ਡੇਰਾ ਬਾਬਾ ਨਾਨਕ, 12 ਦਸੰਬਰ -ਅੱਜ ਕਰਤਾਰਪੁਰ ਲਾਂਘਾ ਡੇਰਾ ਬਾਬਾ ਨਾਨਕ ਰਾਹੀਂ 397 ਸ਼ਰਧਾਲੂਆਂ ਵੱਲੋਂ ਪਾਕਿਸਤਾਨ ਸਥਿਤ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ ਸੋਹ ਪ੍ਰਾਪਤ ਇਤਿਹਾਸਕ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਜੀ ਦੇ ਦਰਸ਼ਨ ਕੀਤੇ ਗਏ। ਜਦਕਿ 494 ਸ਼ਰਧਾਲੂਆਂ ਨੂੰ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਜੀ ਦੇ ਦਰਸ਼ਨ ਕਰਨ ਲਈ ਮਨਜ਼ੂਰੀ ਮਿਲੀ ਸੀ ਪਰੰਤੂ 147 ਸ਼ਰਧਾਲੂ ਕੁਝ ਕਾਰਨਾਂ ਕਰ ਕੇ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਜੀ ਦੇ ਦਰਸ਼ਨ ਕਰਨ ਤੋਂ ਵਾਂਝੇ ਰਹੇ ਹਨ।
ਇਥੇ ਦੱਸ ਦਈਏ ਕਿ ਐਤਵਾਰ ਨੂੰ ਲੰਘੇ ਰਾਹੀਂ 396 ਅਤੇ ਸੋਮਵਾਰ ਨੂੰ 368 ਸ਼ਰਧਾਲੂਆਂ ਵੱਲੋਂ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਜੀ ਦੇ ਦਰਸ਼ਨ ਦੀਦਾਰੇ ਕੀਤੇ ਸਨ।
ਡੇਰਾ ਬਾਬਾ ਨਾਨਕ ਦੀ ਕੌਮਾਂਤਰੀ ਸਰਹੱਦ ’ਤੇ ਲੈਂਡ ਪੋਰਟ ਅਥਾਰਟੀ ਆਫ ਇੰਡੀਆ ਵੱਲੋਂ ਬਣਾਏ ਗਏ ਆਲੀਸ਼ਾਨ ਯਾਤਰੀ ਟਰਮੀਨਲ ਤੇ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਜੀ ਦੇ ਦਰਸ਼ਨਾਂ ਲਈ ਪਹੁੰਚੇ ਸੇਵਾਮੁਕਤ ਕਮਿਸ਼ਨਰ ਐੱਸ. ਆਰ. ਲੱਧੜ ਤੋਂ ਇਲਾਵਾ ਰਵਿੰਦਰ ਸਿੰਘ ਧਾਲੀਵਾਲ ਜਲੰਧਰ, ਤੇਜਿੰਦਰ ਸਿੰਘ ਚਾਹਤ, ਸਿਮਰ ਕੌਰ, ਰਮਨ ਕੁਮਾਰ, ਦਿਲਜੀਤ ਕੌਰ, ਸ਼ਵੇਤਾ ਮਹਿਤਾ, ਰਾਕੇਸ਼ ਮੋਹਨ ਸੇਵਾਮੁਕਤ ਪ੍ਰਿੰਸੀਪਲ, ਸੁਖਬੀਰ ਪਾਲਇੰਦਰਜੀਤ ਆਦਿ ਸ਼ਰਧਾਲੂਆਂ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਅੱਜ ਪਹਿਲੀ ਵਾਰ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਪਵਿੱਤਰ ਧਰਤੀ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਜੀ ਦੇ ਦਰਸ਼ਨ ਕਰ ਕੇ ਆਪਣਾ ਜੀਵਨ ਸਫਲਾ ਕੀਤਾ।
