5 ਏਕੜ ਜ਼ਮੀਨ ਏਜੰਟ ਦੇ ਨਾਂ ਕਰਵਾ ਕੇ ਅਮਰੀਕਾ ਗਿਆ ਸੀ ਦਲਜੀਤ : ਪਰਿਵਾਰ

ਟਾਂਡਾ ਉੜਮੁੜ :- ਅਮਰੀਕਾ ਤੋਂ ਡਿਪੋਰਟ ਕੀਤੇ ਗਏ ਭਾਰਤੀਆਂ ਵਿਚੋਂ ਟਾਂਡਾ ਇਲਾਕੇ ਦੇ 6 ਦੱਸੇ ਜਾ ਰਹੇ ਹਨ। ਇਨ੍ਹਾਂ ਨੌਜਵਾਨਾਂ ਦੇ ਨਾਂ ਮਨਪ੍ਰੀਤ ਸਿੰਘ ਵਾਸੀ ਮਿਆਣੀ, ਦਲਜੀਤ ਸਿੰਘ ਵਾਸੀ ਕੁਰਾਲਾ ਕਲਾਂ, ਦਵਿੰਦਰ ਸਿੰਘ ਵਾਸੀ ਨੰਗਲੀ, ਸੁਖਵਿੰਦਰ ਸਿੰਘ ਵਾਸੀ ਮੂਨਕ ਕਲਾਂ, ਹਰਮਨਪ੍ਰੀਤ ਸਿੰਘ ਵਾਸੀ ਚੌਹਾਨਾਂ ਅਤੇ ਹਰਪ੍ਰੀਤ ਸਿੰਘ ਵਾਸੀ ਮੁਹੱਲਾ ਬਾਰਾਂਦਰੀ ਟਾਂਡਾ ਦੱਸੇ ਜਾ ਰਹੇ ਹਨ।

ਪਿੰਡ ਕੁਰਾਲਾ ਕਲਾਂ ਵਾਸੀ ਦਲਜੀਤ ਸਿੰਘ ਦੇ ਪਿਤਾ ਪ੍ਰੀਤਮ ਸਿੰਘ ਅਤੇ ਪਤਨੀ ਕਮਲਪ੍ਰੀਤ ਕੌਰ ਨੇ ਦੱਸਿਆ ਕਿ ਦਲਜੀਤ ਲਗਭਗ 3 ਵਰ੍ਹੇ ਪਹਿਲਾਂ ਉਹ ਅਮਰੀਕਾ ਜਾਣ ਲਈ ਘਰੋਂ ਨਿਕਲਿਆ ਸੀ। ਟਰੈਵਲ ਏਜੰਟ ਨੇ ਉਸਦੀ ਸਿੱਧੀ ਅਮਰੀਕਾ ਦੀ ਫਲਾਈਟ ਕਰਵਾਉਣ ਲਈ ਲਗਭਗ 40 ਲੱਖ ਰੁਪਏ ਵਿਚ ਸੌਦਾ ਕਰ ਕੇ ਉਸਦੀ ਲਗਭਗ 5 ਏਕੜ ਜ਼ਮੀਨ ਆਪਣੇ ਨਾਂ ਕਰਵਾ ਲਈ।

ਉਨ੍ਹਾਂ ਦੀ ਇਕ ਮਹੀਨਾ ਪਹਿਲਾਂ ਹੀ ਦਲਜੀਤ ਨਾਲ ਗੱਲ ਹੋਈ ਸੀ, ਉਹ ਫਲਾਈਟ ਰਾਹੀਂ ਅਮਰੀਕਾ ਜਾਣ ਦੀ ਬਜਾਏ ਡੌਂਕੀ ਲਗਾ ਕੇ ਉੱਥੇ ਪਹੁੰਚਿਆ ਸੀ। ਹੁਣ ਉਨ੍ਹਾਂ ਨੂੰ ਅਮਰੀਕਾ ਤੋਂ ਉਸਦੀ ਵਾਪਸੀ ਦੀ ਸੂਚਨਾ ਮਿਲੀ ਹੈ। ਉਨ੍ਹਾਂ ਆਖਿਆ ਕਿ ਉਹ ਆਰਥਿਕ ਰੂਪ ਵਿਚ ਤਬਾਹ ਹੋ ਚੁੱਕੇ ਹਨ।

ਕੁਝ ਇਸ ਤਰ੍ਹਾਂ ਦੀ ਕਹਾਣੀ ਵੀ ਅੱਜ ਤੋਂ ਪਹਿਲਾਂ ਡਿਪੋਰਟ ਕੀਤੇ ਪੰਜਾਬੀਆਂ ਦੀ ਸੀ ਅਤੇ ਹੁਣ ਘਰਾਂ ਨੂੰ ਆ ਰਹੇ ਪੰਜਾਬੀਆਂ ਦੀ ਵੀ ਹੈ। ਜੋ ਟਰੈਵਲ ਏਜੰਟਾਂ ਦੀ ਜਾਅਲਸਾਜ਼ੀ ਦਾ ਸ਼ਿਕਾਰ ਹੋ ਕੇ ਡੌਂਕੀ ਲਗਾ ਕੇ ਗੈਰ-ਕਾਨੂੰਨੀ ਤਰੀਕੇ ਨਾਲ ਅਮਰੀਕਾ ਦਾਖਲ ਹੋਏ ਸਨ।

Leave a Reply

Your email address will not be published. Required fields are marked *