ਇਕ ਏਜੰਟ ਨੇ ਦੁਬਈ ਦੀ ਬਜਾਏ ਭੇਜ ਦਿੱਤਾ ਸੀ ਪਾਕਿਸਤਾਨ
ਅੰਮ੍ਰਿਤਸਰ, 17 ਦਸੰਬਰ – ਇਕ ਏਜੰਟ ਦੀ ਠੱਗੀ ਦਾ ਸ਼ਿਕਾਰ ਹੋਈ ਮੁੰਬਈ ਦੀ ਰਹਿਣ ਵਾਲੀ ਹਾਮੀਦਾ ਬਾਨੋ 22 ਸਾਲਾਂ ਬਾਅਦ ਪਾਕਿਸਤਾਨ ਤੋਂ ਅਟਾਰੀ ਸਰਹੱਦ ਰਾਹੀਂ ਵਾਪਸ ਵਤਨ ਪਰਤੀ ਹੈ।
ਜਾਣਕਾਰੀ ਅਨੁਸਾਰ ਏਜੰਟ ਨੇ ਹਮੀਦਾ ਨੂੰ ਦੁਬਈ ਭੇਜਣ ਅਤੇ ਨੌਕਰੀ ਦੇਣ ਦਾ ਵਾਅਦਾ ਕੀਤਾ ਸੀ ਪਰ ਉਸ ਨੇ ਦੁਬਈ ਭੇਜਣ ਦੀ ਬਜਾਏ ਉਸ ਨੂੰ ਪਾਕਿਸਤਾਨ ਭੇਜ ਦਿੱਤਾ। ਹਮੀਦਾ ਨੇ ਦੱਸਿਆ ਕਿ ਸਾਲ 2002 ਵਿਚ ਉਹ ਪਾਕਿਸਤਾਨ ਪਹੁੰਚ ਗਈ। ਇਥੇ ਹੈਦਰਾਬਾਦ ਤੋਂ ਇਕ ਕੈਂਪ ਵਿਚ ਤਿੰਨ ਮਹੀਨੇ ਬਿਤਾ ਕੇ ਇਸਲਾਮਾਬਾਦ ਆ ਗਈ, ਜਿੱਥੇ ਮਜ਼ਬੂਰਨ ਇਕ ਸਿੰਧੀ ਵਿਅਕਤੀ ਨਾਲ ਵਿਆਹ ਕਰਨਾ ਪਿਆ, ਪਰ ਕੋਈ ਬੱਚਾ ਨਹੀਂ ਹੋਇਆ, ਜਿਸ ਵਿਅਕਤੀ ਨਾਲ ਵਿਆਹ ਕੀਤਾ ਸੀ, ਉਸ ਦੀ ਪਤਨੀ ਦੀ ਮੌਤ ਹੋ ਚੁੱਕੀ ਸੀ ਅਤੇ ਬੱਚਿਆਂ ਦੀ ਦੇਖਭਾਲ ਕਰਨ ਲਈ ਵਿਆਹ ਕੀਤਾ ਸੀ।
ਉਸ ਨੇ ਦੱਸਿਆ ਕਿ ਉਸ ਦਾ ਘਰ ਮੁੰਬਈ ਦੇ ਕੁਰਲਾ ਰੇਲਵੇ ਸਟੇਸ਼ਨ ਨੇੜੇ ਹੈ, ਉਸ ਨੇ ਘਰ ਦੇ ਫੋਨ ਨੰਬਰਾਂ ’ਤੇ ਕਈ ਵਾਰ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਪਰ ਨੰਬਰ ਬਦਲ ਚੁੱਕੇ ਸਨ। ਉਸ ਦੇ 2 ਪੁੱਤਰ ਯੂਸਫ਼ ਅਤੇ ਫਜ਼ਲ ਅਤੇ 2 ਧੀਆਂ ਯਾਸਮੀਨ ਅਤੇ ਪ੍ਰਵੀਨ ਹਨ।