National Lok Adalat

ਕੌਮੀ ਲੋਕ ਅਦਾਲਤ ਵਿਚ 26,125 ਕੇਸ ਵਿਚਾਰੇ, 24,926 ਨਿਬੇੜੇ

ਸੰਗਰੂਰ, 13 ਦਸੰਬਰ : ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਕਾਰਜਕਾਰੀ ਚੇਅਰਮੈਨ ਜਸਟਿਸ ਅਸ਼ਵਨੀ ਕੁਮਾਰ ਮਿਸ਼ਰਾ, ਜੱਜ, ਪੰਜਾਬ ਅਤੇ ਹਰਿਆਣਾ ਹਾਈ ਕੋਰਟ, ਚੰਡੀਗੜ੍ਹ ਦੀ ਰਹਿਨੁਮਾਈ ਅਤੇ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਸੰਗਰੂਰ ਦੇ ਚੇਅਰਮੈਨ ਮੁਨੀਸ਼ ਸਿੰਗਲ, ਜ਼ਿਲ੍ਹਾ ਅਤੇ ਸੈਸ਼ਨਜ਼ ਜੱਜ ਦੀ ਅਗਵਾਈ ਹੇਠ ਜ਼ਿਲ੍ਹਾ ਕਚਹਿਰੀਆਂ ਸੰਗਰੂਰ ਤੇ ਮਲੇਰਕੋਟਲਾ ਅਤੇ ਉਪ ਮੰਡਲ ਪੱਧਰ ਕਚਹਿਰੀਆਂ ਸੁਨਾਮ, ਮੂਨਕ ਤੇ ਧੂਰੀ ਵਿਖੇ ਕੌਮੀ ਲੋਕ ਅਦਾਲਤ ਲਗਾਈ ਗਈ।

ਜ਼ਿਲ੍ਹਾ ਅਥਾਰਟੀ ਵੱਲੋਂ ਧਿਰਾਂ ਨੂੰ ਆਪਣੇ ਕੇਸਾਂ ਦੇ ਨਿਪਟਾਰੇ ਰਜ਼ਾਮੰਦੀ ਨਾਲ ਇਸ ਨੈਸ਼ਨਲ ਲੋਕ ਅਦਾਲਤ ਵਿੱਚ ਨਿਬੇੜਨ ਲਈ ਉਤਸ਼ਾਹਿਤ ਕੀਤਾ ਗਿਆ। ਕੇਸਾਂ ਦੇ ਨਿਪਟਾਰੇ ਲਈ ਜ਼ਿਲ੍ਹਾ ਸੰਗਰੂਰ ਅਤੇ ਮਲੇਰਕੋਟਲਾ ਵਿੱਚ ਕੁੱਲ 24 ਲੋਕ ਅਦਾਲਤ ਬੈਂਚਾਂ ਦਾ ਗਠਨ ਕੀਤਾ ਗਿਆ, ਜਿਨ੍ਹਾਂ ਦੀ ਪ੍ਰਧਾਨਗੀ ਨਿਆਂਇਕ ਅਧਿਕਾਰੀਆਂ ਅਤੇ ਮਾਲ ਅਧਿਕਾਰੀਆਂ ਵੱਲੋਂ ਕੀਤੀ ਗਈ।

ਇਸ ਸਬੰਧੀ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਸੰਗਰੂਰ ਦੇ ਸਕੱਤਰ ਸ਼੍ਰੀਮਤੀ ਦਲਜੀਤ ਕੌਰ ਨੇ ਦੱਸਿਆ ਕਿ ਇਸ ਕੌਮੀ ਲੋਕ ਅਦਾਲਤ ਦੌਰਾਨ ਜ਼ਿਲ੍ਹਾ ਸੰਗਰੂਰ ਤੇ ਮਲੇਰਕੋਟਲਾ ਵਿੱਚ ਬਣੇ ਸਮੂਹ ਬੈਂਚਾਂ ਦੁਆਰਾ ਕੁੱਲ 26,125 ਕੇਸ ਨਿਪਟਾਰੇ ਲਈ ਵਿਚਾਰੇ ਗਏ ਜਿਨਾਂ ਵਿੱਚੋਂ 24,926 ਕੇਸਾਂ ਦਾ ਨਿਪਟਾਰਾ ਦੋਵਾਂ ਧਿਰਾਂ ਦੀ ਆਪਸੀ ਸਹਿਮਤੀ ਰਾਹੀਂ ਕਰਵਾਇਆ ਗਿਆ।

ਇਸ ਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਅੱਜ ਦੀ ਇਸ ਕੌਮੀ ਲੋਕ ਅਦਾਲਤ ਦੌਰਾਨ ਕੁਝ ਕੇਸ ਜੋ ਕਿ ਲੰਬੇ ਸਮੇਂ ਤੋਂ ਅਦਾਲਤਾਂ ਵਿੱਚ ਲੰਬਿਤ ਸਨ, ਵੀ ਆਪਸੀ ਰਜ਼ਾਮੰਦੀ ਰਾਹੀਂ ਨਿਬੇੜੇ ਗਏ। ਜਿਨ੍ਹਾਂ ਵਿੱਚੋਂ ਕੁਝ ਕੇਸਾਂ ਦੀ ਜਾਣਕਾਰੀ ਦਿੰਦੇ ਉਨ੍ਹਾਂ ਦੱਸਿਆ ਕਿ ਇੱਕ 2017 ਤੋਂ ਲੰਬਿਤ ਚੈੱਕ ਬਾਊਂਸ ਸਬੰਧੀ ਮੁਕੱਦਮਾ ਧਿਰਾਂ ਦੀ ਰਜ਼ਾਮੰਦੀ ਨਾਲ 17,60,000/- ਰੁਪਏ ਵਿੱਚ ਸਮਝੌਤੇ ਨਾਲ ਨਿਬੇੜਿਆ ਗਿਆ।

ਇੱਕ 2018 ਤੋਂ ਲੰਬਿਤ ਚੈੱਕ ਬਾਊਂਸ ਸਬੰਧੀ ਮੁਕੱਦਮਾ ਧਿਰਾਂ ਦੀ ਰਜ਼ਾਮੰਦੀ ਨਾਲ 2,23,000/- ਰੁਪਏ ਵਿੱਚ ਸਮਝੌਤੇ ਨਾਲ ਨਿਬੇੜਿਆ ਗਿਆ। ਇਸੇ ਤਰ੍ਹਾਂ ਹੀ ਸਾਲ 2018 ਤੋਂ ਲੰਬਿਤ ਇੱਕ ਦੀਵਾਨੀ ਮੁਕੱਦਮਾ ਅੱਜ ਦੀ ਇਸ ਲੋਕ ਅਦਾਲਤ ਵਿੱਚ ਧਿਰਾਂ ਦੀ ਰਜ਼ਾਮੰਦੀ ਰਾਹੀਂ ਨਿਬੇੜਿਆ ਗਿਆ।

ਲੋਕ ਅਦਾਲਤ ਰਾਹੀਂ ਕੇਸ ਨਿਬੇੜਨ ਦੇ ਲਾਭ ਬਾਰੇ ਜਾਣਕਾਰੀ ਦਿੰਦੇ ਹੋਏ ਉਨ੍ਹਾਂ ਦੱਸਿਆ ਕਿ ਲੋਕ ਅਦਾਲਤ ਵਿੱਚ ਦੋਹਾਂ ਧਿਰਾਂ ਦੀ ਸਹਿਮਤੀ ਨਾਲ ਕੇਸ ਦਾ ਸਥਾਈ ਹੱਲ ਹੋ ਜਾਂਦਾ ਹੈ ਤੇ ਇਸ ਵਿੱਚ ਕੋਰਟ ਫੀਸ ਵੀ ਵਾਪਸ ਹੋ ਜਾਂਦੀ ਹੈ। ਲੋਕ ਅਦਾਲਤਾਂ ਰਾਹੀਂ ਸਮੇਂ ਅਤੇ ਧਨ ਦੀ ਬਚਤ ਹੁੰਦੀ ਹੈ। ਇਸ ਵਿੱਚ ਦੋਵੇਂ ਧਿਰਾਂ ਦੀ ਸਹਿਮਤੀ ਨਾਲ ਨਿਪਟਾਰਾ ਹੋਣ ਨਾਲ ਦੋਵੇਂ ਧਿਰਾਂ ਹੀ ਜੇਤੂ ਰਹਿੰਦੀਆਂ ਹਨ।

Read More : ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀ ਚੋਣਾਂ ਸਬੰਧੀ ਤਿਆਰੀਆਂ ਪੂਰੀਆਂ, ਵੋਟਾਂ 14 ਦਸੰਬਰ ਨੂੰ

Leave a Reply

Your email address will not be published. Required fields are marked *