26 ਨੂੰ ਤਹਿਸੀਲ ਤੇ ਜਿਲਾ ਪੱਧਰ ‘ਤੇ ਹੋਣਗੇ ਧਰਨੇ ਤੇ ਰਖੀ ਜਾਵੇਗੀ ਭੁੱਖ ਹੜਤਾਲ
ਸਾਬਕਾ ਮੁੱਖ ਮੰਤਰੀ ਚੰਨੀ, ਐਮ. ਪੀ. ਡਾ. ਅਮਰ ਸਿੰਘ ਤੇ ਹੋਰਨਾਂ ਨੇ ਕੀਤੀ ਮੁਲਾਕਾਤ
ਖਨੌਰੀ, 22 ਦਸੰਬਰ- ਕੇਂਦਰ ਸਰਕਾਰ ਵੱਲੋਂ ਮੰਨੀਆਂ ਹੋਈਆਂ ਮੰਗਾਂ ਤੇ ਕੀਤੇ ਗਏ ਵਾਅਦਿਆਂ ਨੂੰ ਲਾਗੂ ਕਰਵਾਉਣ ਲਈ 26 ਨਵੰਬਰ ਤੋਂ ਮਰਨ ਵਰਤ ਉੱਪਰ ਬੈਠੇ ਜਗਜੀਤ ਸਿੰਘ ਡੱਲੇਵਾਲ ਦਾ ਮਾਰਨ ਵਰਤ ਅੱਜ 27ਵੇਂ ਦਿਨ ਵੀ ਖਨੌਰੀ ਬਾਰਡਰ ਉੱਪਰ ਜਾਰੀ ਰਿਹਾ, ਜਿਨਾ ਦੇ ਹਕ ਵਿਚ ਨਾਅਰੇ ਲਗਾਉਂਦਿਆਂ ਅੱਜ ਕਿਸਾਨ ਨੇਤਾਵਾਂ ਨੇ 24 ਦਸੰਬਰ ਨੂੰ ਦੇਸ਼ ਭਰ ਵਿਚ ਮੋਮਬੱਤੀ ਮਾਰਚ ਕਰਨ ਦਾ ਵੀ ਐਲਾਨ ਕੀਤਾ।
ਕਿਸਾਨ ਨੇਤਾਵਾਂ ਨੇ ਆਖਿਆ ਕਿ ਇਸੇ ਤਰ੍ਹਾਂ 26 ਦਸੰਬਰ ਨੂੰ ਵੀ ਤਹਿਸੀਲ ਤੇ ਜਿਲਾ ਪੱਧਰ ‘ਤੇ ਵੀ ਡੱਲੇਵਾਲ ਦੇ ਹਕ ਵਿਚ ਧਰਨੇ ਪ੍ਰਦਰਸ਼ਨ ਹੋਣਗੇ ਤੇ ਭੁੱਖ ਹੜਤਾਲ ਵੀ ਰਖੀ ਜਾਵੇਗੀ ਤਾਂ ਜੋ ਸਰਕਾਰ ਨੂੰ ਜਗਾਇਆ ਜਾ ਸਕੇ।
ਅੱਜ ਡਾਕਟਰਾਂ ਦੀ ਸਲਾਹ ਅਨੁਸਾਰ ਗੰਭੀਰ ਹਾਲਤ ਨੂੰ ਦੇਖਦਿਆਂ ਅੱਜ ਜਗਜੀਤ ਸਿੰਘ ਡੱਲੇਵਾਲ ਸਟੇਜ ਉੱਪਰ ਨਹੀਂ ਆਏ। 27 ਦਿਨਾਂ ਤੋ ਮਰਨ ਵਰਤ ਉੱਪਰ ਹੋਣ ਕਾਰਨ ਉਹਨਾ ਦੀ ਇਮਿਊਨਿਟੀ ਬਹੁਤ ਜਿਆਦਾ ਕਮਜ਼ੋਰ ਹੋ ਚੁੱਕੀ ਹੈ, ਇਸ ਲਈ ਉਨ੍ਹਾਂ ਨੂੰ ਇਨਫੈਕਸ਼ਨ ਦਾ ਖਤਰਾ ਹੈ।
ਕੱਲ੍ਹ ਸ਼ਾਮ ਖੇਤੀਬਾੜੀ ਬਾਰੇ ਬਣੀ ਸੰਸਦ ਦੀ ਸਟੈਂਡਿੰਗ ਕਮੇਟੀ ਦੇ ਚੇਅਰਮੈਨ ਚਰਨਜੀਤ ਸਿੰਘ ਚੰਨੀ ਨੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨਾਲ ਮੁਲਾਕਾਤ ਕਰ ਕੇ ਸੰਸਦੀ ਕਮੇਟੀ ਦੀ ਰਿਪੋਰਟ ਦੀ ਕਾਪੀ ਉਹਨਾਂ ਨੂੰ ਸੌਂਪੀ। ਸੰਸਦੀ ਕਮੇਟੀ ਦੇ ਚੇਅਰਮੈਨ ਨੇ ਦੱਸਿਆ ਕਿ ਸਾਰੇ ਸੰਸਦ ਮੈਂਬਰਾਂ ਨੇ ਇਹ ਰਿਪੋਰਟ ਸਰਬਸੰਮਤੀ ਨਾਲ ਤਿਆਰ ਕੀਤੀ ਹੈ।
ਕਿਸਾਨ ਆਗੂਆਂ ਨੇ ਕਿਹਾ ਕਿ ਦੇਸ਼ ਵਿੱਚ ਸੰਸਦ ਸਰਵਉੱਚ ਹੈ, ਇਸ ਲਈ ਕੇਂਦਰ ਸਰਕਾਰ ਨੂੰ ਇਸ ਸੰਸਦੀ ਕਮੇਟੀ ਦੇ ਸੁਝਾਵਾਂ ਨੂੰ ਸਵੀਕਾਰ ਕਰਦੇ ਹੋਏ ਐਮ. ਐਸ. ਪੀ. ਗਾਰੰਟੀ ਕਾਨੂੰਨ ਬਣਾਉਣਾ ਚਾਹੀਦਾ ਹੈ। ਕਮੇਟੀ ਨੇ ਆਪਣੀ ਰਿਪੋਰਟ ਵਿੱਚ ਲਿਖਿਆ ਹੈ ਕਿ ਵਿੱਤ ਮੰਤਰਾਲੇ ਨੇ ਜੋ ਵੀ ਬਜਟ ਖੇਤੀਬਾੜੀ ਮੰਤਰਾਲੇ ਨੂੰ ਦਿੱਤਾ ਖੇਤੀਬਾੜੀ ਮੰਤਰਾਲੇ ਨੇ ਉਸ ਬਜਟ ਦੀ ਵੀ ਸਹੀ ਢੰਗ ਨਾਲ ਵਰਤੋਂ ਨਹੀਂ ਕੀਤੀ ਅਤੇ ਵਿੱਤੀ ਸਾਲ ਦੇ ਅੰਤ ਵਿਚ ਵਿੱਤ ਮੰਤਰਾਲੇ ਨੂੰ ਵਾਪਸ ਕਰ ਦਿੱਤਾ ਹੈ ਅਤੇ ਹਰ ਸਾਲ ਖੇਤੀਬਾੜੀ ਲਈ ਬਜਟ ਦੀ ਵੰਡ ਦਾ ਪ੍ਰਤੀਸ਼ਤ ਘਟਾਇਆ ਜਾ ਰਿਹਾ ਹੈ।
ਕਮੇਟੀ ਨੇ ਆਪਣੀ ਰਿਪੋਰਟ ਵਿੱਚ ਇਹ ਵੀ ਕਿਹਾ ਕਿ 2016-2017 ਤੋਂ 2021-22 ਤੱਕ ਕਿਸਾਨਾਂ ਦੀ ਆਮਦਨ ਵਿੱਚ 57.6 ਫੀਸਦੀ ਦਾ ਵਾਧਾ ਹੋਇਆ ਹੈ ਪਰ ਕਿਸਾਨਾਂ ਦੇ ਖਰਚੇ ਲਾਗਤ ਵਿੱਚ 67.4 ਫੀਸਦੀ ਦਾ ਵਾਧਾ ਹੋਇਆ ਹੈ ਅਤੇ ਪੇਂਡੂ ਖੇਤਰਾਂ ਵਿੱਚ ਕਰਜ਼ਾ ਲੈਣ ਵਾਲਿਆਂ ਦੀ ਗਿਣਤੀ 47.4 ਫੀਸਦੀ ਤੋਂ ਵੱਧ ਕੇ 52 ਹੋ ਗਈ ਹੈ।
ਕਿਸਾਨਾਂ ਦੀ ਕਰਜ਼ਾ ਮੁਕਤੀ ਲਈ ਨੀਤੀ ਬਣਾਉਣ, ਖੇਤੀ ਉਤਪਾਦਾਂ ਦੀ ਦਰਾਮਦ ਅਤੇ ਨਿਰਯਾਤ ਲਈ ਨੀਤੀਆਂ ਬਣਾਉਣ ਤੋਂ ਪਹਿਲਾਂ ਕਿਸਾਨਾਂ ਨਾਲ ਸਲਾਹਮਸ਼ਵਰਾ ਕਰਨਾ, ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ ਵਿੱਚ ਸੁਧਾਰ ਕਰਨਾ, ਬੀਜਾਂ ਉੱਪਰ ਕਿਸਾਨਾਂ ਦੇ ਅਧਿਕਾਰਾਂ ਨੂੰ ਯਕੀਨੀ ਬਣਾਉਣ ਸਮੇਤ ਕਿਸਾਨਾਂ ਦੇ ਹੱਕ ਵਿੱਚ ਕਈ ਸੁਝਾਅ ਦਿੱਤੇ ਗਏ ਹਨ।
ਕਿਸਾਨ ਆਗੂਆਂ ਨੇ ਕਿਹਾ ਕਿ ਜਗਜੀਤ ਸਿੰਘ ਡੱਲੇਵਾਲ ਜੀ ਦੀਆਂ ਭਾਵਨਾਵਾਂ ਅਨੁਸਾਰ ਸਾਡੀ ਟੀਮ ਇਸ ਰਿਪੋਰਟ ਦਾ ਡੂੰਘਾਈ ਨਾਲ ਅਧਿਐਨ ਕਰ ਰਹੀ ਹੈ ਅਤੇ ਜਲਦੀ ਹੀ ਵਿਸਥਾਰ ਨਾਲ ਆਪਣੇ ਵਿਚਾਰ ਰੱਖੇਗੀ। ਮੱਧ ਪ੍ਰਦੇਸ਼ ਦੇ ਇਟਾਰਸੀ ਵਿੱਚ ਕਿਸਾਨਾਂ ਨੇ ਵੱਡੀ ਗਿਣਤੀ ਵਿੱਚ ਇਕੱਠੇ ਹੋ ਕੇ ਜਗਜੀਤ ਸਿੰਘ ਡੱਲੇਵਾਲ ਦੇ ਮਰਨ ਵਰਤ ਦੇ ਸਮਰਥਨ ਵਿੱਚ ਇੱਕ ਰੋਜ਼ਾ ਸੰਕੇਤਿਕ ਭੁੱਖ ਹੜਤਾਲ ਕੀਤੀ ਹੈ।
ਇਸਤੋ ਇਲਾਵਾ ਅੱਜ ਕਿਸਾਨ ਨੇਤਾ ਜਗਜੀਤ ਸਿੰਘ ਡੱਲੇਵਾਲ ਦੇ ਨਾਲ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਐਮਪੀ ਡਾ. ਅਮਰ ਸਿੰਘ ਤੇ ਹੋਰਨਾਂ ਨੇ ਮੁਲਾਕਾਤ ਕਰਕੇ ਉਨ੍ਹਾਂ ਦਾ ਹਾਲ ਵੀ ਜਾਣਿਆ।
