ਧਮਤਰੀ ਜ਼ਿਲ੍ਹੇ ਦੇ ਮਿਡਲ ਸਕੂਲ ’ਚ ਸਨਸਨੀਖੇਜ਼ ਮਾਮਲਾ
ਧਮਤਰੀ, 18 ਫਰਵਰੀ : ਛੱਤੀਸਗੜ੍ਹ ਦੇ ਧਮਤਰੀ ਜ਼ਿਲ੍ਹੇ ਦੇ ਇਕ ਸਰਕਾਰੀ ਸਕੂਲ ਵਿੱਚ ਬੇਹੱਦ ਹੈਰਾਨੀਜਨਕ ਅਤੇ ਮੰਦਭਾਗੀ ਘਟਨਾ ਸਾਹਮਣੇ ਆਈ ਹੈ, ਜਿੱਥੇ 35 ਵਿਦਿਆਰਥੀਆਂ ਨੇ ਕਿਸੇ ਤਿੱਖੀ ਚੀਜ਼ ਨਾਲ ਆਪਣੇ ਗੁੱਟ ਵੱਢ ਲਏ। ਇਸ ਘਟਨਾ ਦਾ ਪਤਾ ਲੱਗਦਿਆਂ ਹੀ ਜ਼ਿਲ੍ਹਾ ਪ੍ਰਸ਼ਾਸਨ ਵਿੱਚ ਹੜਕੰਪ ਮਚ ਗਿਆ ਅਤੇ ਤੁਰੰਤ ਮਾਮਲੇ ਦੀ ਜਾਂਚ ਦੇ ਹੁਕਮ ਦਿੱਤੇ ਗਏ ਹਨ।
ਅਧਿਕਾਰੀਆਂ ਨੇ ਬੁੱਧਵਾਰ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੁਰੂਦ ਬਲਾਕ ਅਧੀਨ ਆਉਂਦੇ ਪਿੰਡ ਦਹਦਹਾ ਦੇ ਸਰਕਾਰੀ ਮਿਡਲ ਸਕੂਲ ਦੇ ਵਿਦਿਆਰਥੀਆਂ ਦੇ ਹੱਥਾਂ ’ਤੇ ਸੱਟ ਦੇ ਨਿਸ਼ਾਨ ਮਿਲੇ ਸਨ। ਕੁਰੂਦ ਦੇ ਬਲਾਕ ਸਿੱਖਿਆ ਅਫ਼ਸਰ ਚੰਦਰ ਕੁਮਾਰ ਸਾਹੂ ਅਨੁਸਾਰ ਇਹ ਮਾਮਲਾ 13 ਫਰਵਰੀ ਨੂੰ ਉਦੋਂ ਸਾਹਮਣੇ ਆਇਆ ਜਦੋਂ ਅਧਿਆਪਕਾਂ ਨੇ ਬੱਚਿਆਂ ਦੇ ਗੁੱਟਾਂ ’ਤੇ ਜ਼ਖ਼ਮ ਦੇਖੇ। ਮੁੱਢਲੀ ਜਾਂਚ ਮੁਤਾਬਕ ਇਹ ਘਟਨਾ ਕਰੀਬ 15 ਤੋਂ 20 ਦਿਨ ਪੁਰਾਣੀ ਹੈ।
ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਡਾਕਟਰਾਂ ਦੀ ਇਕ ਵਿਸ਼ੇਸ਼ ਟੀਮ ਨੇ ਸਕੂਲ ਦਾ ਦੌਰਾ ਕਰਕੇ ਬੱਚਿਆਂ ਦੀ ਜਾਂਚ ਕੀਤੀ ਹੈ। ਸਿੱਖਿਆ ਅਫ਼ਸਰ ਨੇ ਖ਼ਦਸ਼ਾ ਪ੍ਰਗਟਾਇਆ ਹੈ ਕਿ ਬੱਚਿਆਂ ਨੇ ਕਿਸੇ ਨਸ਼ੇ ਜਾਂ ਗ਼ਲਤ ਪ੍ਰਭਾਵ ਹੇਠ ਆ ਕੇ ਇਸ ਘਟਨਾ ਨੂੰ ਅੰਜਾਮ ਦਿੱਤਾ ਹੈ।
ਪ੍ਰਸ਼ਾਸਨ ਨੇ ਸਕੂਲ ਦੇ ਅਧਿਆਪਕਾਂ ਨੂੰ ਹਦਾਇਤ ਕੀਤੀ ਹੈ ਕਿ ਉਹ ਵਿਦਿਆਰਥੀਆਂ ਦੀਆਂ ਗਤੀਵਿਧੀਆਂ ’ਤੇ ਸਖ਼ਤ ਨਜ਼ਰ ਰੱਖਣ ਅਤੇ ਉਨ੍ਹਾਂ ਦੀ ਕੌਂਸਲਿੰਗ ਕੀਤੀ ਜਾਵੇ ਤਾਂ ਜੋ ਭਵਿੱਖ ਵਿੱਚ ਅਜਿਹੀ ਘਟਨਾ ਨਾ ਵਾਪਰੇ।
Read More : ਕਿਲਾ ਰਾਏਪੁਰ ਪੇਂਡੂ ਓਲੰਪਿਕ ਖੇਡਾਂ ; 12 ਸਾਲਾਂ ਬਾਅਦ ਹੋਈਆਂ ਬੈਲ ਗੱਡੀਆਂ ਦੀਆਂ ਦੌੜਾਂ
