ਸਰੀ (ਕੈਨੇਡਾ), 3 ਫਰਵਰੀ : ਬ੍ਰਿਟਿਸ਼ ਕੋਲੰਬੀਆ ਦੇ ਸ਼ਹਿਰ ਸਰੀ ਵਿੱਚ ਇੱਕ ਘਰ ’ਤੇ ਗੋਲੀਆਂ ਚਲਾਉਣ ਅਤੇ ਜਬਰਨ ਵਸੂਲੀ ਦੇ ਇਲਜ਼ਾਮ ਹੇਠ ਤਿੰਨ ਪੰਜਾਬੀ ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਮੁਲਜ਼ਮਾਂ ਦੀ ਪਛਾਣ ਹਰਜੋਤ ਸਿੰਘ (21), ਤਰਨਵੀਰ ਸਿੰਘ (19) ਅਤੇ ਦਯਾਜੀਤ ਸਿੰਘ ਬਿਲਿੰਗ (21) ਵਜੋਂ ਹੋਈ ਹੈ। ਅਦਾਲਤ ਨੇ ਤਿੰਨਾਂ ਨੂੰ 5 ਫਰਵਰੀ ਤੱਕ ਹਿਰਾਸਤ ਵਿੱਚ ਭੇਜ ਦਿੱਤਾ ਹੈ।
ਪੁਲਿਸ ਅਨੁਸਾਰ ਇਹ ਘਟਨਾ ਐਤਵਾਰ ਸਵੇਰੇ 4 ਵਜੇ ਕ੍ਰੈਸੈਂਟ ਬੀਚ ਇਲਾਕੇ ਵਿੱਚ ਵਾਪਰੀ। ਹਮਲਾਵਰਾਂ ਨੇ ਇੱਕ ਘਰ ਨੂੰ ਨਿਸ਼ਾਨਾ ਬਣਾ ਕੇ ਗੋਲੀਆਂ ਚਲਾਈਆਂ, ਜੋ ਘਰ ਦੇ ਅੰਦਰ ਤੱਕ ਲੱਗੀਆਂ। ਇਸ ਦੌਰਾਨ ਘਰ ਦੀ ਫੈਂਸ ਨੂੰ ਅੱਗ ਵੀ ਲੱਗ ਗਈ, ਜਿਸ ਨੂੰ ਫ਼ਾਇਰ ਫਾਈਟਰਜ਼ ਨੇ ਬੁਝਾਇਆ। ਖੁਸ਼ਕਿਸਮਤੀ ਨਾਲ ਘਟਨਾ ਵਿੱਚ ਕੋਈ ਜ਼ਖਮੀ ਨਹੀਂ ਹੋਇਆ।
ਵਾਰਦਾਤ ਤੋਂ ਬਾਅਦ ਸ਼ੱਕੀ ਆਪਣਾ ਵਾਹਨ ਛੱਡ ਕੇ ਪੈਦਲ ਫ਼ਰਾਰ ਹੋ ਗਏ ਸਨ। ਪੁਲਿਸ ਨੇ ਮੁਸਤੈਦੀ ਦਿਖਾਉਂਦੇ ਹੋਏ ਤਿੰਨਾਂ ਨੂੰ 28 ਐਵੇਨਿਊ ਨੇੜੇ ਇੱਕ ਰਾਈਡਸ਼ੇਅਰ ਵਾਹਨ ਵਿੱਚੋਂ ਗ੍ਰਿਫ਼ਤਾਰ ਕਰ ਲਿਆ। ਫਿਲਹਾਲ ਮੁਲਜ਼ਮਾਂ ਕੋਲੋਂ ਕੋਈ ਹਥਿਆਰ ਬਰਾਮਦ ਨਹੀਂ ਹੋਇਆ ਹੈ ਅਤੇ ਪੁਲਿਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ।
Read More : ਜ਼ਮਾਨਤ ਮਿਲਣ ਦਾ ਮਤਲਬ ਕੇਸ ਤੋਂ ਬਰੀ ਹੋਣਾ ਨਹੀਂ ਹੈ : ਹਰਪਾਲ ਚੀਮਾ
