ਸ਼ਿਵ ਕੁਮਾਰ ਬਟਾਲਵੀ ਦੇ ਜਨਮ ਦਿਨ ਨੂੰ ਸਮਰਪਤਿ ਬਟਾਲਾ ’ਚ ‘ਸੂਬਾ ਪੱਧਰੀ ਸਮਾਗਮ’ ਕਰਵਾਇਆ
ਬਟਾਲਾ, 23 ਜੁਲਾਈ : ਪੰਜਾਬ ਦੇ ਸਿਰਮੌਰ ਕਵੀ ਸ਼ਿਵ ਕੁਮਾਰ ਬਟਾਲਵੀ ਦੇ 89ਵੇਂ ਜਨਮ ਦਿਵਸ ਨੂੰ ਸਮਰਪਿਤ ‘ਸੂਬਾ ਪੱਧਰੀ ਸਮਾਗਮ’ ਸਥਾਨਕ ਸ਼ਿਵ ਕੁਮਾਰ ਬਟਾਲਵੀ ਸੱਭਿਆਚਾਰਕ ਕੇਂਦਰ ਵਿਖੇ ਮਨਾਇਆ ਗਿਆ, ਜਿਸ ’ਚ ਲਾਲ ਚੰਦ ਕਟਾਰੂਚੱਕ ਕੈਬਨਿਟ ਮੰਤਰੀ ਵਣ ਅਤੇ ਜੰਗਲੀ ਜੀਵ ਵਿਭਾਗ, ਖੁਰਾਕ ਸਪਲਾਈ ਅਤੇ ਖਪਤਕਾਰ ਮਾਮਲੇ ਪੰਜਾਬ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।
ਇਸ ਮੌਕੇ ਦਲਵਿੰਦਰਜੀਤ ਸਿੰਘ ਡਿਪਟੀ ਕਮਿਸ਼ਨਰ ਗੁਰਦਾਸਪੁਰ, ਸੁਹੇਲ ਕਾਸਿਮ ਮੀਰ ਐੱਸ. ਐੱਸ. ਪੀ. ਬਟਾਲਾ, ਡਾ. ਹਰਜਿੰਦਰ ਸਿੰਘ ਬੇਦੀ ਵਧੀਕ ਡਿਪਟੀ ਕਮਿਸ਼ਨਰ (ਜ), ‘ਆਪ’ ਦੇ ਸੂਬਾ ਕਾਰਜਕਾਰੀ ਪ੍ਰਧਾਨ ਅਤੇ ਬਟਾਲਾ ਦੇ ਵਿਧਾਇਕ ਸ਼ੈਰੀ ਕਲਸੀ ਦੇ ਭਰਾ ਅੰਮ੍ਰਿਤ ਕਲਸੀ ਅਤੇ ਰਾਜੀਵ ਬਟਾਲਵੀ ਸਮੇਤ ਵੱਡੀ ਗਿਣਤੀ ’ਚ ਲੋਕ ਮੌਜੂਦ ਸਨ।
ਇਸ ਮੌਕੇ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਵੱਲੋਂ ਸ਼ਿਵ ਕੁਮਾਰ ਬਟਾਲਵੀ ਆਡੀਟੋਰੀਅਮ ਦੇ ਵਿਕਾਸ ਲਈ 10 ਲੱਖ ਰੁਪਏ ਦੇਣ ਦਾ ਐਲਾਨ ਕੀਤਾ। ਉਨ੍ਹਾਂ ਨੇ ਸ਼ਿਵ ਕੁਮਾਰ ਬਟਾਲਵੀ ਆਡੋਟੋਰੀਅਮ ਦੇ ਕੰਪਲੈਕਸ ਵਿਖੇ ਪੌਦਾ ਵੀ ਲਗਾਇਆ ਅਤੇ ਸ਼ਿਵ ਕੁਮਾਰ ਬਟਾਲਵੀ ਦੇ ਬੁੱਤ ’ਤੇ ਫੁੱਲ ਵੀ ਅਰਪਨ ਕੀਤੇ ਗਏ।
ਇਸ ਮੌਕੇ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਕਿਹਾ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ 350ਵੀਂ ਸ਼ਹੀਦੀ ਦਿਵਸ ਨੂੰ ਸਮਰਪਿਤ ਪੰਜਾਬ ਦੇ ਹਰ ਜ਼ਿਲੇ ਅੰਦਰ 3.50 ਲੱਖ ਪੌਦੇ ਲਗਾਏ ਜਾਣਗੇ ਤਾਂ ਜੋ ਹਰ ਸੂਬੇ ਅੰਦਰ ਵਾਤਾਵਰਣ ਨੂੰ ਹਰਿਆ ਭਰਿਆ ਤੇ ਖੁਸ਼ਹਾਲ ਕੀਤਾ ਜਾ ਸਕੇ।
ਉਨ੍ਹਾਂ ਨੇ ਕਿਹਾ ਕਿ ਪੰਜਾਬ ਦੇ ਸਿਰਮੌਰ ਕਵੀ ‘ਸ਼ਿਵ ਕੁਮਾਰ ਬਟਾਲਵੀ ਜੀ’ ਦੇ 89ਵੇਂ ਜਨਮ ਦਿਵਸ ਨੂੰ ਸਮਰਪਿਤ ਵਾਤਾਵਰਣ ਦੀ ਸੁਰੱਖਿਆ ਅਤੇ ਰੁੱਖਾਂ ਦੀ ਮਹੱਤਤਾ ਸਬੰਧੀ ਇਕ ਮਹੀਨਾ ਚੱਲਣ ਵਾਲੇ ਭਾਸ਼ਣ ਅਤੇ ਕਵਿਤਾ ਮੁਕਾਬਲੇ ਦੀ ਸ਼ੁਰੂਆਤ ਸਬੰਧੀ ਅੱਜ ‘ਸ਼ਿਵ ਕੁਮਾਰ ਬਟਾਲਵੀ ਸੱਭਿਆਚਾਰਕ ਕੇਂਦਰ’ ਬਟਾਲਾ ਵਿਖੇ ਕਰਵਾਏ ਗਏ ਸੂਬਾ ਪੱਧਰੀ ਸਮਾਗਮ ’ਚ ਕੀਤੀ ਗਈ ਹੈ, ਜਿਸ ’ਚ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਨੇ ਪੂਰੇ ਉਤਸ਼ਾਹ ਨਾਲ ਹਿੱਸਾ ਲਿਆ ਹੈ, ਜੋ ਵਧਾਈ ਦੇ ਪਾਤਰ ਹਨ।
ਉਨ੍ਹਾਂ ਦੱਸਿਆ ਕਿ ਇਹ ਮੁਕਾਬਲੇ ਇਕ ਮਹੀਨੇ ਤੱਕ ਚੱਲਣਗੇ ਅਤੇ 4 ਸ਼੍ਰੇਣੀਆਂ ਜਿਨ੍ਹਾਂ ’ਚ ਪ੍ਰਾਇਮਰੀ (ਪਹਿਲੀ ਤੋਂ ਪੰਜਵੀਂ ਜਮਾਤ), ਸੈਕੰਡਰੀ (ਛੇਵੀਂ ਤੋਂ ਦਸਵੀਂ ਜਮਾਤ), ਸੀਨੀਅਰ ਸੈਕੰਡਰੀ (ਗਿਆਰਵੀਂ ਤੇ ਬਾਰ੍ਹਵੀਂ) ਅਤੇ ਕਾਲਜ ਪੱਧਰ ’ਤੇ ਕਰਵਾਏ ਜਾਣਗੇ। ਇਨ੍ਹਾਂ ਮੁਕਾਬਲਿਆਂ ਦੇ ਪਹਿਲੇ ਗੇੜ ਦੇ ਜੇਤੂ ਅੱਗੇ ਸੂਬਾ ਪੱਧਰ ’ਤੇ ਆਪਣੇ ਹੁਨਰ ਦਾ ਪ੍ਰਦਰਸ਼ਨ ਕਰਨਗੇ। ਸੂਬਾ ਪੱਧਰ ’ਤੇ ਚਾਰਾਂ ਸ਼੍ਰੇਣੀਆਂ ’ਚੋਂ ਹਰੇਕ ਵਿਚ ਪਹਿਲੇ ਤਿੰਨ ਸਥਾਨ ਪ੍ਰਾਪਤ ਕਰਨ ਵਾਲੇ ਉਮੀਦਵਾਰਾਂ ਨੂੰ ਨਕਦ ਇਨਾਮ ਰਾਸ਼ੀ ਨਾਲ ਸਨਮਾਨਿਤ ਕੀਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਸ਼ਿਵ ਬਟਾਲਵੀ ਬਟਾਲਾ ਸ਼ਹਿਰ ਦਾ ਮਾਣ ਹਨ, ਜਿਨ੍ਹਾਂ ਆਪਣੀ ਕਲਾ ਦਾ ਲੋਹਾ ਸਾਰੀ ਦੁਨੀਆਂ ’ਚ ਮਨਵਾਇਆ। ਸ਼ਿਵ ਕੁਮਾਰ ਬਟਾਲਵੀ ਨੇ ਆਪਣੀ ਸ਼ਾਇਰੀ ਰਾਹੀਂ ਬਟਾਲਾ ਸ਼ਹਿਰ ਦਾ ਨਾਮ ਪੂਰੀ ਦੁਨੀਆਂ ’ਚ ਰੌਸ਼ਨ ਕੀਤਾ ਅਤੇ ਪੰਜਾਬੀ ਮਾਂ ਬੋਲੀ ਦੀ ਝੋਲੀ ’ਚ ਅਜਿਹੀਆਂ ਖੂਬਸੂਰਤ ਰਚਨਾਵਾਂ ਪਾਈਆਂ ਹਨ, ਜੋ ਰਹਿੰਦੀ ਦੁਨੀਆਂ ਤੱਕ ਉਸ ਨੂੰ ਲੋਕ ਮਨਾਂ ’ਚ ਜ਼ਿੰਦਾ ਰੱਖਣਗੀਆਂ।
ਇਸ ਮੌਕੇ ਡੀ. ਸੀ. ਦਲਵਿੰਦਰਜੀਤ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਵਾਤਾਵਰਣ ਨੂੰ ਹਰਿਆ ਭਰਿਆ ਬਣਾਉਣ ਲਈ ਸਫਲ ਉਪਰਾਲੇ ਕੀਤੇ ਜਾ ਰਹੇ ਹਨ। ਇਸ ਮੌਕੇ ਅੰਮ੍ਰਿਤ ਕਲਸੀ ਨੇ ਕਿਹਾ ਕਿ ਵਿਧਾਇਕ ਅਮਨਸ਼ੇਰ ਸਿੰਘ ਕਲਸੀ, ਜ਼ਰੂਰੀ ਰੁਝੇਵਿਆਂ ਕਾਰਨ ਅੱਜ ਇਸ ਸਮਾਗਮ ’ਚ ਸ਼ਿਰਕਤ ਨਹੀਂ ਕਰ ਸਕੇ ਪਰ ਉਨ੍ਹਾਂ ਵੱਲੋਂ ਮਹਾਨ ਕਵੀ ਸ਼ਿਵ ਕੁਮਾਰ ਬਟਾਲਵੀ ਦੇ ਜਨਮ ਮੌਕੇ ਸਾਰਿਆਂ ਨੂੰ ਮੁਬਾਰਕਬਾਦ ਭੇਜੀ ਗਈ ਹੈ।
ਇਸ ਤੋਂ ਪਹਿਲਾਂ ਸਮਾਗਮ ਦੀ ਸ਼ੁਰੂਆਰ ਸਵੇਰੇ 9.30 ਵਜੇ ਹੋਈ, ਜਿਸ ’ਚ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਦੇ ਕਵਿਤਾ ਅਤੇ ਭਾਸ਼ਣ ਮੁਕਾਬਲੇ ਕਰਵਾਏ ਗਏ। ਉਪਰੰਤ ਕਵੀ ਦਰਬਾਰ ’ਚ ਕਵੀਆਂ ਵੱਲੋਂ ਆਪਣੇ ਕਲਾਮ ਪੇਸ਼ ਕੀਤੇ ਜਾਣਗੇ। ਆਖਰ ’ਚ ਪ੍ਰਸਿੱਧ ਸੂਫੀ ਗਾਇਕ ਯਕੂਬ ਨੇ ਸ਼ਾਨਦਾਰ ਗਾਇਕੀ ਪੇਸ਼ ਕੀਤੀ। ਇਸ ਮੌਕੇ ਮੁੱਖ ਮਹਿਮਾਨ ਮੰਤਰੀ ਲਾਲ ਚੰਦ ਕਟਾਰੂਚੱਕ ਵੱਲੋਂ ਕੇਕ ਵੀ ਕੱਟਿਆ ਗਿਆ।
Read More : ਪ੍ਰਾਪਰਟੀ ਡੀਲਰ ਦੇ ਘਰ ਅੱਗੇ ਫਾਇਰਿੰਗ ਕਰਨ ਵਾਲੇ ਸ਼ੂਟਰ ਸਮੇਤ 6 ਗ੍ਰਿਫਤਾਰ