4 ਪਿਸਤੌਲ ਅਤੇ ਕਾਰਤੂਸ ਬਰਾਮਦ
ਨਵਾਂਸ਼ਹਿਰ, 1 ਦਸੰਬਰ : ਜ਼ਿਲਾ ਪੁਲਸ ਨੇ ਦੋ ਵੱਖ-ਵੱਖ ਮਾਮਲਿਆਂ ’ਚ ਬੱਬਰ ਖਾਲਸਾ ਇੰਟਰਨੈਸ਼ਨਲ (ਬੀ. ਕੇ. ਆਈ.) ਅੱਤਵਾਦੀ ਸਮੂਹ ਨਾਲ ਸਬੰਧਤ 3 ਮੁਲਜ਼ਮਾਂ ਸਮੇਤ ਪੰਜ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਕੇ 4 ਪਿਸਤੌਲ, 26 ਜ਼ਿੰਦਾ ਕਾਰਤੂਸ, 2 ਮੈਗਜ਼ੀਨ ਅਤੇ ਬਾਈਕ ਬਰਾਮਦ ਕੀਤੀ ਹੈ।
ਐੱਸ. ਐੱਸ. ਪੀ. ਤੁਸ਼ਾਰ ਗੁਪਤਾ ਨੇ ਦੱਸਿਆ ਕਿ ਸੀ. ਆਈ. ਏ. ਸਟਾਫ ਨਵਾਂਸ਼ਹਿਰ ’ਚ ਤਾਇਨਾਤ ਏ. ਐੱਸ. ਆਈ. ਨਿਰਮਲ ਸਿੰਘ ਦੀ ਪੁਲਸ ਪਾਰਟੀ ਬੱਸ ਸਟੈਂਡ ਢਾਹਾਂ ਵਿਖੇ ਮੌਜੂਦ ਸੀ ਤਾਂ ਗੁਪਤ ਸੂਚਨਾ ਮਿਲੀ ਕਿ ਲਵਪ੍ਰੀਤ ਮਾਹੀ ਉਰਫ਼ ਲਵੀ ਪੁੱਤਰ ਰਾਮ ਲਾਲ ਵਾਸੀ ਪਿੰਡ ਜੰਡਿਆਲਾ, ਥਾਣਾ ਸਦਰ ਬੰਗਾ, ਯੁਵਰਾਜ ਉਰਫ਼ ਯੂਵੀ ਪੁੱਤਰ ਵਿਨੋਦ ਕੁਮਾਰ, ਨਵਜੋਤ ਸਿੰਘ ਉਰਫ਼ ਜੋਤ ਪੁੱਤਰ ਸੁੱਚਾ ਸਿੰਘ ਵਾਸੀ ਖਟਕੜਕਲਾਂ, ਜਸਪ੍ਰੀਤ ਬੈਂਸ ਉਰਫ਼ ਜੱਸੀ ਪੁੱਤਰ ਲਹਿਬਰ ਦਾਸ ਵਾਸੀ ਜੰਡਿਆਲਾ ਅਤੇ ਗੋਲਡੀ ਪੁੱਤਰ ਮਲਕੀਤ ਸਿੰਘ ਵਾਸੀ ਜੰਡਿਆਲਾ, ਜੋ ਕਿ ਗੈਰ-ਕਾਨੂੰਨੀ ਹਥਿਆਰ ਰੱਖਣ ਦੇ ਆਦੀ ਹਨ ਅਤੇ ਪੰਜਾਬ ’ਚ ਵੱਖ-ਵੱਖ ਥਾਵਾਂ ’ਤੇ ਅਪਰਾਧ ਕਰ ਚੁੱਕੇ ਹਨ। ਅੱਜ ਲਵਪ੍ਰੀਤ ਮਾਹੀ ਉਰਫ਼ ਲਵੀ, ਯੁਵਰਾਜ ਉਰਫ਼ ਯੂਵੀ ਅਤੇ ਨਵਜੋਤ ਸਿੰਘ ਉਰਫ਼ ਜੋਤ ਮੋਟਰਸਾਈਕਲ ’ਤੇ ਪਿੰਡ ਜੰਡਿਆਲਾ ਤੋਂ ਹਥਿਆਰਾਂ ਨਾਲ ਕੋਈ ਅਪਰਾਧ ਕਰਨ ਜਾ ਰਹੇ ਹਨ।
ਐੱਸ. ਐੱਸ. ਪੀ. ਗੁਪਤਾ ਨੇ ਦੱਸਿਆ ਕਿ ਸੂਚਨਾ ਦੇ ਆਧਾਰ ’ਤੇ ਪੁਲਸ ਨੇ ਕਾਰਵਾਈ ਕਰਦਿਆਂ ਯੁਵਰਾਜ ਉਰਫ਼ ਯੂਵੀ, ਨਵਜੋਤ ਸਿੰਘ ਉਰਫ਼ ਜੋਤ ਅਤੇ ਲਵਪ੍ਰੀਤ ਮਾਹੀ ਉਰਫ਼ ਲਵੀ ਨੂੰ ਗ੍ਰਿਫ਼ਤਾਰ ਕਰ ਕੇ ਉਨ੍ਹਾਂ ਦੇ ਕਬਜ਼ੇ ’ਚੋਂ ਪਾਕਿਸਤਾਨ ’ਚ ਬਣੇ 3 ਪਿਸਤੌਲ, 10 ਜ਼ਿੰਦਾ ਕਾਰਤੂਸ ਅਤੇ ਇਕ ਬਾਈਕ ਬਰਾਮਦ ਕੀਤੀ।
ਮੁਲਜ਼ਮਾਂ ਤੋਂ ਪੁੱਛਗਿੱਛ ਦੌਰਾਨ ਪਤਾ ਲੱਗਿਆ ਹੈ ਕਿ ਉਕਤ ਮੁਲਜ਼ਮਾਂ ਨੇ ਯੂ. ਕੇ. ’ਚ ਰਹਿਣ ਵਾਲੇ ਮਲਕੀਤ ਸਿੰਘ ਮਹਿਮੀ ਮੂੂਲ ਵਾਸੀ ਜੰਡਿਆਲਾ ਅਤੇ ਪਰਮਿੰਦਰ ਸਿੰਘ ਉਰਫ ਪ੍ਰਭੂ ਯੂ. ਐੱਸ. ਏ., ਜੋ ਬੱਬਰ ਖਾਲਸਾ ਇੰਟਰਨੈਸ਼ਨਲ ਨਾਲ ਜੁੜੇ ਹਨ, ਦੇ ਇਸ਼ਾਰੇ ’ਤੇ ਬਹਿਰਾਮ ’ਚ ਇਕ ਫੈਕਟਰੀ ਦੇ ਬਾਹਰ ਫਾਇਰਿੰਗ ਕੀਤੀ ਸੀ। ਉਨ੍ਹਾਂ ਦੱਸਿਆ ਕਿ ਉਕਤ ਫਾਇਰਿੰਗ ਪਿੱਛੇ ਇਰਾਦਾ ਫੈਕਟਰੀ ਮਾਲਕ ਨੂੰ ਡਰਾ ਕੇ ਯੂ. ਕੇ. ’ਚ ਬੈਠੇ ਮਲਕੀਤ ਸਿੰਘ ਨੇ ਫਿਰੌਤੀ ਲੈਣੀ ਸੀ।
ਐੱਸ. ਐੱਸ. ਪੀ. ਨੇ ਦੱਸਿਆ ਕਿ ਪੁਲਸ ਨੇ ਵਿਦੇਸ਼ ’ਚ ਬੈਠੇ ਮਲਕੀਤ ਮਹਿਮੀ ਅਤੇ ਪਰਮਿੰਦਰ ਸਿੰਘ ਉਰਫ ਪ੍ਰਭੂ ਨੂੰ ਵੀ ਇਸ ਮਾਮਲੇ ’ਚ ਨਾਮਜ਼ਦ ਕੀਤਾ ਹੈ। ਗ੍ਰਿਫ਼ਤਾਰ ਮੁਲਜ਼ਮਾਂ ਨੂੰ ਅਦਾਲਤ ’ਚ ਪੇਸ਼ ਕਰਕੇੇ ਤਿੰਨ ਦਿਨਾਂ ਦੇ ਪੁਲਸ ਰਿਮਾਂਡ ’ਤੇ ਲਿਆ ਗਿਆ ਹੈ।
3 ਲੱਖ ਦੀ ਫਿਰੌਤੀ ਮੰਗਣ ਵਾਲੇ 2 ਮੁਲਜ਼ਮ ਵੀ ਕਾਬੂ
ਇਸੇ ਤਰ੍ਹਾਂ ਪੁਲਸ ਨੇ ਬਲਾਚੌਰ ਪੁਲਸ ਸਟੇਸ਼ਨ ਦੇ ਅਧਿਕਾਰ ਖੇਤਰ ਅਧੀਨ ਆਉਂਦੇ ਪਿੰਡ ਬਕਾਪੁਰ ਦੇ ਰਹਿਣ ਵਾਲੇ ਗੁਰਮੀਤ ਸਿੰਘ ਦਾ ਕਤਲ ਕਰਨ ਆਏ 2 ਮੁਲਜ਼ਮਾਂ ਨੂੰ ਇਕ 32 ਬੋਰ ਪਿਸਤੌਲ, ਦੋ ਮੈਗਜ਼ੀਨ ਅਤੇ 16 ਜ਼ਿੰਦਾ ਕਾਰਤੂਸਾਂ ਸਮੇਤ ਗ੍ਰਿਫ਼ਤਾਰ ਕੀਤਾ ਹੈ।
ਐੱਸ. ਐੱਸ. ਪੀ. ਨੇ ਦੱਸਿਆ ਕਿ ਪਿਛਲੇ ਦਿਨ ਅਤਿੰਦਰ ਪਾਲ ਸਿੰਘ ਪੁੱਤਰ ਗੁਰਮੀਤ ਸਿੰਘ ਵਾਸੀ ਪਿੰਡ ਬਕਾਪੁਰ ਥਾਣਾ ਬਲਾਚੌਰ ਨੇ ਐੱਸ. ਐੱਚ. ਓ. ਬਿਕਰਮ ਸਿੰਘ ਨੂੰ ਸੂਚਿਤ ਕੀਤਾ ਸੀ ਕਿ ਦੋ ਵਿਅਕਤੀ ਹਥਿਆਰਾਂ ਨਾਲ ਲੈਸ ਹੋ ਕੇ ਉਸ ਦੇ ਘਰ ’ਚ ਦਾਖਲ ਹੋਏ ਸਨ। ਉਹ ਗੁਰਮੀਤ ਸਿੰਘ ਨੂੰ ਬਾਹਰ ਕੱਢਣ ਦੀ ਮੰਗ ਕਰ ਰਹੇ ਸਨ, ਜਿਸ ਨੂੰ ਉਹ ਜਾਨੋਂ ਮਾਰਨਾ ਚਾਹੁੰਦੇ ਸਨ।
ਐੱਸ. ਐੱਸ. ਪੀ. ਨੇ ਦੱਸਿਆ ਕਿ ਪਰਿਵਾਰ ਵੱਲੋਂ ਰੌਲਾ ਪਾਉਣ ਅਤੇ ਆਲੇ-ਦੁਆਲੇ ਦੇ ਲੋਕਾਂ ਦੇ ਇਕੱਠੇ ਹੋਣ ਤੋਂ ਬਾਅਦ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਗਿਆ। ਉਨ੍ਹਾਂ ਦੱਸਿਆ ਕਿ ਬਲਾਚੌਰ ਪੁਲਸ ਸਟੇਸ਼ਨ ਨੇ ਆਰਮਜ਼ ਐਕਟ ਤਹਿਤ ਕੇਸ ਦਰਜ ਕਰ ਕੇ ਮੁਲਜ਼ਮ ਗਗਨਦੀਪ ਸਿੰਘ ਉਰਫ਼ ਗਗਨੀ ਪੁੱਤਰ ਸੁਰਜੀਤ ਸਿੰਘ ਅਤੇ ਹਰਮਨ ਸਿੰਘ ਉਰਫ਼ ਹੰਮੂ ਪੁੱਤਰ ਸੁਖਵਿੰਦਰ ਸਿੰਘ, ਵਾਸੀ ਪਿੰਡ ਪੱਤੀ ਫਲੀਆ ਦੀ, ਖਡੂਰ ਸਾਹਿਬ ਥਾਣਾ ਗੋਇੰਦਵਾਲ, ਜ਼ਿਲਾ ਤਰਨਤਾਰਨ ਨੂੰ ਗ੍ਰਿਫ਼ਤਾਰ ਕਰ ਕੇ ਉਨ੍ਹਾਂ ਦੇ ਕਬਜ਼ੇ ’ਚੋਂ ਇਕ 32 ਬੋਰ ਦਾ ਪਿਸਤੌਲ, ਦੋ ਮੈਗਜ਼ੀਨ ਅਤੇ 16 ਜ਼ਿੰਦਾ ਕਾਰਤੂਸ ਬਰਾਮਦ ਕੀਤੇ ਗਏ। ਮੁਲਜ਼ਮਾਂ ਨੂੰ ਅੱਜ ਅਦਾਲਤ ’ਚ ਪੇਸ਼ ਕੀਤਾ ਗਿਆ ਅਤੇ ਦੋ ਦਿਨਾਂ ਦੇ ਪੁਲਸ ਰਿਮਾਂਡ ’ਤੇ ਭੇਜ ਦਿੱਤਾ ਗਿਆ।
Read More : ਅੱਧੀ ਰਾਤ ਪੁਲਸ ਦੀ ਰੇਡ, ਹੋਟਲ ਮਾਲਕ ਸਮੇਤ 9 ਗ੍ਰਿਫ਼ਤਾਰ
