ਸੱਸ ਨੇ ਕੀਤਾ ਸੀ ਲੁਟੇਰਿਆ ਵੱਲੋਂ ਧੱਕਾ ਦੇਣ ਦਾ ਦਾਅਵਾ ਪਰ ਮਾਂ ਨੇ ਲਾਏ ਸੱਸ ’ਤੇ ਦੋਸ਼
ਗੁਰਦਾਸਪੁਰ :-ਚਾਰ ਦਿਨ ਪਹਿਲਾਂ ਬੱਬੇਹਾਲੀ ਨੇੜੇ ਨਹਿਰ ਵਿਚ ਡਿੱਗੀ ਵਿਆਹੁਤਾ ਲੜਕੀ ਦੀ ਲਾਸ਼ ਅੱਜ ਲੱਭ ਗਈ ਹੈ। ਦੱਸਣਯੋਗ ਹੈ ਕਿ ਗੁਰਦਾਸਪੁਰ ਦੇ ਬੱਬੇਹਾਲੀ ਨਹਿਰ ਦੇ ਪੁਲ ’ਤੇ 28 ਮਾਰਚ ਨੂੰ ਨੂੰਹ-ਸੱਸ ਐਕਟਿਵਾ ’ਤੇ ਸਵਾਰ ਹੋ ਕੇ ਛੀਨਾ ਪਿੰਡ ਤੋਂ ਬਿਧੀਪੁਰ ਜਾ ਰਹੇ ਸਨ ਅਤੇ ਜਿਸ ਦੌਰਾਨ ਉਸਦੀ ਸੱਸ ਵੱਲੋਂ ਇਹ ਦਾਅਵਾ ਕੀਤਾ ਗਿਆ ਸੀ ਕਿ ਰਸਤੇ ਵਿਚ ਲੁਟੇਰਿਆਂ ਨੇ ਉਨ੍ਹਾਂ ਨੂੰ ਰੋਕ ਕੇ ਲੁੱਟਣ ਦੀ ਕੋਸ਼ਿਸ਼ ਅਤੇ ਧੱਕਾ ਮੁੱਕੀ ਦੌਰਾਨ ਉਸਦੀ ਨੂੰਹ ਨਹਿਰ ’ਚ ਡਿੱਗ ਪਈ। ਉਸ ਦਿਨ ਤੋਂ ਹੀ ਅਮਨਦੀਪ ਕੌਰ ਦੀ ਲਾਸ਼ ਦੀ ਭਾਲ ਜਾਰੀ ਸੀ।
ਇਸੇ ਦੌਰਾਨ ਅਮਨਪ੍ਰੀਤ ਕੌਰ ਦੇ ਮਾਪਿਆਂ ਵੱਲੋਂ ਇਹ ਸ਼ੱਕ ਜਾਹਿਰ ਕੀਤਾ ਗਿਆ ਸੀ ਕਿ ਹੋ ਸਕਦਾ ਹੈ ਕਿ ਅਮਨਪ੍ਰੀਤ ਕੌਰ ਨੂੰ ਉਸ ਦੀ ਸੱਸ ਨੇ ਹੀ ਧੱਕਾ ਦੇ ਦਿੱਤਾ ਹੋਵੇ। ਕਿਉਂਕਿ ਪਹਿਲਾਂ ਵੀ ਪਰਿਵਾਰ ਵਿਚ ਉਨ੍ਹਾਂ ਦੀ ਅਣਬਣ ਚੱਲ ਰਹੀ ਸੀ। ਅੱਜ ਪੰਜਵੇਂ ਦਿਨ ਸਵੇਰੇ ਅਮਨਪ੍ਰੀਤ ਕੌਰ ਦੀ ਲਾਸ਼ ਦੱਸੀ ਗਈ ਘਟਨਾ ਵਾਲੀ ਥਾਂ ਤੋਂ ਲਗਭਗ 15 ਕਿਲੋਮੀਟਰ ਦੂਰ ਧਾਰੀਵਾਲ ਦੇ ਪੁੱਲ ਨੇੜਿਓ ਮਿਲੀ ਹੈ।
ਇਸ ਮੌਕੇ ਅਮਨਪ੍ਰੀਤ ਦੀ ਲਾਸ਼ ਨੂੰ ਦੇਖ ਉਸਦੀ ਮਾ ਬਲਵਿੰਦਰ ਕੌਰ ਨੇ ਕਿਹਾ ਕਿ ਉਸਦੀ ਧੀ ਦੀ ਸੱਸ ਵੱਲੋਂ ਲੁੱਟ ਦੀ ਝੂਢੀ ਕਹਾਣੀ ਦੱਸੀ ਗਈ ਹੈ। ਉਨ੍ਹਾਂ ਸ਼ੱਕ ਜਤਾਇਆ ਕਿ ਉਸ ਦੀ ਸੱਸ ਨੇ ਉਹਨਾਂ ਦੀ ਲੜਕੀ ਨੂੰ ਨਹਿਰ ਵਿੱਚ ਧੱਕਾ ਦਿੱਤਾ ਹੈ।
ਉਧਰ ਪੁਲਿਸ ਅਧਿਕਾਰੀਆ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਲਾਸ਼ ਨੂੰ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ। ਪੁਲਿਸ ਇਸ ਮਾਮਲੇ ’ਚ ਵੱਖ-ਵੱਖ ਪਹਿਲੂਆਂ ਤੋਂ ਜਾਂਚ ਕਰ ਰਹੀ ਹੈ ਅਤੇ ਬਣਦੀ ਕਾਰਵਾਈ ਕੀਤੀ ਜਾਵੇਗੀ।

