Lawrence Bishnoi gang

ਲਾਰੈਂਸ ਬਿਸ਼ਨੋਈ ਗੈਂਗ ਦੇ 5 ਗੁਰਗੇ ਅਸਲੇ ਸਮੇਤ ਕਾਬੂ

7 ਪਿਸਤੌਲਾਂ, 10 ਮੈਗਜ਼ੀਨ ਅਤੇ 11 ਜ਼ਿੰਦਾ ਕਾਰਤੂਸ ਬਾਰਮਦ

ਪਟਿਆਲਾ, 19 ਜੂਨ : ਪਟਿਆਲਾ ਪੁਲਿਸ ਨੇ ਮੁਸਤੈਦੀ ਵਰਤਦਿਆਂ ਲਾਰੈਂਸ ਬਿਸ਼ਨੋਈ ਗੈਂਗ ਦੇ 5 ਗੁਰਗਿਆਂ ਨੂੰ 30 ਤੇ 32 ਬੋਰ ਦੇ 3-3 ਪਿਸਤੌਲ, 315 ਬੋਰ ਦਾ ਇਕ ਦੇਸੀ ਕੱਟਾ ਅਤੇ 10 ਮੈਗਜ਼ੀਨ ਸਮੇਤ 11 ਜ਼ਿੰਦਾ ਕਾਰਤੂਸਾਂ ਸਮੇਤ ਗ੍ਰਿਫ਼ਤਾਰ ਕੀਤਾ ਹੈ।

ਇਸ ਸਬੰਧੀ ਪੁਲਸ ਲਾਈਨ ਵਿਖੇ ਪ੍ਰੈੱਸ ਕਾਨਫਰੰਸ ਦੌਰਾਨ ਜ਼ਿਲਾ ਪੁਲਿਸ ਮੁਖੀ ਵਰੁਣ ਸਰਮਾ ਨੇ ਦੱਸਿਆ ਕਿ ਪੈਸੇ ਲਈ ਅਪਰਾਧ ਜਗਤ ਨਾਲ ਜੁੜੇ ਇਨ੍ਹਾਂ ਨੌਜਵਾਨਾਂ ਦੀ ਪਛਾਣ ਤੇਜਿੰਦਰ ਸਿੰਘ ਉਰਫ ਫ਼ੌਜੀ ਪੁੱਤਰ ਲਖਵੀਰ ਸਿੰਘ ਵਾਸੀ ਪਿੰਡ ਦੌਣ ਕਲਾਂ, ਰਾਹੁਲ ਕੱਦੂ ਪੁੱਤਰ ਮਹੀਪਾਲ ਸਿੰਘ ਵਾਸੀ ਪਿੰਡ ਬੜਾਉਆ ਯੂ. ਪੀ. ਹਾਲ ਵਾਸੀ ਨੇੜੇ ਜ਼ੀਰਕਪੁਰ, ਵਿਪਲ ਕੁਮਾਰ ਬਿੱਟੂ ਪੁੱਤਰ ਪੂਰਨ ਸਿੰਘ ਵਾਸੀ ਪਿੰਡ ਰਾਮਨਗਰ ਮੇਰਠ ਯੂ. ਪੀ., ਸੁਖਚੈਨ ਸਿੰਘ ਉਰਫ ਸੁੱਖੀ ਪੁੱਤਰ ਅਮਰੀਕ ਸਿੰਘ ਵਾਸੀ ਪਿੰਡ ਸਿਆਲੂ ਘਨੌਰ, ਦੇਵ ਕਰਨ ਪੁੱਤਰ ਮਨੋਜ ਖੰਡੇਵਾਲ ਵਾਸੀ ਪਿੰਡ ਕਲਿਆਣਪੁਰ ਮੇਰਠ ਯੂ. ਪੀ. ਵਜੋਂ ਹੋਈ, ਜਿਹੜੇ ਕੇ ਸੁਪਾਰੀ ਲੈ ਕੇ ਕਤਲ ਤੇ ਹੋਰ ਸੰਗੀਨ ਵਾਰਦਾਤਾਂ ਨੂੰ ਅੰਜਾਮ ਦਿੰਦੇ ਸਨ।

ਐੱਸ. ਐੱਸ. ਪੀ. ਨੇ ਦੱਸਿਆ ਕਿ ਬਰਾਮਦ ਹੋਏ ਨਾਜਾਇਜ਼ ਹਥਿਆਰਾਂ ਦੀ ਵੀ ਉਨ੍ਹਾਂ ਦੀ ਫੈਕਟਰੀ ਤੱਕ ਜਾ ਕੇ ਗੰਭੀਰਤਾ ਨਾਲ ਪੜਤਾਲ ਕੀਤੀ ਜਾਵੇਗੀ। ਉਨ੍ਹਾਂ ਨੇ ਦੱਸਿਆ ਕਿ ਐੱਸ. ਪੀ. ਪੀ. ਬੀ. ਆਈ. ਸਵਰਨਜੀਤ ਕੌਰ ਤੇ ਐੱਸ. ਪੀ. ਸਿਟੀ ਪਲਵਿੰਦਰ ਸਿੰਘ ਚੀਮਾ ਦੀ ਅਗਵਾਈ ਹੇਠ ਡੀ. ਐੱਸ. ਪੀ. ਸਰਕਲ ਦਿਹਾਤੀ ਦੀ ਨਿਗਰਾਨੀ ਹੇਠ ਥਾਣਾ ਸਦਰ ਪਟਿਆਲਾ ਦੇ ਮੁਖੀ ਇੰਸਪੈਕਰ ਅੰਮ੍ਰਿਤਵੀਰ ਸਿੰਘ ਦੀ ਟੀਮ ਦੇ ਮੈਂਬਰ ਤੇ ਚੌਕੀ ਬਹਾਦਰਗੜ੍ਹ ਦੇ ਇੰਚਾਰਜ ਏ. ਐੱਸ. ਆਈ. ਹਰਦੀਪ ਸਿੰਘ ਦੀ ਪੁਲਸ ਪਾਰਟੀ ਨੇ ਇਹ ਗ੍ਰਿਫ਼ਤਾਰੀਆਂ ਬੀ. ਐੱਨ. ਐੱਸ. ਦੀਆਂ ਵੱਖ-ਵੱਖ ਧਾਰਾਵਾਂ ਤਹਿਤ 26 ਮਈ 2025 ਨੂੰ ਦਰਜ ਹੋਏ ਮੁਕੱਦਮੇ ’ਚ ਕੀਤੀਆਂ ਹਨ।

ਐੱਸ. ਐੱਸ. ਪੀ. ਨੇ ਦੱਸਿਆ ਕਿ ਮਿਤੀ 24-05-2025 ਨੂੰ ਪਿੰਡ ਦੌਣ ਕਲਾਂ ਦੇ ਵਾਸੀ ਦਲਵਿੰਦਰ ਸਿੰਘ ਪੁੱਤਰ ਗੁਰਮੇਲ ਸਿੰਘ ’ਤੇ 7/8 ਅਣਪਛਾਤੇ ਵਿਅਕਤੀਆਂ ਨੇ ਮਾਰ ਦੇਣ ਦੀ ਨੀਅਤ ਨਾਲ ਜਾਨਲੇਵਾ ਹਮਲਾ ਕਰ ਕੇ ਉਸਦੀਆਂ ਲੱਤਾਂ ਤੇ ਬਾਹਵਾਂ ’ਤੇ ਤਲਵਾਰਾਂ ਤੇ ਰਾਡਾਂ ਨਾਲ ਵਾਰ ਕੀਤੇ ਗਏ ਸਨ। ਉਸ ਦੇ ਬਿਆਨਾਂ ਦੇ ਅਾਧਾਰ ’ਤੇ ਤੇਜਿੰਦਰ ਸਿੰਘ ਉਰਫ ਫ਼ੌਜੀ ਤੇ ਹੋਰਨਾਂ ਵਿਰੁੱਧ ਮੁਕੱਦਮਾ ਦਰਜ ਕੀਤਾ ਸੀ।

ਉਨ੍ਹਾਂ ਦੱਸਿਆ ਕਿ ਤੇਜਿੰਦਰ ਸਿੰਘ ਫ਼ੌਜੀ, ਜੋ ਪਹਿਲਾਂ ਹੀ ਇਕ ਮੁਕੱਦਮੇ ’ਚ ਸਾਲ 2022 ਤੋਂ ਹੀ ਜੇਲ ਵਿਚ ਬੰਦ ਹੈ, ਨੂੰ ਕੇਂਦਰੀ ਜੇਲ ਫਿਰੋਜ਼ਪੁਰ ਤੋਂ ਪ੍ਰੋਡਕਸਨ ਵਰੰਟ ਹਾਸਲ ਕਰ ਕੇ ਮਿਤੀ 13 ਜੂਨ 2025 ਨੂੰ ਮੁਕੱਦਮੇ ’ਚ ਗ੍ਰਿਫ਼ਤਾਰ ਕੀਤਾ ਸੀ। ਇਸ ਨੇ ਪੁੱਛਗਿੱਛ ’ਚ ਮੰਨਿਆ ਸੀ ਕਿ ਉਸਨੇ ਜੇਲ ’ਚ ਹੁੰਦੇ ਹੋਏ ਸੁਖਚੈਨ ਸਿੰਘ ਸੁੱਖੀ, ਰਾਹੁਲ ਕੱਦੂ, ਵਿਪਲ ਕੁਮਾਰ ਬਿੱਟੂ ਤੇ ਦੇਵ ਕਰਨ ਤੋਂ ਦਲਵਿੰਦਰ ਸਿੰਘ ਦੀ ਕੁੱਟਮਾਰ ਕਰਵਾਈ ਸੀ, ਜਿਸਦੇ ਅਾਧਾਰ ’ਤੇ ਇਨ੍ਹਾਂ ਨੂੰ ਵੀ ਨਾਮਜ਼ਦ ਕੀਤਾ ਗਿਆ ਅਤੇ ਉਸੇ ਦਿਨ ਸੁਖਚੈਨ ਸਿੰਘ ਉਰਫ ਸੁੱਖੀ ਅਤੇ ਰਾਹੁਲ ਉਰਫ ਕੱਦੂ ਨੂੰ ਗ੍ਰਿਫਤਾਰ ਕੀਤਾ ਗਿਆ।

ਤਫਤੀਸ ’ਚ ਵਿਪਲ ਕੁਮਾਰ ਬਿੱਟੂ ਅਤੇ ਦੇਵ ਕਰਨ ਨੇ ਦੱਸਿਆ ਕਿ ਲੜਾਈ ਵਾਲੇ ਦਿਨ ਉਨ੍ਹਾਂ ਕੋਲ ਇਕ ਪਿਸਤੌਲ 32 ਬੋਰ ਤੇ 7 ਕਾਰਤੂਸ ਜ਼ਿੰਦਾ, 2 ਮੈਗਜ਼ੀਨ ਅਤੇ ਇਕ ਦੇਸੀ ਕੱਟਾ ਨਾਜਾਇਜ਼ 315 ਬੋਰ ਸਮੇਤ 1 ਕਾਰਤੂਸ ਜ਼ਿੰਦਾ ਸੀ, ਜਿਨ੍ਹਾਂ ਨੂੰ ਉਨ੍ਹਾਂ ਨੇ ਝਗੜੇ ਬਾਅਦ ਰਾਜਾ ਫਾਰਮ ਬਹਾਦਰਗੜ੍ਹ ਨੇੜੇ ਕਿਸੇ ਜਗ੍ਹਾ ਦੱਬ ਦਿੱਤਾ ਸੀ, ਇਨ੍ਹਾਂ ਨੂੰ ਵੀ ਬਰਾਮਦ ਕਰ ਲਿਆ ਹੈ।
ਐੱਸ. ਐੱਸ. ਪੀ. ਨੇ ਦੱਸਿਆ ਕਿ ਪੁੱਛਗਿੱਛ ਤੋਂ ਸਾਹਮਣੇ ਆਇਆ ਕਿ ਇਹ ਅਸਲਾ ਮੱਧ ਪ੍ਰਦੇਸ਼ ਤੋਂ ਸਸਤੇ ਭਾਅ ਲਿਆ ਕੇ ਮੰਗ ਅਨੁਸਾਰ ਮਹਿੰਗੇ ਰੇਟ ’ਤੇ ਵੇਚਦੇ ਹਨ। ਇਨ੍ਹਾਂ ਨੇ ਮੰਨਿਆ ਕਿ ਲੜਾਈ ਤੋਂ ਪਹਿਲਾਂ ਉਹ 5 ਹੋਰ ਅਸਲੇ ਕਿਸੇ ਹੋਰ ਬੇਅਬਾਦ ਜਗ੍ਹਾ ’ਤੇ ਦੱਬੇ ਸਨ, ਜਿਨ੍ਹਾਂ ਨੂੰ ਵੀ 18.06.2025 ਨੂੰ 03 ਨਾਜਾਇਜ਼ ਅਸਲੇ 30 ਬੋਰ ਪਿਸਤੌਲ ਅਤੇ 02 ਨਾਜਾਇਜ਼ ਅਸਲੇ 32 ਬੋਰ ਪਿਸਤੌਲ ਸਮੇਤ 08 ਮੈਗਜ਼ੀਨ ਅਤੇ 03 ਜ਼ਿੰਦਾ ਕਾਰਤੂਸ ਬਰਮਾਦ ਕੀਤੇ ਗਏ ਤੇ ਇਨ੍ਹਾਂ ਦਾ ਅਦਾਲਤ ਤੋਂ ਰਿਮਾਂਡ ਲੈਕੇ ਪੁੱਛਗਿੱਛ ਕੀਤੀ ਜਾ ਰਹੀ ਹੈ।

ਉਕਤ ਹਮਲੇ ਦੀ ਵਜ੍ਹਾ ਰੰਜਿਸ਼ ਦੱਸਦੇ ਹੋਏ ਐੱਸ. ਐੱਸ. ਪੀ. ਵਰੁਣ ਸ਼ਰਮਾ ਨੇ ਕਿਹਾ ਕਿ ਭਿੰਦਾ ਕਤਲ ਕੇਸ ’ਚ ਤੇਜਿੰਦਰ ਸਿੰਘ ਉਰਫ ਫ਼ੌਜੀ ਧਿਰ ਮ੍ਰਿਤਕ ਭਿੰਦਾ ਦੇ ਪਰਿਵਾਰ ’ਤੇ ਰਾਜ਼ੀਨਾਮਾ ਕਰਨ ਲਈ ਦਬਾਅ ਬਣਾ ਰਹੇ ਸਨ ਅਤੇ ਦਲਵਿੰਦਰ ਸਿੰਘ, ਜੋ ਕਿ ਮ੍ਰਿਤਕ ਭਿੰਦਾ ਦਾ ਦੋਸਤ ਸੀ, ਉਹ ਭਿੰਦੇ ਦੇ ਪਰਿਵਾਰ ਨੂੰ ਰਾਜ਼ੀਨਾਮਾ ਨਾ ਕਰਨ ਸਬੰਧੀ ਰੋਕ ਰਿਹਾ ਸੀ, ਜਿਸ ਕਰ ਕੇ ਤੇਜਿੰਦਰ ਸਿੰਘ ਉਰਫ ਫ਼ੌਜੀ ਨੇ ਰੰਜਿਸ਼ ਰੱਖਦੇ ਹੋਏ ਦਲਵਿੰਦਰ ਸਿੰਘ ’ਤੇ ਹਮਲਾ ਕਰਵਾਇਆ ਸੀ।

ਐੱਸ. ਐੱਸ. ਪੀ. ਨੇ ਹੋਰ ਦੱਸਿਆ ਕਿ ਤੇਜਿੰਦਰ ਸਿੰਘ ਉਰਫ ਫ਼ੌਜੀ ਅਤੇ ਰਾਹੁਲ ਉਰਫ ਕੱਦੂ ਇੱਕਠੇ ਜੇਲ ’ਚ ਰਹੇ ਹਨ, ਜਿੱਥੋਂ ਇਹ ਸਾਰੇ ਅੱਗੇ ਇਕ ਦੂਜੇ ਦੇ ਜਾਣਕਾਰਾਂ ਰਾਹੀ ਸੰਪਰਕ ’ਚ ਆਏ ਤੇ ਲਾਰੈਂਸ ਬਿਸ਼ਨੋਈ ਗਰੁੱਪ ਨਾਲ ਸਬੰਧ ਰੱਖਦੇ ਹਨ ਤੇ ਜੇਲ ’ਚੋਂ ਹੀ ਗੱਲਬਾਤ ਕਰ ਕੇ, ਯੋਜਨਾ ਬਣਾ ਕਰ ਸਾਰੀਆ ਘਟਨਾਵਾਂ ਨੂੰ ਅੰਜਾਮ ਦਿੰਦੇ ਹਨ।

ਉਨ੍ਹਾਂ ਕਿਹਾ ਕਿ ਇਨ੍ਹਾਂ ਨੇ ਹੁਣ ਵੀ ਸੂਬੇ ਤੇ ਪਟਿਆਲਾ ਅਤੇ ਹੋਰ ਕਈ ਥਾਵਾ ’ਤੇ ਰੈਕੀ ਕੀਤੀ ਹੋਈ ਸੀ ਅਤੇ ਕਈ ਟਾਰਗੇਟ ਕਿਲਿੰਗ ਦੀਆਂ ਘਟਨਾਵਾਂ ਨੂੰ ਅੰਜਾਮ ਦੇਣਾ ਸੀ। ਇਨ੍ਹਾਂ ਨੇ ਭਿੰਦਾ ਕਤਲ ਕੇਸ 38/22 ਥਾਣਾ ਅਰਬਨ ਅਸਟੇਟ ਪਟਿਆਲਾ ਦੇ ਅਹਿਮ ਗਵਾਹ ਦੀ ਵੀ ਰੈਕੀ ਕੀਤੀ ਗਈ ਸੀ ਅਤੇ ਜੇਕਰ ਇਨ੍ਹਾਂ ਦੀ ਗ੍ਰਿਫ਼ਤਾਰੀ ’ਤੇ ਅਸਲੇ ਦੀ ਬਰਾਮਦਗੀ ਨਾ ਹੁੰਦੀ ਤਾਂ ਇਨ੍ਹਾਂ ਨੇ ਕਈ ਘਟਨਾਵਾ ਨੂੰ ਅੰਜਾਮ ਦੇ ਕੇ ਮਾਹੌਲ ਖਰਾਬ ਕਰਨਾ ਸੀ।

ਐੱਸ. ਐੱਸ. ਪੀ. ਨੇ ਦੱਸਿਆ ਕਿ ਤੇਜਿੰਦਰ ਸਿੰਘ ਫ਼ੌਜੀ ਵਿਰੁੱਧ ਜ਼ਿਲੇ ਦੇ ਵੱਖ-ਵੱਖ ਥਾਣਿਆਂ ’ਚ ਅੱਧੀ ਦਰਜਨ ਤੋਂ ਵਧੇਰੇ ਮੁਕੱਦਮੇ ਦਰਜ ਸਨ। ਰਾਹੁਲ ਉਰਫ ਕੱਦੂ ਪੁੱਤਰ ਮਹੀਪਾਲ ਸਿੰਘ ਖ਼ਿਲਾਫ਼ ਵੀ ਦੋ ਮੁਕੱਦਮੇ ਦਰਜ ਸਨ। ਵਿਪਲ ਕੁਮਾਰ ਉਰਫ ਬਿੱਟੂ ਪੁੱਤਰ ਪੂਰਨ ਸਿੰਘ ਵਿਰੁੱਧ ਇੱਕ ਮੁੱਕਦਮਾ ਦਰਜ ਹੈ ਪ੍ਰੰਤੂ ਸੁਖਚੈਨ ਸਿੰਘ ਸੁੱਖੀ ਤੇ ਦੇਵ ਕਰਨ ਵਿਰੁੱਧ ਪਹਿਲਾਂ ਕੋਈ ਮੁੱਕਦਮਾ ਦਰਜ ਨਹੀਂ ਹੈ।

Read More : ਇਰਾਨ-ਇਜ਼ਰਾਈਲ ਜੰਗ ; ਪਾਵਨ ਸਰੂਪ ਲਿਆਉਣ ਦਾ ਪ੍ਰਬੰਧ ਕਰੇ ਭਾਰਤ ਸਰਕਾਰ :ਪ੍ਰਧਾਨ ਧਾਮੀ

Leave a Reply

Your email address will not be published. Required fields are marked *