ਡਾ.-ਬਲਬੀਰ-ਸਿੰਘ

‘ਮੁੱਖ ਮੰਤਰੀ ਸਿਹਤ ਯੋਜਨਾ’ ਦੇ 3 ਮਹੀਨਿਆਂ ‘ਚ 30.51 ਲੱਖ ਪਰਿਵਾਰ ਹੋਏ ਰਜਿਸਟਰ : ਡਾ. ਬਲਬੀਰ ਸਿੰਘ

ਪੰਜਾਬ ਸਰਕਾਰ ਨੇ 292 ਕਰੋੜ ਦੇ ਮੁਫ਼ਤ ਇਲਾਜ ਨੂੰ ਦਿੱਤੀ ਮਨਜ਼ੂਰੀ; ਹਸਪਤਾਲਾਂ ਦੇ ਸਾਰੇ ਬਕਾਏ 15 ਅਪ੍ਰੈਲ ਤੱਕ ਹੋਣਗੇ ਕਲੀਅਰ

ਚੰਡੀਗੜ੍ਹ, 29 ਮਾਰਚ : ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਪੰਜਾਬ ਭਵਨ ਵਿਖੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ 8 ਜਨਵਰੀ 2026 ਨੂੰ ਸ਼ੁਰੂ ਹੋਈ ‘ਮੁੱਖ ਮੰਤਰੀ ਸਿਹਤ ਯੋਜਨਾ’ ਨੇ ਮਹਿਜ਼ ਤਿੰਨ ਮਹੀਨਿਆਂ ਵਿੱਚ ਵੱਡੀ ਸਫਲਤਾ ਹਾਸਲ ਕੀਤੀ ਹੈ। ਹੁਣ ਤੱਕ ਇਸ ਯੋਜਨਾ ਤਹਿਤ 30,51,325 ਲਾਭਪਾਤਰੀ ਪਰਿਵਾਰਾਂ ਦੀ ਰਜਿਸਟ੍ਰੇਸ਼ਨ ਕੀਤੀ ਜਾ ਚੁੱਕੀ ਹੈ ਅਤੇ 1,77,097 ਮੁਫ਼ਤ ਇਲਾਜਾਂ ਲਈ ₹292 ਕਰੋੜ ਦੀ ਰਾਸ਼ੀ ਮਨਜ਼ੂਰ ਕੀਤੀ ਗਈ ਹੈ।

ਡਾ. ਬਲਬੀਰ ਸਿੰਘ ਅਨੁਸਾਰ, ਇਸ ਵਿੱਚੋਂ ₹267 ਕਰੋੜ ਪਹਿਲਾਂ ਹੀ ਜਾਰੀ ਕੀਤੇ ਜਾ ਚੁੱਕੇ ਹਨ ਅਤੇ 71,000 ਦਾਅਵਿਆਂ ਦਾ ਨਿਪਟਾਰਾ ਕਰਦਿਆਂ ਹਸਪਤਾਲਾਂ ਨੂੰ ₹60 ਕਰੋੜ ਵੰਡੇ ਗਏ ਹਨ। ਸਿਹਤ ਮੰਤਰੀ ਨੇ ਦਾਅਵਾ ਕੀਤਾ ਕਿ ਪੰਜਾਬ ਰਜਿਸਟ੍ਰੇਸ਼ਨ ਅਤੇ ਇਲਾਜ ਦੇ ਮਾਮਲੇ ਵਿੱਚ ਦੇਸ਼ ਦੇ ਹੋਰਨਾਂ ਸੂਬਿਆਂ ਨੂੰ ਪਛਾੜ ਕੇ ਪਹਿਲੇ ਸਥਾਨ ‘ਤੇ ਹੈ।

ਉਨ੍ਹਾਂ ਹਸਪਤਾਲਾਂ ਨੂੰ ਭਰੋਸਾ ਦਿੱਤਾ ਕਿ ਭਗਵੰਤ ਮਾਨ ਸਰਕਾਰ ਨੇ ਬਕਾਏ ਦੇ ਨਿਪਟਾਰੇ ਲਈ ਮਜ਼ਬੂਤ ਪ੍ਰਣਾਲੀ ਬਣਾਈ ਹੈ ਅਤੇ 31 ਮਾਰਚ ਤੱਕ ਦੇ ਸਾਰੇ ਬਿੱਲ 15 ਅਪ੍ਰੈਲ ਤੱਕ ਕਲੀਅਰ ਕਰ ਦਿੱਤੇ ਜਾਣਗੇ। 1 ਅਪ੍ਰੈਲ ਤੋਂ ਲਾਗੂ ਹੋਣ ਵਾਲੇ ਨਵੇਂ ਢਾਂਚੇ ਤਹਿਤ ₹1 ਲੱਖ ਤੱਕ ਦੇ ਦਾਅਵਿਆਂ ਦਾ ਨਿਪਟਾਰਾ 15 ਦਿਨਾਂ ਵਿੱਚ ਅਤੇ ਇਸ ਤੋਂ ਵੱਧ ਦੇ ਬਿੱਲਾਂ ਦਾ ਨਿਪਟਾਰਾ ਇੱਕ ਹਫ਼ਤੇ ਦੇ ਅੰਦਰ ਕੀਤਾ ਜਾਵੇਗਾ।

ਡਾ. ਬਲਬੀਰ ਸਿੰਘ ਨੇ ਦੱਸਿਆ ਕਿ ਇਹ ਸਕੀਮ 1 ਸਾਲ ਦੇ ਬੱਚੇ ਤੋਂ ਲੈ ਕੇ 99 ਸਾਲ ਤੱਕ ਦੇ ਬਜ਼ੁਰਗਾਂ ਲਈ ਵਰਦਾਨ ਸਾਬਤ ਹੋ ਰਹੀ ਹੈ। ਇਸ ਅਧੀਨ ਕੈਂਸਰ ਅਤੇ ਦਿਲ ਦੀਆਂ 100 ਤੋਂ ਵੱਧ ਗੰਭੀਰ ਬਿਮਾਰੀਆਂ ਦਾ ਮੁਫ਼ਤ ਇਲਾਜ ਕੀਤਾ ਜਾ ਰਿਹਾ ਹੈ।

ਪਟਿਆਲਾ ਮੈਡੀਕਲ ਕਾਲਜ ਵਿੱਚ ‘ਰਪਚਰਡ ਸਾਈਨਸ’ ਵਰਗੇ ਗੁੰਝਲਦਾਰ ਕੇਸਾਂ ਦੇ ਸਫਲ ਇਲਾਜ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਰਾਜ ਸਿਹਤ ਏਜੰਸੀ, ਯੂਨਾਈਟਿਡ ਇੰਡੀਆ ਇੰਸ਼ੋਰੈਂਸ ਦੇ ਸਹਿਯੋਗ ਨਾਲ ਪੂਰੇ ਪੰਜਾਬ ਵਿੱਚ ਯੂਨੀਵਰਸਲ ਸਿਹਤ ਕਵਰੇਜ ਨੂੰ ਯਕੀਨੀ ਬਣਾ ਰਹੀ ਹੈ।

Read More : ‘ਸ਼ਾਨਦਾਰ 4 ਸਾਲ, ਭਗਵੰਤ ਮਾਨ ਦੇ ਨਾਲ’ ਮੁਹਿੰਮ: ਮੰਤਰੀਆਂ ਤੇ ਵਿਧਾਇਕਾਂ ਨੇ ਘਰ-ਘਰ ਪਹੁੰਚਾਇਆ ਮਾਨ ਸਰਕਾਰ ਦਾ ਰਿਪੋਰਟ ਕਾਰਡ

Leave a Reply

Your email address will not be published. Required fields are marked *