smugglers arrested

ਪਾਕਿਸਤਾਨ ਤੋਂ ਮੰਗਵਾਏ ਹਥਿਆਰਾਂ ਨਾਲ 4 ਸਮੱਗਲਰ ਗ੍ਰਿਫਤਾਰ

ਅੱਧਾ ਕਿੱਲੋ ਹੈਰੋਇਨ ਤੇ ਇਕ ਕਿਲੋ ਅਫੀਮ ਵੀ ਬਰਾਮਦ

ਫਿਰੋਜ਼ਪੁਰ, 11 ਨਵੰਬਰ : ਫਿਰੋਜ਼ਪੁਰ ਪੁਲਸ ਨੇ ਹੈਰੋਇਨ ਅਤੇ ਪਾਕਿਸਤਾਨ ਤੋਂ ਹਥਿਆਰ ਮੰਗਵਾਉਣ ਵਾਲੇ 4 ਸਮੱਗਲਰਾਂ ਨੂੰ ਗ੍ਰਿਫਤਾਰ ਕੀਤਾ ਹੈ, ਜਿੰਨਾ ਤੋਂ 532 ਗ੍ਰਾਮ ਹੈਰੋਇਨ, ਇਕ ਮੋਬਾਈਲ ਫੋਨ, 1 ਕਿਲੋਗ੍ਰਾਮ 50 ਗ੍ਰਾਮ ਅਫੀਮ, 9 ਐੱਮ. ਐੱਮ. ਦੇ 4 ਗਲੌਕ ਪਿਸਤੌਲ, ਮੈਗਜ਼ੀਨ, ਜ਼ਿੰਦਾ ਕਾਰਤੂਸ ਅਤੇ ਇਕ ਪੰਜਾਬ ਨੰਬਰ ਦਾ ਮੋਟਰਸਾਈਕਲ ਬਰਾਮਦ ਕੀਤਾ ਗਿਆ ਹੈ।

ਐੱਸ. ਐੱਸ. ਪੀ. ਫਿਰੋਜ਼ਪੁਰ ਭੁਪਿੰਦਰ ਸਿੰਘ ਸਿੱਧੂ ਨੇ ਦੱਸਿਆ ਕਿ ਸੀ. ਆਈ. ਏ. ਸਟਾਫ ਜ਼ੀਰਾ ਦੇ ਇੰਚਾਰਜ ਗੁਰਮੀਤ ਸਿੰਘ ਦੀ ਅਗਵਾਈ ’ਚ 4 ਗਲੌਕ ਪਿਸਤੌਲਾਂ ਸਮੇਤ ਗ੍ਰਿਫਤਾਰ ਕੀਤੇ ਗਏ ਸਮੱਗਲਰਾਂ ਤੋਂ ਪੁੱਛਗਿੱਛ ਦੌਰਾਨ ਖੁਲਾਸਾ ਹੋਇਆ ਕਿ ਉਹ ਪਾਕਿਸਤਾਨ ਤੋਂ ਸਿਕੰਦਰ ਨਾਂ ਦੇ ਇਕ ਸਮੱਗਲਰ ਤੋਂ ਹਥਿਆਰ ਮੰਗਵਾਉਂਦੇ ਸਨ।

ਉਨਾਂ ਨੇ ਮੰਨਿਆ ਕਿ ਉਹ ਪਹਿਲਾਂ ਵੀ ਇਸ ਪਾਕਿਸਤਾਨੀ ਸਮੱਗਲਰ ਤੋਂ 2 ਪਿਸਤੌਲ ਮੰਗਵਾ ਕੇ ਅੱਗੇ ਸਪਲਾਈ ਕਰ ਚੁੱਕੇ ਹਨ ਅਤੇ ਡਰੋਨ ਰਾਹੀਂ ਉਨ੍ਹਾਂ ਨੇ ਮਮਦੋਟ ਖੇਤਰ ’ਚ ਇਕ ਏ.ਕੇ. 47 ਰਾਈਫਲ ਵੀ ਮੰਗਵਾਈ ਸੀ, ਜਿਸ ਸਬੰਧੀ ਜੁਲਾਈ ’ਚ ਪੁਲਸ ਨੇ ਥਾਣਾ ਮਮਦੋਟ ’ਚ ਅਣਪਛਾਤੇ ਵਿਅਕਤੀ ਖਿਲਾਫ ਮਾਮਲਾ ਦਰਜ ਕੀਤਾ ਸੀ।

ਐੱਸ. ਐੱਸ. ਪੀ. ਫਿਰੋਜ਼ਪੁਰ ਨੇ ਦੱਸਿਆ ਕਿ ਗਸ਼ਤ ਦੌਰਾਨ ਥਾਣਾ ਸਦਰ ਫਿਰੋਜ਼ਪੁਰ ਦੇ ਐੱਸ. ਐੱਚ. ਓ. ਇੰਸਪੈਕਟਰ ਗੁਰਵਿੰਦਰ ਸਿੰਘ ਦੀ ਅਗਵਾਈ ਹੇਠ ਪੁਲਸ ਨੇ ਦੁਲਚੀ ਕੇ ਏਰੀਆ ’ਚ ਬੱਗਾ ਸਿੰਘ ਪੁੱਤਰ ਮੱਖਣ ਸਿੰਘ ਵਾਸੀ ਪਿੰਡ ਪਛਾੜੀਆਂ ਨੂੰ ਗ੍ਰਿਫਤਾਰ ਕਰ ਕੇ ਉਸ ਕੋਲੋਂ 532 ਗ੍ਰਾਮ ਹੈਰੋਇਨ ਬਰਾਮਦ ਕੀਤੀ, ਜਦੋਂ ਕਿ ਥਾਣਾ ਮੱਲਾਂਵਾਲਾ ਦੀ ਪੁਲਸ ਨੇ ਏ. ਐੱਸ. ਆਈ. ਲਖਵਿੰਦਰ ਸਿੰਘ ਦੀ ਅਗਵਾਈ ਹੇਠ ਨਵਜੀਤ ਸਿੰਘ ਉਰਫ ਲਵ ਪੁੱਤਰ ਜਸਵੰਤ ਸਿੰਘ ਵਾਸੀ ਪਿੰਡ ਛੀਹਾਂ ਪਾੜੀ ਨੂੰ ਪਿੰਡ ਸੁੰਨਵਾਂ ਲਿੰਕ ਰੋਡ ’ਤੇ ਗ੍ਰਿਫਤਾਰ ਕਰ ਕੇ ਉਸ ਕੋਲੋਂ 1 ਕਿਲੋ 50 ਗ੍ਰਾਮ ਅਫੀਮ ਬਰਾਮਦ ਕੀਤੀ।

ਸੀ. ਆਈ. ਏ. ਸਟਾਫ ਜ਼ੀਰਾ ਦੇ ਇੰਚਾਰਜ ਗੁਰਮੀਤ ਸਿੰਘ ਅਤੇ ਏ. ਐੱਸ. ਆਈ. ਬੋਹੜ ਸਿੰਘ ਦੀ ਅਗਵਾਈ ਹੇਠ ਗੁਪਤ ਸੂਚਨਾ ਦੇ ਆਧਾਰ ’ਤੇ ਕਾਰਵਾਈ ਕਰਦਿਆਂ ਪੁਲਸ ਨੇ ਗੁਰਪ੍ਰੀਤ ਸਿੰਘ ਉਰਫ ਗੋਰੀ ਪੁੱਤਰ ਮਹਿੰਦਰ ਸਿੰਘ ਵਾਸੀ ਰੁਹੇਲਾ ਹਾਜੀ ਉਰਫ ਬੁਰਜੀ ਥਾਣਾ ਮਮਦੋਟ ਅਤੇ ਵਿਕਰਮਜੀਤ ਸਿੰਘ ਉਰਫ ਵਿੱਕੀ ਪੁੱਤਰ ਜੋਗਿੰਦਰ ਸਿੰਘ ਵਾਸੀ ਜੱਲਾ ਲੱਖੇ ਹਿਥਾੜ (ਜਲਾਲਾਬਾਦ) ਨੂੰ ਪੰਜਾਬ ਨੰਬਰ ਦੇ ਮੋਟਰਸਾਈਕਲ ’ਤੇ ਆਉਂਦਿਆਂ ਨੂੰ 9 ਐੱਮ. ਐੱਮ. 2 ਗਲੌਕ ਪਿਸਤੌਲ, ਮੈਗਜ਼ੀਨ ਅਤੇ ਕਾਰਤੂਸਾਂ ਸਮੇਤ ਗ੍ਰਿਫਤਾਰ ਕੀਤਾ ।

ਵਿਕਰਮਜੀਤ ਸਿੰਘ ਤੋਂ ਪੁੱਛਗਿੱਛ ਦੌਰਾਨ ਇਹ ਖੁਲਾਸਾ ਹੋਇਆ ਕਿ ਉਸ ਦੇ ਪਾਕਿਸਤਾਨੀ ਸਮੱਗਲਰ ਸਿਕੰਦਰ ਨਾਲ ਸਬੰਧ ਹਨ ਅਤੇ ਆਪਣੇ ਨੈੱਟਵਰਕ ਰਾਹੀਂ ਉਸ ਨੇ ਪਾਕਿਸਤਾਨ ਤੋਂ ਏ.ਕੇ.-47 ਰਾਈਫਲਾਂ ਵੀ ਮੰਗਵਾਈਆਂ ਸਨ। ਵਿਕਰਮ ਸਿੰਘ ਉਰਫ ਵਿੱਕੀ ਦੀ ਨਿਸ਼ਾਨਦੇਹੀ ’ਤੇ ਪੁਲਸ ਨੇ 2 ਹੋਰ 9 ਐੱਮ. ਐੱਮ. ਗਲੌਕ ਪਿਸਤੌਲ ਅਤੇ ਮੈਗਜ਼ੀਨ ਬਰਾਮਦ ਕੀਤੇ ਹਨ।

Read More : ਪੀ.ਯੂ. ਸੈਨੇਟ ਚੋਣਾਂ ਦਾ ਐਲਾਨ ਕਰਵਾਉਣ ਲਈ ਇਕਜੁੱਟ ਹੋ ਕੇ ਲੜਨ ਦੀ ਲੋੜ : ਪ੍ਰਗਟ ਸਿੰਘ

Leave a Reply

Your email address will not be published. Required fields are marked *