2 ਪਿਸਤੌਲ, 2 ਮੈਗਜ਼ੀਨ ਅਤੇ 7 ਕਾਰਤੂਸ ਬਰਾਮਦ
ਗੈਂਗਸਟਰ ਵਿਰੁੱਧ 25 ਤੋਂ ਵੱਧ ਮਾਮਲੇ ਦਰਜ
ਗੁਰਦਾਸਪੁਰ, 18 ਜੂਨ -: ਗੁਰਦਾਸਪੁਰ ਸਦਰ ਪੁਲਸ ਨੇ ਬੱਬਰੀ ਹਾਈ-ਟੈਕ ਨਾਕੇ ’ਤੇ ਇਕ ਕਾਰ ਸਵਾਰ ਏ-ਕੈਟਾਗਰੀ ਦੇ ਇਕ ਗੈਂਗਸਟਰ ਸਮੇਤ 4 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ, ਜਿਨ੍ਹਾਂ ਤੋਂ 2 ਦੇਸੀ ਪਿਸਤੌਲ, 2 ਮੈਗਜ਼ੀਨ ਅਤੇ 7 ਕਾਰਤੂਸ ਬਰਾਮਦ ਕੀਤੇ। ਮੁਲਜ਼ਮ ਗੈਂਗਸਟਰ ਵਿਰੁੱਧ ਅੰਮ੍ਰਿਤਸਰ ਜ਼ਿਲੇ ’ਚ ਕਤਲ, ਡਕੈਤੀ, ਅਸਲਾ ਐਕਟ ਅਤੇ ਐੱਨ. ਡੀ. ਪੀ. ਐੱਸ. ਐਕਟ ਤਹਿਤ 25 ਤੋਂ ਵੱਧ ਮਾਮਲੇ ਦਰਜ ਹਨ ਅਤੇ ਉਹ ਇਸ ਸਮੇਂ ਜ਼ਮਾਨਤ ’ਤੇ ਹੈ।
ਇਸ ਸਬੰਧੀ ਜ਼ਿਲਾ ਪੁਲਸ ਮੁਖੀ ਗੁਰਦਾਸਪੁਰ ਆਦਿੱਤਿਆ ਨੇ ਦੱਸਿਆ ਕਿ ਗੁਰਦਾਸਪੁਰ ਸਦਰ ਪੁਲਸ ਸਟੇਸ਼ਨ ’ਚ ਤਾਇਨਾਤ ਸਹਾਇਕ ਸਬ ਇੰਸਪੈਕਟਰ ਮਲਕੀਅਤ ਸਿੰਘ ਨੇ ਪੁਲਸ ਪਾਰਟੀ ਨਾਲ ਬੱਬਰੀ ਬਾਈਪਾਸ ਹਾਈਟੈਕ ਨਾਕੇ ’ਤੇ ਵਿਸ਼ੇਸ਼ ਨਾਕਾਬੰਦੀ ਕੀਤੀ ਸੀ। ਇਸ ਦੌਰਾਨ ਅੰਮ੍ਰਿਤਸਰ ਵਾਲੇ ਪਾਸਿਓਂ ਇਕ ਕਾਰ ਨੰਬਰ ਪੀਬੀ-02 ਸੀਵੀ-2741 ਨੂੰ ਰੋਕਿਆ ਗਿਆ।
ਕਾਰ ’ਚ ਸਵਾਰ ਚਾਰ ਨੌਜਵਾਨਾਂ ਨੇ ਆਪਣੀ ਪਛਾਣ ਰਾਜਬੀਰ ਸਿੰਘ ਪੁੱਤਰ ਬੱਗਾ ਸਿੰਘ, ਗੁਰਸ਼ਰਨਪ੍ਰੀਤ ਸਿੰਘ ਪੁੱਤਰ ਜਸਬੀਰ ਸਿੰਘ ਵਾਸੀ ਕੋਟਲੀ ਥਾਣਾ ਰਾਜਾਸਾਂਸੀ, ਗੁਰਵੰਤ ਸਿੰਘ ਪੁੱਤਰ ਬਲਦੇਵ ਸਿੰਘ ਵਾਸੀ ਭੋਪਾਰਾਏ ਖੁਰਦ ਜ਼ਿਲਾ ਅੰਮ੍ਰਿਤਸਰ ਅਤੇ ਗੁਰਸ਼ੇਕ ਸਿੰਘ ਪੁੱਤਰ ਗੁਰਮੀਤ ਸਿੰਘ ਵਾਸੀ ਲਾਹੌਰੀਮਲ ਥਾਣਾ ਘੋਰਿੰਡਾ ਵਜੋਂ ਦਿੱਤੀ।
ਆਦਿੱਤਿਆ ਨੇ ਦੱਸਿਆ ਕਿ ਜਦੋਂ ਇਨ੍ਹਾਂ ਨੌਜਵਾਨਾਂ ਦੀ ਸ਼ੱਕ ਦੇ ਆਧਾਰ ’ਤੇ ਤਲਾਸ਼ੀ ਲਈ ਤਾਂ ਮੁਲਜ਼ਮ ਰਾਜਬੀਰ ਸਿੰਘ ਤੋਂ ਿੲਕ ਿਪਸਤੌਲ ਬਿਨਾਂ ਮਾਰਕਾ ਸਮੇਤ ਮੈਗਜ਼ੀਨ ਅਤੇ 4 ਕਾਰਤੂਸ ਬਰਾਮਦ ਹੋਏ। ਜਦੋਂ ਕਿ ਗੁਰਸ਼ਰਨਪ੍ਰੀਤ ਸਿੰਘ ਤੋਂ ਇਕ ਪਿਸਤੌਲ ਬਿਨਾਂ ਮਾਰਕਾ ਮੈਗਜ਼ੀਨ ਅਤੇ 3 ਕਾਰਤੂਸ ਬਰਾਮਦ ਹੋਏ। ਜਦੋਂ ਮੁਲਜ਼ਮ ਵਿਰੁੱਧ ਕੇਸ ਦਰਜ ਕਰ ਕੇ ਪੁੱਛਗਿੱਛ ਕੀਤੀ ਤਾਂ ਇਕ ਬਹੁਤ ਹੀ ਸੰਵੇਦਨਸ਼ੀਲ ਮਾਮਲਾ ਸਾਹਮਣੇ ਆਇਆ।
ਪੁੱਛਗਿੱਛ ਦੌਰਾਨ ਪਤਾ ਲੱਗਾ ਕਿ ਗ੍ਰਿਫਤਾਰ ਮੁਲਜ਼ਮਾਂ ’ਚੋਂ ਗੁਰਸ਼ਰਨਪ੍ਰੀਤ ਸਿੰਘ ਪੁੱਤਰ ਜਸਬੀਰ ਸਿੰਘ ਏ ਸ਼੍ਰੇਣੀ ਦਾ ਗੈਂਗਸਟਰ ਹੈ, ਜਿਸ ਖਿਲਾਫ ਅੰਮ੍ਰਿਤਸਰ ਜ਼ਿਲ੍ਹੇ ’ਚ ਕਤਲ ਅਤੇ ਹੋਰ ਅਪਰਾਧਾਂ ਸਮੇਤ 25 ਤੋਂ ਵੱਧ ਮਾਮਲੇ ਦਰਜ ਹਨ। ਉਸ ਦੇ ਹੋਰ ਗ੍ਰਿਫ਼ਤਾਰ ਸਾਥੀ ਵੀ ਕੁਝ ਅਪਰਾਧਾਂ ’ਚ ਸ਼ਾਮਲ ਹਨ ਅਤੇ ਇਸ ਸਬੰਧੀ ਜਾਂਚ ਕੀਤੀ ਜਾ ਰਹੀ ਹੈ। ਇਸ ਮੌਕੇ ਡੀ. ਐੱਸ. ਪੀ. ਗੁਰਵਿੰਦਰ ਸਿੰਘ, ਗੁਰਦਾਸਪੁਰ ਸਦਰ ਪੁਲਸ ਸਟੇਸ਼ਨ ਇੰਚਾਰਜ ਅਮਨਦੀਪ ਸਿੰਘ ਵੀ ਮੌਜੂਦ ਸਨ।
Read More : ਅਣ-ਅਧਿਕਾਰਤ ਕਾਲੋਨੀ ਨੂੰ ਢਾਹਿਆ
