5 ਲੱਖ ਨਕਦੀ ਅਤੇ ਸਾਢੇ ਤਿੰਨ ਤੋਲੇ ਸੋਨਾ ਚੋਰੀ ਕਰਨ ਵਾਲਾ 6 ਘੰਟਿਆਂ ’ਚ ਅੜਿੱਕੇ

ਜ਼ਿਲਾ ਫਰੀਦਕੋਟ ਦੇ ਪਿੰਡ ਘੋਨੀਵਾਲਾ ਵਿਖੇ ਹੋਈ ਚੋਰੀ ਦੇ ਮਾਮਲੇ ’ਚ ਪੁਲਸ ਨੇ ਕੁਝ ਹੀ ਘੰਟਿਆਂ ’ਚ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਹੈ।

ਇਹ ਜਾਣਕਾਰੀ ਡਾ. ਪ੍ਰਾਗਿਆ ਜੈਨ ਐੱਸ. ਐੱਸ. ਪੀ. ਨੇ ਦੱਸਿਆ ਕਿ ਬੀਤੀ 31 ਜਨਵਰੀ ਦੀ ਸ਼ਾਮ ਨੂੰ ਰਵਦੀਪ ਸਿੰਘ ਪੁੱਤਰ ਸੁਖਵਿੰਦਰ ਸਿੰਘ ਵਾਸੀ ਪਿੰਡ ਘੋਨੀਵਾਲਾ ਨੇ ਪੁਲਸ ਨੂੰ ਸੂਚਨਾ ਦਿੱਤੀ ਕਿ ਜਦੋ ਉਹ ਅਤੇ ਉਸਦਾ ਪਰਿਵਾਰ ਆਪਣੇ ਸਟੋਰ ਤੋਂ ਘਰ ਵਾਪਿਸ ਆਏ ਤਾਂ ਉਹਨਾਂ ਵੇਖਿਆ ਕਿ ਘਰ ਦੀ ਲੌਬੀ ਵਾਲੀ ਬਾਰੀ ਦਾ ਸ਼ੀਸ਼ਾ ਟੁੱਟਿਆ ਹੋਇਆ ਸੀ ਅਤੇ ਦਰਵਾਜੇ ਖੁੱਲੇ੍ਹ ਪਏ ਸਨ। ਉਹਨਾਂ ਦੱਸਿਆ ਕਿ ਸ਼ਿਕਾਇਤਕਰਤਾ ਅਨੁਸਾਰ ਘਰ ਦਾ ਸਾਰਾ ਸਮਾਨ ਖਿੱਲਰਿਆ ਪਿਆ ਸੀ ਅਤੇ ਜਦੋਂ ਉਸਨੇ ਜਾਂਚ ਕੀਤੀ ਤਾਂ ਪਤਾ ਲੱਗਾ ਸੀ ਕਿ ਉਸਦੇ ਘਰ ਦੀ ਅਲਮਾਰੀ ਵਿਚ ਲੱਗੇ ਸੇਫ ਵਿੱਚੋਂ 5 ਲੱਖ ਰੁਪਏ ਨਕਦ ਅਤੇ ਕਰੀਬ ਸਾਢੇ ਤਿੰਨ ਤੋਲੇ ਸੋਨਾ ਚੋਰੀ ਹੋ ਚੁੱਕਾ ਸੀ ,ਜਿਸ’ਤੇ ਪੁਲਸ ਵੱਲੋਂ ਮੁਕੱਦਮਾ ਥਾਣਾ ਸਦਰ ਵਿਖੇ ਦਰਜ ਕਰ ਲਿਆ ਗਿਆ ਸੀ।

ਡਾ. ਪ੍ਰਗਿਆ ਜੈਨ ਐਸ. ਐਸ. ਪੀ. ਨੇ ਦੱਸਿਆ ਕਿ ਇਸ ਮਾਮਲੇ ਨੂੰ ਸੁਲਝਾਉਣ ਲਈ ਜਸਮੀਤ ਸਿੰਘ ਸਾਹੀਵਾਲ ਐਸ. ਪੀ. (ਇਨਵੈਸਟੀਗੇਸ਼ਨ) ਅਤੇ ਤਰਲੋਚਨ ਸਿੰਘ ਡੀ. ਐਸ. ਪੀ. (ਸ: ਡ) ਦੀ ਰਹਿਨੁਮਾਈ ਹੇਠ ਗਠਿੱਤ ਕੀਤੀਆਂ ਵੱਖ-ਵੱਖ ਪੁਲਸ ਟੀਮਾਂ ਨਾਲ ਸਰਚ ਟੀਮਾਂ ਅਤੇ ਡਾਗ ਸਕੁਆਡ ਟੀਮਾਂ ਨੂੰ ਵੀ ਸ਼ਾਮਲ ਕੀਤਾ ਗਿਆ ਅਤੇ ਇਸਦੇ ਸਿੱਟੇ ਵਜੋਂ ਤਕਨੀਕੀ ਇਨਪੁੱਟ ਦੇ ਅਧਾਰ ’ਤੇ ਇੰਸਪੈਕਟਰ ਗੁਰਦਿੱਤਾ ਸਿੰਘ ਮੁੱਖ ਅਫਸਰ ਥਾਣਾ ਸਦਰ ਫਰੀਦਕੋਟ ਅਤੇ ਇੰਸਪੈਕਟਰ ਅਮਰਿੰਦਰ ਸਿੰਘ ਇੰਚਾਰਜ ਸੀ.ਆਈ.ਏ ਅਤੇ ਸ:ਥ: ਜਸਪਾਲ ਸਿੰਘ ਵੱਲੋਂ ਇਸ ਕੇਸ ਨੂੰ ਮਹਿਜ 6 ਘੰਟਿਆ ਵਿੱਚ ਹੀ ਸੁਲਝਾ ਲਿਆ ਗਿਆ।

ਉਹਨਾਂ ਦੱਸਿਆ ਕਿ ਪੁਲਸ ਪਾਰਟੀ ਵੱਲੋਂ ਮੁਕੱਦਮੇ ਦੇ ਦੋਸ਼ੀ ਗੁਰਪਿਆਰ ਸਿੰਘ ਪੁੱਤਰ ਰੁਪਿੰਦਰ ਸਿੰਘ ਵਾਸੀ ਪੱਖੀ ਖੁਰਦ (ਫ਼ਰੀਦਕੋਟ) ਨੂੰ ਚੋਰੀ ਕੀਤੇ 5 ਲੱਖ ਰੁਪਏ ਅਤੇ ਸੋਨੇ ਸਮੇਤ ਗ੍ਰਿਫਤਾਰ ਕਰ ਲਿਆ ਗਿਆ ਹੈ।

ਉਹਨਾਂ ਕਿਹਾ ਕਿ ਪੁਲਸ ਪ੍ਰਸਾਸ਼ਨ ਲੋਕਾਂ ਦੇ ਜਾਨੋਮਾਲ ਦੀ ਸੁਰੱਖਿਆ ਅਤੇ ਮਾਡ਼ੇ ਅੰਨਸਰਾਂ ਨੂੰ ਨਕੇਲ ਪਾਉਣ ਲਈ ਹਮੇਸ਼ਾਂ ਹੀ ਤਤਪਰ ਰਹੇਗੀ।

Leave a Reply

Your email address will not be published. Required fields are marked *