ਟ੍ਰੈਵਲ ਏਜੰਟਾਂ ਵਿਰੁੱਧ ਕੇਸ ਦਰਜ
ਪੰਜਾਬ ਵਿਚ ਵਿਦੇਸ਼ਾਂ ਤੋਂ 31 ਪੰਜਾਬੀਆਂ ਨੂੰ ਡਿਪੋਰਟ ਕਰਨ ਦਾ ਮਾਮਲਾ ਜ਼ੋਰ ਫੜ ਚੁੱਕਿਆ ਹੈ ਅਤੇ ਪੁਲਿਸ ਨੇ ਇਸ ਮਾਮਲੇ ਵਿਚ ਵੱਡੀ ਕਾਰਵਾਈ ਕੀਤੀ ਹੈ। ਦੱਸਿਆ ਜਾ ਰਿਹਾ ਹੈ ਕਿ ਅਮਰੀਕਾ ਤੋਂ ਡਿਪੋਰਟ ਕੀਤੇ ਗਏ 31 ਪੰਜਾਬੀਆਂ ਦੇ ਮਾਮਲੇ ਵਿਚ ਪੰਜਾਬ ਪੁਲਿਸ ਨੇ 8 ਟ੍ਰੈਵਲ ਏਜੰਟਾਂ ਵਿਰੁੱਧ ਕੇਸ ਦਰਜ ਕੀਤੇ ਹਨ, ਜਿਸਨੇ ਲੋਕਾਂ ਨੂੰ ਗੈਰ-ਕਾਨੂੰਨੀ ਢੰਗ ਨਾਲ ਅਮਰੀਕਾ ਭੇਜ ਕੇ ਲੱਖਾਂ ਰੁਪਏ ਦੀ ਠੱਗੀ ਮਾਰੀ ਸੀ। ਇਨ੍ਹਾਂ ਵਿਚੋਂ 2 ਐੱਫ. ਆਈ. ਆਰ. ਜ਼ਿਲ੍ਹਾ ਪੁਲਿਸ ਕੋਲ ਦਰਜ ਕੀਤੀਆਂ ਗਈਆਂ ਹਨ ਅਤੇ 6 ਐੱਫ. ਆਈ. ਆਰ. ਪੰਜਾਬ ਪੁਲਿਸ ਦੇ ਐੱਨ. ਆਰ. ਆਈ. ਮਾਮਲਿਆਂ ਦੇ ਵਿੰਗ ਕੋਲ ਦਰਜ ਕੀਤੀਆਂ ਗਈਆਂ ਹਨ।
ਇਸ ਮਾਮਲੇ ਦੀ ਜਾਂਚ ਲਈ ਪੰਜਾਬ ਸਰਕਾਰ ਵੱਲੋਂ ਇਕ ਕਮੇਟੀ ਬਣਾਈ ਗਈ ਹੈ, ਇਹ ਐਸ. ਆਈ. ਟੀ. ਏ. ਡੀ. ਜੀ. ਪੀ. (ਐੱਨ. ਆਰ. ਆਈ. ਮਾਮਲੇ) ਪ੍ਰਵੀਨ ਸਿਨਹਾ ਦੀ ਅਗਵਾਈ ਵਿਚ ਕੰਮ ਕਰ ਰਹੀ ਹੈ।
ਦੱਸ ਦਈਏ ਕਿ ਅਮਰੀਕਾ ਤੋਂ ਦੇਸ਼ ਨਿਕਾਲਾ ਦਿੱਤੇ ਗਏ 104 ਭਾਰਤੀਆਂ ਨੂੰ ਲੈ ਕੇ ਇੱਕ ਅਮਰੀਕੀ ਫੌਜੀ ਸੀ-17 ਜਹਾਜ਼ 5 ਫਰਵਰੀ ਨੂੰ ਪੰਜਾਬ ਦੇ ਅੰਮ੍ਰਿਤਸਰ ਹਵਾਈ ਅੱਡੇ ‘ਤੇ ਉਤਰਿਆ ਸੀ। ਇਨ੍ਹਾਂ ਲੋਕਾਂ ਦੇ ਪੈਰਾਂ ਵਿਚ ਬੇੜੀਆਂ ਬੰਨ੍ਹੀਆਂ ਹੋਈਆਂ ਸਨ, ਜਦੋਂਕਿ ਉਨ੍ਹਾਂ ਦੇ ਹੱਥ ਵੀ ਜ਼ੰਜੀਰਾਂ ਨਾਲ ਬੰਨ੍ਹੇ ਹੋਏ ਸਨ। ਯੂ. ਐੱਸ. ਬਾਰਡਰ ਪੈਟਰੋਲ ਚੀਫ ਮਾਈਕਲ ਬੈਂਕਸ ਨੇ ਆਪਣੇ ਐਕਸ ਹੈਂਡਲ ‘ਤੇ ਇਸ ਦਾ ਵੀਡੀਓ ਸਾਂਝਾ ਕੀਤਾ ਸੀ। ਇਸ ਵੀਡੀਓ ਵਿਚ ਭਾਰਤੀਆਂ ਦੇ ਹੱਥਾਂ ਤੇ ਪੈਰਾਂ ਵਿੱਚ ਬੇੜੀਆਂ ਸਾਫ਼ ਦਿਖਾਈ ਦੇ ਰਹੀਆਂ ਸਨ।
