ਪਟਿਆਲਾ

ਗੋਲਡੀ ਢਿੱਲੋਂ ਗੈਂਗ ਦੇ 4 ਸਰਗਰਮ ਮੈਂਬਰ 10 ਪਿਸਤੌਲਾਂ ਸਮੇਤ ਕਾਬੂ

ਸੂਬੇ ਵਿਚ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਫਿਰਾਕ ਵਿਚ ਸਨ ਮੁਲਜ਼ਮ; ਪੁਲਿਸ ਨੇ ਨਾਕਾਬੰਦੀ ਦੌਰਾਨ ਦਬੋਚਿਆ

ਪਟਿਆਲਾ, 2 ਅਪ੍ਰੈਲ : ਪਟਿਆਲਾ ਪੁਲਸ ਨੇ ਇਕ ਵੱਡੀ ਸਫ਼ਲਤਾ ਹਾਸਲ ਕਰਦਿਆਂ ਅੰਤਰ-ਰਾਜੀ ਗੈਰ-ਕਾਨੂੰਨੀ ਹਥਿਆਰ ਸਪਲਾਈ ਗਿਰੋਹ ਦਾ ਪਰਦਾਫਾਸ਼ ਕੀਤਾ ਹੈ। ਸੀ. ਆਈ. ਏ. ਸਟਾਫ਼ ਪਟਿਆਲਾ ਦੇ ਇੰਚਾਰਜ ਇੰਸਪੈਕਟਰ ਪ੍ਰਦੀਪ ਸਿੰਘ ਬਾਜਵਾ ਅਤੇ ਥਾਣਾ ਸ਼ੰਭੂ ਦੀ ਟੀਮ ਨੇ ਸਾਂਝੀ ਕਾਰਵਾਈ ਦੌਰਾਨ ਚਾਰ ਵਿਅਕਤੀਆਂ ਨੂੰ 10 ਆਧੁਨਿਕ ਸਵੈ-ਲੋਡਿੰਗ ਹਥਿਆਰਾਂ ਸਮੇਤ ਗ੍ਰਿਫ਼ਤਾਰ ਕੀਤਾ ਹੈ।

ਪੰਜਾਬ ਦੇ ਡੀ. ਜੀ. ਪੀ. ਗੌਰਵ ਯਾਦਵ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਮੁਲਜ਼ਮਾਂ ਦੀ ਪਛਾਣ ਸੌਰਭ ਕੁਮਾਰ (ਮੁਜ਼ੱਫਰਪੁਰ, ਬਿਹਾਰ), ਸਾਜਨ (ਸੋਹਾਣਾ), ਅਭਿਸ਼ੇਕ ਉਰਫ਼ ਕਾਕਾ (ਅਬਲੋਵਾਲ, ਪਟਿਆਲਾ) ਅਤੇ ਇੰਦਰਜੀਤ ਸਿੰਘ ਉਰਫ਼ ਰੋਹਿਤ (ਪਟਿਆਲਾ) ਵਜੋਂ ਹੋਈ ਹੈ।

ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਇਹ ਮੁਲਜ਼ਮ ਬਿਹਾਰ ਤੋਂ ਹਥਿਆਰ ਲਿਆ ਕੇ ਪੰਜਾਬ ‘ਚ ਅਪਰਾਧਿਕ ਗਤੀਵਿਧੀਆਂ ਲਈ ਸਪਲਾਈ ਕਰਦੇ ਸਨ। ਇਨ੍ਹਾਂ ਦਾ ਮੁੱਖ ਮਕਸਦ ਗੋਲਡੀ ਢਿੱਲੋਂ ਨੈੱਟਵਰਕ ਨਾਲ ਜੁੜੇ ਇਕ ਵਿਰੋਧੀ ਅਪਰਾਧੀ ਨੂੰ ਨਿਸ਼ਾਨਾ ਬਣਾ ਕੇ ਇਲਾਕੇ ‘ਚ ਦਬਦਬਾ ਕਾਇਮ ਕਰਨਾ ਸੀ।

ਐੱਸ.ਐੱਸ.ਪੀ. ਪਟਿਆਲਾ ਵਰੁਣ ਸ਼ਰਮਾ ਨੇ ਦੱਸਿਆ ਕਿ ਮੁਲਜ਼ਮ ਸੌਰਭ ਕੁਮਾਰ ਬਿਹਾਰ ਦੇ ਮੁਜ਼ੱਫਰਪੁਰ ਵਿਖੇ ਗੈਰ-ਕਾਨੂੰਨੀ ਹਥਿਆਰ ਨਿਰਮਾਣ ਇਕਾਈਆਂ ਤੋਂ ਅਸਲਾ ਲਿਆ ਕੇ ਆਪਣੇ ਵਿਦੇਸ਼ੀ ਹੈਂਡਲਰਾਂ ਦੇ ਨਿਰਦੇਸ਼ਾਂ ‘ਤੇ ਸਪਲਾਈ ਕਰ ਰਿਹਾ ਸੀ। ਗ੍ਰਿਫ਼ਤਾਰ ਮੁਲਜ਼ਮ ਅਭਿਸ਼ੇਕ ਸੋਸ਼ਲ ਮੀਡੀਆ ਰਾਹੀਂ ਬਦਨਾਮ ਗੈਂਗਸਟਰ ਗੋਲਡੀ ਢਿੱਲੋਂ ਦੇ ਸੰਪਰਕ ‘ਚ ਸੀ।

ਐੱਸ.ਪੀ. (ਇਨਵੈਸਟੀਗੇਸ਼ਨ) ਗੁਰਬੰਸ ਸਿੰਘ ਬੈਂਸ ਅਤੇ ਡੀ.ਐੱਸ.ਪੀ. ਹਰਮਨ ਚੀਮਾ ਦੀ ਨਿਗਰਾਨੀ ਹੇਠ ਪੁਲਸ ਨੇ ਜਾਲ ਵਿਛਾ ਕੇ ਇਨ੍ਹਾਂ ਤਸਕਰਾਂ ਨੂੰ ਕਾਬੂ ਕੀਤਾ। ਇਸ ਸਬੰਧੀ ਥਾਣਾ ਸ਼ੰਭੂ ਵਿਖੇ ਬੀ.ਐੱਨ.ਐੱਸ. ਅਤੇ ਅਸਲਾ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਹੈ। ਇਸ ਮੌਕੇ ਐੱਸ.ਪੀ. ਵੈਭਵ ਚੌਧਰੀ, ਡੀ.ਐੱਸ.ਪੀ. ਰਾਜੇਸ਼ ਮਲਹੋਤਰਾ ਅਤੇ ਹੋਰ ਉੱਚ ਅਧਿਕਾਰੀ ਵੀ ਹਾਜ਼ਰ ਸਨ।

Read More : ਪੰਜਾਬ ‘ਚ ਹੁਣ ਮਿਲਣਗੇ ‘ਸਮਾਰਟ ਰਾਸ਼ਨ ਕਾਰਡ’; ਬਾਇਓਮੈਟ੍ਰਿਕ ਦਿੱਕਤਾਂ ਹੋਣਗੀਆਂ ਖ਼ਤਮ

Leave a Reply

Your email address will not be published. Required fields are marked *