ਪੁਲਿਸ ਨੇ ਹਮਲੇ ’ਚ ਵਰਤੇ ਹਥਿਆਰ ਵੀ ਕੀਤੇ ਬਰਾਮਦ : ਐੱਸ. ਐੱਚ. ਓ. ਬਲਤੇਜ ਸਿੰਘ
ਰਾਮਪੁਰਾ :-ਬੀਤੇ ਦਿਨ ਨੇੜਲੇ ਪਿੰਡ ਸੂਚ ਵਿਖੇ ਸਿਰਫ 5500 ਰੁਪਏ ਬਦਲੇ ਇਕ ਵਿਅਕਤੀ ਦਾ ਕਤਲ ਕਰ ਦਿੱਤਾ। ਥਾਣਾ ਬਾਲਿਆਂਵਾਲੀ ਦੇ ਮੁਖੀ ਬਲਤੇਜ ਸਿੰਘ ਐੱਸ. ਐੱਚ. ਓ. ਨੇ ਦੱਸਿਆ ਕਿ ਜਗਰਾਜ ਸਿੰਘ ਵਾਸੀ ਸੂਚ ਨੇ ਪੁਲਸ ਨੂੰ ਦਿੱਤੇ ਆਪਣੇ ਬਿਆਨਾਂ ’ਚ ਲਿਖਾਇਆ ਕਿ ਉਸ ਦਾ ਵੱਡਾ ਭਰਾ ਜਗਸੀਰ ਸਿੰਘ ਉਰਫ ਰਾਮਾ ਉਸ ਦੇ ਨਾਲ ਇਕੋ ਘਰ ’ਚ ਰਹਿੰਦਾ ਸੀ। ਉਨ੍ਹਾਂ ਦੋਵਾਂ ਦੀ ਸੂਚ ਪਿੰਡ ਦੇ ਬੱਸ ਅੱਡੇ ’ਤੇ ਵਰਕਸ਼ਾਪ ਹੈ, ਕਰੀਬ 6 ਮਹੀਨੇ ਪਹਿਲਾਂ ਜਗਸੀਰ ਸਿੰਘ ਸੀਰਾ ਵਾਸੀ ਸੂਚ ਨੇ ਉਨ੍ਹਾਂ ਤੋਂ ਲਿਫਟ ਵਾਲੀ ਰੇਹੜੀ ਤਿਆਰ ਕਰਵਾਈ ਸੀ, ਜਿਸ ਦੇ ਪੈਸੇ 5500 ਰੁਪਏ ਕਾਫੀ ਦੇਰ ਤੋਂ ਜਗਸੀਰ ਸਿੰਘ ਸੀਰਾ ਨਹੀਂ ਦੇ ਰਿਹਾ ਸੀ।
ਜਗਰਾਜ ਸਿੰਘ ਨੇ ਕਿਹਾ ਕਿ ਪਰਸੋਂ ਜਗਸੀਰ ਸਿੰਘ ਸੀਰਾ ਨੇ ਪੈਸੇ ਦੇਣ ਲਈ ਉਸ ਦੇ ਭਰਾ ਰਾਮਾ ਨੂੰ ਆਪਣੇ ਘਰ ਬੁਲਾਇਆ। ਸ਼ਾਮ ਦੇ ਕਰੀਬ 8 ਵਜੇ ਭਰਾ ਜਗਸੀਰ ਸਿੰਘ ਸੀਰਾ ਦੇ ਘਰ ਜਾਣ ਲੱਗਾ ਤਾਂ ਉਹ ਵੀ ਉਸ ਦੇ ਪਿੱਛੇ-ਪਿੱਛੇ ਚਲਾ ਗਿਆ ਕਿਉਂਕਿ ਉਸ ਨੂੰ ਸ਼ੰਕਾ ਸੀ ਕਿ ਕਿਧਰੇ ਕੋਈ ਲੜਾਈ-ਝਗੜਾ ਨਾ ਹੋ ਜਾਵੇ। ਉਸ ਦਾ ਭਰਾ ਉਨ੍ਹਾਂ ਦੇ ਘਰ ਚਲਾ ਗਿਆ ਤੇ ਉਹ ਬਾਹਰ ਰੁਕ ਗਿਆ।
ਕੁਝ ਦੇਰ ਬਾਅਦ ਉਕਤ ਘਰ ’ਚੋਂ ਰੌਲਾ ਪੈਣ ਦੀਆਂ ਆਵਾਜ਼ਾਂ ਆਉਣ ਲੱਗੀਆਂ। ਜਗਰਾਜ ਸਿੰਘ ਮੁਤਾਬਕ ਜਦੋਂ ਉਸ ਨੇ ਘਰ ’ਚ ਜਾ ਕੇ ਵੇਖਿਆ ਤਾਂ ਜਗਸੀਰ ਸਿੰਘ ਸੀਰਾ ਦੇ ਹੱਥ ’ਚ ਗੰਡਾਸਾ ਸੀ ਅਤੇ ਉਸ ਦੇ ਪਿਤਾ ਬੂਟਾ ਸਿੰਘ ਦੇ ਹੱਥ ’ਚ ਇਕ ਹਥਿਆਰ ਸੀ। ਬੂਟਾ ਸਿੰਘ ਦੀ ਪਤਨੀ ਰਾਣੀ ਕੌਰ ਅਤੇ ਰਾਜਵੀਰ ਸਿੰਘ ਰਾਜੂ ਵੀ ਉਥੇ ਮੌਜੂਦ ਸਨ, ਜੋ ਕਿ ਮਿਲ ਕੇ ਉਸ ਦੇ ਭਰਾ ਦੀ ਕੁੱਟਮਾਰ ਕਰ ਰਹੇ ਸਨ।
ਜੁਗਰਾਜ ਸਿੰਘ ਨੇ ਦੱਸਿਆ ਕਿ ਉਸ ਨੇ ਮਿੰਨਤਾਂ ਕਰ ਕੇ ਆਪਣੇ ਭਰਾ ਨੂੰ ਛੁਡਵਾਇਆ ਅਤੇ ਰਾਮਪੁਰਾ ਫੂਲ ਦੇ ਇਕ ਹਸਪਤਾਲ ’ਚ ਲੈ ਗਿਆ, ਜਿਥੇ ਕੱਲ ਸੱਟਾਂ ਦੀ ਤਾਬ ਨਾ ਝੱਲਦਿਆਂ ਉਸ ਦੇ ਭਰਾ ਦੀ ਮੌਤ ਹੋ ਗਈ।
ਇਸ ਸਬੰਧੀ ਥਾਣਾ ਬਾਲਿਆਂਵਾਲੀ ਦੇ ਮੁਖੀ ਬਲਤੇਜ ਸਿੰਘ ਨੇ ਕਿਹਾ ਕਿ ਉਕਤ ਚਾਰੇ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਕੇ ਜੇਲ ਭੇਜ ਦਿੱਤਾ ਗਿਆ ਹੈ। ਉਨ੍ਹਾਂ ਤੋਂ ਪੁੱਛਗਿੱਛ ਕਰ ਕੇ ਹਮਲੇ ’ਚ ਵਰਤੇ ਹਥਿਆਰ ਵੀ ਬਰਾਮਦ ਕਰਵਾ ਲਏ ਗਏ ਹਨ।