17 ਸਵਾਰੀਆਂ ਜ਼ਖਮੀ
ਜੰਮੂ – ਜੰਮੂ-ਕਸ਼ਮੀਰ ਵਿਚ ਮਾਤਾ ਵੈਸ਼ਨੋ ਦੇਵੀ ਦੇ ਆਧਾਰ ਕੈਂਪ ਕਟੜਾ ਤੋਂ ਜੰਮੂ ਆ ਰਹੀ ਇਕ ਸਲੀਪਰ ਬੱਸ ਬੀਤੀ ਰਾਤ ਭਿਆਨਕ ਹਾਦਸੇ ਦਾ ਸ਼ਿਕਾਰ ਹੋ ਗਈ। ਇਹ ਹਾਦਸਾ ਨਗਰੋਟਾ ਕੋਲ ਮਾਂਡਾ ਇਲਾਕੇ ਵਿਚ ਤਿੱਖੇ ਮੋੜ ‘ਤੇ ਬੱਸ ਬੇਕਾਬੂ ਹੋ ਕੇ 30 ਫੁੱਟ ਡੂੰਘੀ ਖੱਡ ਵਿਚ ਡਿੱਗ ਗਈ। ਇਸ ਭਿਆਨਕ ਹਾਦਸੇ ਵਿਚ ਬੱਸ ਡਰਾਈਵਰ ਦੀ ਮੌਕੇ ‘ਤੇ ਮੌਤ ਹੋ ਗਈ, ਜਦਕਿ ਬੱਸ ‘ਚ ਸਵਾਰ 17 ਸਵਾਰੀਆਂ ਜ਼ਖਮੀ ਹੋ ਗਈਆਂ। ਇਨ੍ਹਾਂ ‘ਚੋਂ ਤਿੰਨ ਯਾਤਰੀਆਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ ਜਦਕਿ ਬਾਕੀਆਂ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ।
ਜਾਣਕਾਰੀ ਮੁਤਾਬਕ ਬੱਸ ਦੇ ਡਰਾਈਵਰ ਨੇ ਇਕ ਮੋੜ ‘ਤੇ ਕੰਟਰੋਲ ਗੁਆ ਦਿੱਤਾ, ਜਿਸ ਕਾਰਨ ਬੱਸ ਸਿੱਧੀ ਖੱਡ ‘ਚ ਡਿੱਗ ਗਈ, ਜਿਵੇਂ ਹੀ ਘਟਨਾ ਦੀ ਜਾਣਕਾਰੀ ਮਿਲੀ ਤਾਂ ਬਚਾਅ ਕੰਮ ਤੁਰੰਤ ਸ਼ੁਰੂ ਕੀਤਾ ਗਿਆ ਅਤੇ ਸਾਰੇ ਯਾਤਰੀਆਂ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ। ਹਾਲਾਂਕਿ ਡਰਾਈਵਰ ਬੱਸ ਵਿਚ ਹੀ ਫਸਿਆ ਰਿਹਾ ਅਤੇ ਉਸ ਦੀ ਬਾਅਦ ਵਿਚ ਮੌਤ ਹੋ ਗਈ। ਬੱਸ ਵਿਚ ਯਾਤਰੀਆਂ ਨੂੰ ਸੱਟਾਂ ਲੱਗੀਆਂ ਹਨ। ਉਨ੍ਹਾਂ ਨੂੰ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ।
ਜੰਮੂ-ਕਸ਼ਮੀਰ ਦੇ SSP ਫਿਜਲ ਕੁਰੈਸ਼ੀ ਨੇ ਦੱਸਿਆ ਕਿ ਡਰਾਈਵਰ ਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਜਾਰੀ ਸਨ ਪਰ ਉਹ ਬੱਸ ਵਿਚ ਹੀ ਫਸਿਆ ਰਹਿ ਗਿਆ। ਇਹ ਹਾਦਸਾ ਸ਼ਨੀਵਾਰ ਰਾਤ ਕਰੀਬ 8 ਵਜੇ ਵਾਪਰਿਆ। ਹਾਦਸੇ ਵਾਲੀ ਥਾਂ ‘ਤੇ ਸੰਘਣਾ ਹਨੇਰਾ ਹੋਣ ਕਾਰਨ ਬਚਾਅ ਕਾਰਜਾਂ ਵਿਚ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ।ਅਧਿਕਾਰੀਆਂ ਨੇ ਦੱਸਿਆ ਕਿ ਇਸ ਹਾਦਸੇ ਵਿੱਚ ਜ਼ਖਮੀ ਹੋਏ ਸ਼ਰਧਾਲੂ ਦਿੱਲੀ, ਹਰਿਆਣਾ, ਉੱਤਰ ਪ੍ਰਦੇਸ਼ ਅਤੇ ਹਿਮਾਚਲ ਪ੍ਰਦੇਸ਼ ਦੇ ਹਨ।
ਸਥਾਨਕ ਲੋਕਾਂ ਅਤੇ ਰਾਹਗੀਰਾਂ ਨੇ ਤੁਰੰਤ ਮਦਦ ਲਈ ਅੱਗੇ ਆ ਕੇ ਪੁਲਸ ਨੂੰ ਸੂਚਨਾ ਦਿੱਤੀ। ਹਨ੍ਹੇਰਾ ਹੋਣ ਕਾਰਨ ਇਹ ਯਕੀਨੀ ਬਣਾਉਣਾ ਮੁਸ਼ਕਲ ਸੀ ਕਿ ਕੋਈ ਵੀ ਯਾਤਰੀ ਬੱਸ ਦੇ ਅੰਦਰ ਨਹੀਂ ਫਸਿਆ।
ਮੁੱਖ ਮੰਤਰੀ ਉਮਰ ਅਬਦੁੱਲਾ ਨੇ ਹਾਦਸੇ ‘ਤੇ ਦੁੱਖ ਪ੍ਰਗਟ ਕੀਤਾ ਅਤੇ ਬਚਾਅ ਟੀਮ ਅਤੇ ਅਧਿਕਾਰੀਆਂ ਦੇ ਯਤਨਾਂ ਦੀ ਸ਼ਲਾਘਾ ਕੀਤੀ। ਮੁੱਖ ਮੰਤਰੀ ਨੇ ਡਰਾਈਵਰ ਦੇ ਪਰਿਵਾਰ ਨਾਲ ਹਮਦਰਦੀ ਪ੍ਰਗਟ ਕੀਤੀ ਅਤੇ ਜ਼ਖਮੀਆਂ ਦੇ ਜਲਦੀ ਸਿਹਤਯਾਬ ਹੋਣ ਦੀ ਕਾਮਨਾ ਕੀਤੀ।
ਉਨ੍ਹਾਂ ਕਿਹਾ, “ਮੈਂ ਬਚਾਅ ਟੀਮ ਅਤੇ ਅਧਿਕਾਰੀਆਂ ਦਾ ਉਨ੍ਹਾਂ ਦੇ ਤੁਰੰਤ ਸਮਰਥਨ ਅਤੇ ਸ਼ਲਾਘਾਯੋਗ ਯਤਨਾਂ ਲਈ ਧੰਨਵਾਦੀ ਹਾਂ। ਮੇਰਾ ਦਫ਼ਤਰ ਸਬੰਧਤ ਅਧਿਕਾਰੀਆਂ ਦੇ ਸੰਪਰਕ ਵਿੱਚ ਹੈ।”
