Punjab-DGP

ਭਾਜਪਾ ਦਫ਼ਤਰ ’ਤੇ ਗ੍ਰੇਨੇਡ ਹਮਲੇ ਦੇ ਮਾਮਲੇ ਵਿਚ 5 ਮੁਲਜ਼ਮ ਗ੍ਰਿਫ਼ਤਾਰ

ISI ਦੀ ਸ਼ਹਿ ‘ਤੇ ਪੁਰਤਗਾਲ ਤੇ ਜਰਮਨੀ ਤੋਂ ਚੱਲ ਰਿਹਾ ਸੀ ਨੈੱਟਵਰਕ : ਡੀ.ਜੀ.ਪੀ. ਗੌਰਵ ਯਾਦਵ

ਚੰਡੀਗੜ੍ਹ, 4 ਅਪ੍ਰੈਲ : ਪੰਜਾਬ ਪੁਲਸ ਦੇ ਕਾਊਂਟਰ ਇੰਟੈਲੀਜੈਂਸ ਵਿੰਗ ਅਤੇ ਚੰਡੀਗੜ੍ਹ ਪੁਲਸ ਨੇ ਇੱਕ ਸਾਂਝੇ ਆਪ੍ਰੇਸ਼ਨ ਦੌਰਾਨ ਚੰਡੀਗੜ੍ਹ ਦੇ ਸੈਕਟਰ-37 ਸਥਿਤ ਭਾਜਪਾ ਦਫ਼ਤਰ ‘ਤੇ ਹੋਏ ਗ੍ਰੇਨੇਡ ਹਮਲੇ ਦੇ ਮਾਮਲੇ ਨੂੰ ਹੱਲ ਕਰ ਲਿਆ ਹੈ। ਪੁਲਸ ਨੇ ਇਸ ਹਮਲੇ ਵਿੱਚ ਸ਼ਾਮਲ 5 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਨ੍ਹਾਂ ਕੋਲੋਂ ਇੱਕ ਹੈਂਡ ਗ੍ਰੇਨੇਡ, ਇੱਕ .30 ਬੋਰ ਦੀ ਜਿਗਾਨਾ ਪਿਸਤੌਲ ਅਤੇ ਜ਼ਿੰਦਾ ਕਾਰਤੂਸ ਬਰਾਮਦ ਕੀਤੇ ਗਏ ਹਨ। ਡੀ.ਜੀ.ਪੀ. ਗੌਰਵ ਯਾਦਵ ਨੇ ਸ਼ਨੀਵਾਰ ਨੂੰ ਇਸ ਸਬੰਧੀ ਜਾਣਕਾਰੀ ਸਾਂਝੀ ਕੀਤੀ।

ਫੜੇ ਗਏ ਮੁਲਜ਼ਮਾਂ ਦੀ ਪਛਾਣ ਬਲਵਿੰਦਰ ਲਾਲ ਉਰਫ਼ ਸ਼ੰਮੀ (ਮਾਜਰੀ), ਜਸਵੀਰ ਸਿੰਘ ਉਰਫ਼ ਜੱਸੀ (ਭਰਾਪੁਰ), ਚਰਨਜੀਤ ਸਿੰਘ ਉਰਫ਼ ਚੰਨੀ (ਸੁਜਾਵਲਪੁਰ), ਰੂਬਲ ਚੌਹਾਨ (ਠਾਣਾ, ਸ਼ਿਮਲਾ) ਅਤੇ ਮਨਦੀਪ ਉਰਫ਼ ਅਭਿਜੋਤ ਸ਼ਰਮਾ (ਧੂਰੀ) ਵਜੋਂ ਹੋਈ ਹੈ।

ਡੀ.ਜੀ.ਪੀ. ਨੇ ਦੱਸਿਆ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਇਸ ਮਾਡਿਊਲ ਨੂੰ ਪਾਕਿਸਤਾਨ ਦੀ ਖੁਫੀਆ ਏਜੰਸੀ ISI ਦੀ ਹਮਾਇਤ ਹਾਸਲ ਸੀ। ਇਹ ਮੁਲਜ਼ਮ ਪੁਰਤਗਾਲ ਅਤੇ ਜਰਮਨੀ ਵਿੱਚ ਬੈਠੇ ਵਿਦੇਸ਼ੀ ਹੈਂਡਲਰਾਂ ਦੇ ਇਸ਼ਾਰੇ ‘ਤੇ ਕੰਮ ਕਰ ਰਹੇ ਸਨ। ਇਹ ਇੱਕ ਵੱਡਾ ਨੈੱਟਵਰਕ ਸੀ ਜਿਸ ਵਿੱਚ ਕਈ ਛੋਟੇ ਗਰੁੱਪ ਸ਼ਾਮਲ ਸਨ। ਹਮਲੇ ਵਿੱਚ ਸ਼ਾਮਲ ਦੋ ਮੁੱਖ ਮੁਲਜ਼ਮਾਂ ਦੀ ਪਛਾਣ ਵੀ ਕਰ ਲਈ ਗਈ ਹੈ।

ਏ.ਆਈ.ਜੀ. ਦੀਪਕ ਪਾਰਿਕ ਨੇ ਦੱਸਿਆ ਕਿ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਹੈਂਡ ਗ੍ਰੇਨੇਡ ਅਤੇ ਹਥਿਆਰਾਂ ਦੀ ਖੇਪ ਕਈ ਹੱਥਾਂ ਵਿੱਚੋਂ ਹੁੰਦੀ ਹੋਈ ਅੰਤਿਮ ਮੁਲਜ਼ਮਾਂ ਤੱਕ ਪਹੁੰਚੀ ਸੀ। ਪੁਰਤਗਾਲ ਸਥਿਤ ਹੈਂਡਲਰ ਨੇ ਹੀ ਇਸ ਸਾਰੇ ਹਮਲੇ ਦਾ ਤਾਲਮੇਲ ਕੀਤਾ ਸੀ। ਫਿਲਹਾਲ ਪੁਲਸ ਫ਼ਰਾਰ ਮੁਲਜ਼ਮਾਂ ਨੂੰ ਫੜਨ ਲਈ ਛਾਪੇਮਾਰੀ ਕਰ ਰਹੀ ਹੈ ਅਤੇ ਐਸ.ਐਸ.ਓ.ਸੀ. (SSOC) ਪੁਲਸ ਸਟੇਸ਼ਨ ਵਿੱਚ ਮਾਮਲਾ ਦਰਜ ਕਰ ਲਿਆ ਗਿਆ ਹੈ।

Read More : ਕੁਦਰਤ ਦੀ ਮਾਰ: ਪੰਜਾਬ ‘ਚ ਮੀਂਹ ਤੇ ਗੜੇਮਾਰੀ ਨੇ ਖੇਤਾਂ ‘ਚ ਵਿਛਾਈ ਕਣਕ

Leave a Reply

Your email address will not be published. Required fields are marked *