50ਵੇਂ ਦਿਨ ਵਿਚ ਡੱਲੇਵਾਲ ਦਾ ਮਰਨ ਵਰਤ ; ਪਾਣੀ ਵੀ ਨਹੀਂ ਪੱਚ ਰਿਹਾ

ਅੱਜ 111 ਕਿਸਾਨਾਂ ਦਾ ਜੱਥਾ ਮਰਨ ਵਰਤੇ ’ਤੇ ਬੈਠੇਗਾ

ਖਨੌਰੀ – ਖਨੌਰੀ ਕਿਸਾਨ ਮੋਰਚਾ ਉੱਪਰ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ ਅੱਜ 50ਵੇਂ ਦਿਨ ਵਿਚ ਪਹੁੰਚ ਗਿਆ ਹੈ। ਉਧਰੋਂ ਕਿਸਾਨਾਂ ਨੇ ਆਪਣੇ ਸੰਘਰਸ਼ ਨੂੰ ਹੋਰ ਵੱਡਾ ਕਰਦਿਆਂ 15 ਜਨਵਰੀ ਤੋ 111 ਕਿਸਾਨਾਂ ਦੇ ਜਥੇ ਨੂੰ ਮਰਨ ਵਰਤ ’ਤੇ ਬੈਠਾਉਣ ਦਾ ਐਲਾਨ ਕਰ ਦਿੱਤਾ ਹੈ।

ਡਾਕਟਰਾਂ ਅਨੁਸਾਰ ਜਗਜੀਤ ਸਿੰਘ ਡੱਲੇਵਾਲ ਨੂੰ ਪਿਛਲੇ 48 ਘੰਟਿਆਂ ਤੋਂ ਪਾਣੀ ਪੀਣ ਵਿੱਚ ਵੀ ਦਿੱਕਤ ਆ ਰਹੀ ਹੈ। ਉਹ ਜੋ ਵੀ ਪਾਣੀ ਪੀਂਦੇ ਹਨ ਤਾਂ ਉਹ ਉਲਟੀ ਆਉਣ ਨਾਲ ਬਾਹਰ ਨਿਕਲ ਜਾਂਦਾ ਹੈ ਅਤੇ ਉਨ੍ਹਾਂ ਦੇ ਸਰੀਰ ਦੇ ਅੰਗ ਅੰਦਰੋਂ ਕੰਮ ਕਰਨਾ ਬੰਦ ਕਰ ਰਹੇ ਹਨ,ਜਿਸ ਕਾਰਨ ਉਨ੍ਹਾਂ ਦਾ ਸਰੀਰ ਪਾਣੀ ਨੂੰ ਵੀ ਅੰਦਰ ਖਪਾ ਨਹੀਂ ਕਰ ਰਿਹਾ ਹੈ। ਡਾਕਟਰਾਂ ਨੇ ਦੱਸਿਆ ਕਿ ਉਹਨਾ ਦਾ ਸਰੀਰ ਮਲਟੀਪਲ ਆਰਗਨ ਫੇਲਿਉਰ ਵੱਲ ਨੂੰ ਵਧ ਰਿਹਾ ਹੈ, ਜੋ ਕਿ ਬਹੁਤ ਚਿੰਤਾਜਨਕ ਸਥਿਤੀ ਹੈ।

ਕਿਸਾਨ ਆਗੂਆਂ ਨੇ ਦੱਸਿਆ ਕਿ ਅੱਜ ਕਿਸਾਨ ਬਹੁਤ ਹੀ ਭਾਵੁਕ ਹਨ, ਜਿਸ ਕਾਰਨ ਕਿਸਾਨਾਂ ਦਾ ਕਹਿਣਾ ਹੈ ਕਿ ਉਹ ਜਗਜੀਤ ਸਿੰਘ ਡੱਲੇਵਾਲ ਦੀ ਕੁਰਬਾਨੀ ਤੋਂ ਆਪਣੀ ਕੁਰਬਾਨੀ ਦੇਣਗੇ ਅਤੇ 15 ਜਨਵਰੀ ਦੁਪਹਿਰ 2 ਵਜੇ 111 ਕਿਸਾਨਾਂ ਦਾ ਜੱਥਾ ਕਾਲੇ ਕੱਪੜੇ ਪਾ ਕੇ ਪੁਲਿਸ ਦੀ ਬੈਰੀਕੇਡ ਦੇ ਨੇੜੇ ਸਾਂਤਮਈ ਢੰਗ ਨਾਲ ਬੈਠ ਕੇ ਆਪਣਾ ਮਰਨ ਵਰਤ ਸ਼ੁਰੂ ਕਰੇਗਾ।

ਕਿਸਾਨ ਆਗੂਆਂ ਨੇ ਕਿਹਾ ਕਿ  ਗਾਰੰਟੀ ਕਾਨੂੰਨ ਦੇ ਮੁੱਦੇ ’ਤੇ ਅੰਦੋਲਨ ਕਰ ਰਹੇ ਕਿਸਾਨਾਂ ਨਾਲ ਸਾਰਥਕ ਗੱਲਬਾਤ ਕਰਨ ਦੀ ਬਜਾਏ ਭਾਜਪਾ ਦੇ ਕੁੱਝ ਆਗੂ  ਦੇ ਮੁੱਦੇ ’ਤੇ ਲੋਕਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ ਕਰ ਰਹੇ ਹਨ। ਇਸ ਮੌਕੇ ਕਿਸਾਨ ਨੇਤਾਵਾਂ ਨੇ ਆਖਿਆ ਕਿ 26 ਜਨਵਰੀ ਨੂੰ ਦੇਸ਼ ਭਰ ਵਿਚ ਟੈ੍ਰਕਟਰ ਮਾਰਚ ਹੋਵੇਗਾ।

ਡੱਲੇਵਾਲ ਦੇ ਹੱਕ ’ਚ ਹਰਿਆਣਾ ਤੋਂ ਸੈਂਕੜੇ ਕਿਸਾਨਾਂ ਨੇ ਪਹੁੰਚ ਕੇ ਕੀਤੀ ਹੱਕ ਰੈਲੀ

ਅੱਜ ਹਰਿਆਣੇ ਦੇ ਕੈਥਲ ਜਿਲ੍ਹੇ ਤੋਂ ਕਿਸਾਨਾਂ ਦਾ ਇੱਕ ਵੱਡਾ ਜੱਥਾ ਜਗਜੀਤ ਸਿੰਘ ਡੱਲੇਵਾਲ ਦੇ ਸਮਰਥਨ ਵਿੱਚ ਖਨੌਰੀ ਮੋਰਚੇ ਵਿੱਚ ਪਹੁੰਚਿਆ ਅਤੇ ਐਲਾਨ ਕੀਤਾ ਕਿ ਉਹ ਜਗਜੀਤ ਸਿੰਘ ਡੱਲੇਵਾਲ ਦੇ ਮਾਰਗ ‘ਤੇ ਚੱਲ ਰਹੇ ਹਨ ਅਤੇ ਉਨ੍ਹਾਂ ਲਈ ਉਹ ਆਪਣੀ ਕੁਰਬਾਨੀ ਦੇਣ ਲਈ ਤਿਆਰ ਹਨ।  ਅੱਜ ਹਰਿਆਣਾ ਵਪਾਰ ਮੰਡਲ ਦੀ ਸਮੁੱਚੀ ਕਾਰਜਕਾਰਨੀ ਬਜਰੰਗ ਦਾਸ ਗਰਗ ਦੀ ਅਗਵਾਈ ਹੇਠ ਕਿਸਾਨ ਮੋਰਚੇ ਵਿੱਚ ਜਗਜੀਤ ਸਿੰਘ ਡੱਲੇਵਾਲ ਦੀ ਹਮਾਇਤ ਲਈ ਪਹੁੰਚੀ। ਇਸ ਮੌਕੇ ਇਨ੍ਹਾਂ ਕਿਸਾਨਾਂ ਤੇ ਵਪਾਰੀਆਂ ਨੇ ਜਗਜੀਤ ਸਿੰਘ ਡੱਲੇਵਾਲ ਦੇ ਹੱਕ ਵਿਚ ਜੋਰਦਾਰ ਰੋਸ ਰੈਲੀ ਕੀਤੀ।

Leave a Reply

Your email address will not be published. Required fields are marked *