੁਲਜ਼ਮ ਪਾਇਆ ਜਾਂਦਾ ਹੈ ਤਾਂ ਉਸ ਖ਼ਿਲਾਫ਼ ਵੀ ਸਖ਼ਤ ਕਾਰਵਾਈ ਕੀਤੀ ਜਾਵੇਗੀ।
Read More : ਡਿਪਟੀ ਕਮਿਸ਼ਨਰ ਵੱਲੋਂ ਜ਼ਿਲੇ ’ਚ ਹੜ੍ਹਾਂ ਤੋਂ ਬਾਅਦ ਦੀ ਸਥਿਤੀ ਦਾ ਜਾਇਜ਼ਾ