32 ਬੋਰ ਦੇ ਪੰਜ ਦੇਸੀ ਪਿਸਤੌਲ ਅਤੇ ਚਾਰ ਕਾਰਤੂਸ ਬਰਾਮਦ
ਨੂਰਪੁਰਬੇਦੀ, 14 ਸਤੰਬਰ : ਜ਼ਿਲਾ ਰੂਪਨਗਰ ਵਿਚ ਨੂਰਪੁਰਬੇਦੀ ਪੁਲਿਸ ਨੇ ਪੰਜ ਵਿਅਕਤੀਆਂ ਵਿਰੁੱਧ ਅਸਲਾ ਐਕਟ ਤਹਿਤ ਮਾਮਲਾ ਦਰਜ ਕਰ ਕੇ ਉਨ੍ਹਾਂ ਤੋਂ 32 ਬੋਰ ਦੇ ਪੰਜ ਦੇਸੀ ਪਿਸਤੌਲ ਤੇ ਚਾਰ ਕਾਰਤੂਸ ਬਰਾਮਦ ਕੀਤੇ ਹਨ।
ਐੱਸ. ਐੱਸ. ਪੀ. ਗੁਲਨੀਤ ਸਿੰਘ ਖੁਰਾਣਾ ਨੇ ਦੱਸਿਆ ਕਿ ਕਾਊਂਟਰ ਇੰਟੈਲੀਜੈਂਸ ਪੰਜਾਬ ਤੋਂ ਗੁਪਤ ਸੂਚਨਾ ਮਿਲੀ ਸੀ ਕਿ ਬਲਜੀਤ ਸਿੰਘ ਪੁੱਤਰ ਸ਼ੀਤਲ ਸਿੰਘ ਵਾਸੀ ਪਿੰਡ ਨੂਰਪੁਰ ਖੁਰਦ ਤੇ ਉਸ ਦੇ ਚਾਰ ਸਾਥੀ ਲੁੱਟ-ਖੋਹ ਦੀ ਵਾਰਦਾਤ ਨੂੰ ਅੰਜਾਮ ਦੇਣ ਦੀ ਤਿਆਰੀ ਕਰ ਰਹੇ ਹਨ, ਜਿਸ ਦੇ ਆਧਾਰ ‘ਤੇ ਮਾਮਲਾ ਦਰਜ ਕਰ ਕੇ ਨੂਰਪੁਰਬੇਦੀ ਪੁਲਿਸ ਪਾਰਟੀ ਨੇ ਬਲਜੀਤ ਸਿੰਘ ਸਮੇਤ ਇੰਦਰਪ੍ਰੀਤ ਸਿੰਘ ਪੁੱਤਰ ਗੋਰੀ ਸ਼ੰਕਰ ਵਾਸੀ ਪਿੰਡ ਨੂਰਵਾਲਾ ਨੂੰ ਸ਼ਿਵਪੁਰੀ ਚੌਕ ਥਾਣਾ ਮੇਹਰਵਾਂ ਜ਼ਿਲ੍ਹਾ ਲੁਧਿਆਣਾ, ਵਿਜੇ ਪੁੱਤਰ ਮਲਕੀਤ ਸਿੰਘ ਵਾਸੀ 307, ਗਗਨਦੀਪ ਕਾਲੋਨੀ ਜਲੰਧਰ ਬਾਈਪਾਸ ਚੌਕ ਲੁਧਿਆਣਾ, ਦੀਪਕ ਪੁੱਤਰ ਮੰਗਾ ਵਾਸੀ ਗਗਨਦੀਪ ਕਾਲੋਨੀ ਜਲੰਧਰ ਬਾਈਪਾਸ ਚੌਕ ਲੁਧਿਆਣਾ ਨੂੰ ਗ੍ਰਿਫ਼ਤਾਰ ਕੀਤਾ।
ਉਨ੍ਹਾਂ ਦੱਸਿਆ ਕਿ ਇਕ ਵਿਅਕਤੀ ਰਾਜੂ ਪੁੱਤਰ ਪੱਪੂ ਵਾਸੀ ਅਮਰ ਨਗਰ ਭੇਰੋ ਲੁਧਿਆਣਾ ਮੌਕੇ ਤੋਂ ਫ਼ਰਾਰ ਹੋ ਗਿਆ ਸੀ। ਇਨ੍ਹਾਂ ਚਾਰਾਂ ਮੁਲਜ਼ਮਾਂ ਤੋਂ 32 ਬੋਰ ਦੇ ਦੋ ਦੇਸੀ ਪਿਸਤੌਲ ਤੇ ਚਾਰ ਕਾਰਤੂਸ ਬਰਾਮਦ ਕੀਤੇ ਗਏ ਹਨ।
ਉਨ੍ਹਾਂ ਦੱਸਿਆ ਕਿ ਜਾਂਚ ਦੌਰਾਨ ਥਾਣਾ ਨੂਰਪੁਰਬੇਦੀ ਦੀ ਪੁਲਿਸ ਪਾਰਟੀ ਨੇ ਰਾਜੂ ਪੁੱਤਰ ਪੱਪੂ ਵਾਸੀ ਅਮਰ ਨਗਰ ਭੇਰੋ ਲੁਧਿਆਣਾ ਨੂੰ ਵੀ ਗ੍ਰਿਫ਼ਤਾਰ ਕੀਤਾ ਸੀ ਤੇ ਉਸ ਕੋਲੋਂ 32 ਬੋਰ ਦਾ ਇਕ ਦੇਸੀ ਪਿਸਤੌਲ ਬਰਾਮਦ ਕੀਤਾ ਗਿਆ ਸੀ। ਮੁਲਜ਼ਮ ਤੋਂ ਪੁੱਛਗਿੱਛ ਦੌਰਾਨ 32 ਬੋਰ ਦੇ 2 ਹੋਰ ਦੇਸੀ ਪਿਸਤੌਲ ਬਰਾਮਦ ਕੀਤੇ ਗਏ ਸਨ। ਅਦਾਲਤ ਤੋਂ ਇਨ੍ਹਾਂ ਮੁਲਜ਼ਮਾਂ ਦਾ ਪੁਲਿਸ ਰਿਮਾਂਡ ਹਾਸਲ ਕਰ ਲਿਆ ਗਿਆ ਹੈ। ਇਨ੍ਹਾਂ ਮੁਲਜ਼ਮਾਂ ਤੋਂ ਪੁੱਛਗਿੱਛ ਜਾਰੀ ਹੈ, ਜਿਸ ਕਾਰਨ ਹੋਰ ਖੁਲਾਸੇ ਹੋਣ ਦੀ ਸੰਭਾਵਨਾ ਹੈ।
Read More : ਸੋਮਵਾਰ ਨੂੰ ਪੰਜਾਬ ਆਉਣਗੇ ਰਾਹੁਲ ਗਾਂਧੀ