ਮਹਿਲ ਕਲਾਂ, 19 ਅਗਸਤ : ਜ਼ਿਲਾ ਬਰਨਾਲਾ ਵਿਚ ਪੈਂਦੇ ਥਾਣਾ ਮਹਿਲ ਕਲਾਂ ਦੀ ਪੁਲਿਸ ਨੇ 15 ਅਗਸਤ ਨੂੰ ਆਜ਼ਾਦੀ ਦਿਹਾੜੇ ਮੌਕੇ ਪਿੰਡ ਪੰਡੋਰੀ ‘ਚ ਹਲਕਾ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਦੀ ਕੋਠੀ ਤੇ ਪਿੰਡ ਦੀਆਂ ਹੋਰ ਕਈ ਥਾਵਾਂ ਉੱਪਰ ਖਾਲਿਸਤਾਨੀ ਨਾਅਰੇ ਲਿਖਣ ਦੇ ਮਾਮਲੇ ‘ਚ ਤਿੰਨ ਨੌਜਵਾਨਾਂ ਨੂੰ ਗ੍ਰਿਫ਼ਤਾਰ ਕਰਨ ਦੀ ਖ਼ਬਰ ਮਿਲੀ ਹੈ।
ਇਸ ਸਬੰਧੀ ਥਾਣਾ ਮਹਿਲ ਕਲਾਂ ਦੇ ਏ. ਐਸ. ਆਈ. ਗੁਰਸਿਮਰਨਜੀਤ ਸਿੰਘ ਨੇ ਦੱਸਿਆ ਕਿ 14 ਅਗਸਤ ਦੀ ਰਾਤ ਨੂੰ ਅਣਪਛਾਤੇ ਵਿਅਕਤੀਆਂ ਵੱਲੋਂ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਦੀ ਕੋਠੀ ਸਮੇਤ ਪਿੰਡ ਦੀਆਂ ਹੋਰ ਥਾਵਾਂ ਉੱਪਰ ਖਾਲਿਸਤਾਨੀ ਨਾਅਰੇ ਲਿਖੇ ਗਏ ਸਨ। ਸੂਚਨਾ ਮਿਲਦਿਆਂ ਹੀ ਪੁਲਿਸ ਮੌਕੇ ‘ਤੇ ਪਹੁੰਚੀ ਤੇ ਸਥਿਤੀ ਦਾ ਜਾਇਜ਼ਾ ਲਿਆ। ਇਸ ਮਾਮਲੇ ‘ਚ ਵਿਧਾਇਕ ਦੇ ਗੰਨਮੈਨ ਹਰਦੀਪ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ ਵਾਸੀ ਲੇਲਿਆਂਵਾਲੀ (ਤਹਿਸੀਲ ਸਰਦੂਲਗੜ੍ਹ, ਜ਼ਿਲ੍ਹਾ ਮਾਨਸਾ) ਦੇ ਬਿਆਨਾਂ ਦੇ ਆਧਾਰ ‘ਤੇ ਥਾਣਾ ਮਹਿਲ ਕਲਾਂ ਵਿਚ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਸੀ।
ਉਨ੍ਹਾਂ ਦੱਸਿਆ ਕਿ ਪੁਲਿਸ ਨੇ ਗੁਪਤ ਸੂਚਨਾ ਦੇ ਅਧਾਰ ‘ਤੇ ਜਾਂਚ ਅੱਗੇ ਵਧਾਉਂਦਿਆਂ ਤਿੰਨ ਨੌਜਵਾਨਾਂ ਗੁਰਮੀਤ ਸਿੰਘ, ਗੁਰਸੇਵਕ ਸਿੰਘ ਉਰਫ ਮਨੀ ਤੇ ਕਿਰਪਾ ਸਿੰਘ ਤਿੰਨੇ ਵਾਸੀ ਮਹਿਲ ਖੁਰਦ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਅਦਾਲਤ ਵਿਚ ਪੇਸ਼ ਕੀਤਾ ਜਾ ਰਿਹਾ ਹੈ।
ਏ. ਐਸ. ਆਈ. ਗੁਰਸਿਮਰਨਜੀਤ ਸਿੰਘ ਨੇ ਦੱਸਿਆ ਕਿ ਇਹ ਕਾਰਵਾਈ ਐਸ. ਐਸ. ਪੀ. ਬਰਨਾਲਾ ਮੁਹੰਮਦ ਸਰਫ਼ਰਾਜ ਆਲਮ ਦੇ ਨਿਰਦੇਸ਼ਾਂ ਹੇਠ ਡੀਐਸਪੀ ਮਹਿਲ ਕਲਾਂ ਜਤਿੰਦਰਪਾਲ ਸਿੰਘ ਦੀ ਰਹਿਨੁਮਾਈ ਅਤੇ ਥਾਣਾ ਮਹਿਲ ਕਲਾਂ ਦੇ ਮੁਖੀ ਸ਼ੇਰਵਿੰਦਰ ਸਿੰਘ ਦੀ ਅਗਵਾਈ ਹੇਠ ਕੀਤੀ ਗਈ ਹੈ। ਇਸ ਦੌਰਾਨ ਏ. ਐਸ. ਆਈ. ਅੰਮ੍ਰਿਤਪਾਲ ਸਿੰਘ ਅਤੇ ਹੌਲਦਾਰ ਗੁਰਪ੍ਰੀਤ ਸਿੰਘ ਵੀ ਮੌਜੂਦ ਸਨ।
Read More : ਸਟਰੀਟ ਕਲੱਬ ’ਚ ਬਾਊਂਸਰ ’ਤੇ ਚੱਲੀ ਗੋਲੀ ਦੀ ਵਾਰਦਾਤ ਟਰੇਸ, 3 ਗ੍ਰਿਫਤਾਰ
