ਡੱਲੇਵਾਲ ਦਾ ਮਰਨ ਵਰਤ 112ਵੇਂ ਦਿਨ ਵੀ ਜਾਰੀ
ਖਨੌਰੀ ਕਿਸਾਨ ਮੋਰਚੇ ਉੱਪਰ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ ਅੱਜ 112ਵੇਂ ਦਿਨ ਵੀ ਜਾਰੀ ਰਿਹਾ। ਸੰਯੁਕਤ ਕਿਸਾਨ ਮੋਰਚਾ (ਗੈਰ-ਸਿਆਸੀ) ਅਤੇ ਕਿਸਾਨ ਮਜ਼ਦੂਰ ਮੋਰਚਾ ਨੇ ਐੱਮ. ਐੱਸ. ਪੀ. ਗਾਰੰਟੀ ਕਾਨੂੰਨ ਦੇ ਮੁੱਦੇ ਉੱਪਰ ਖੇਤੀ ਮਾਹਿਰਾਂ ਅਤੇ ਅਰਥ ਸ਼ਾਸਤਰੀਆਂ ਨਾਲ ਵਿਸਥਾਰਪੂਰਵਕ ਗੱਲਬਾਤ ਕੀਤੀ। ਮਾਹਿਰਾਂ ਨੇ ਕਿਸਾਨਾਂ ਦੇ ਵਿਚਾਰਾਂ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਜੇਕਰ ਸਰਕਾਰ ਮਜ਼ਬੂਤ ਸਿਆਸੀ ਇੱਛਾ ਸ਼ਕਤੀ ਦਿਖਾਵੇ ਤਾਂ ਐੱਮ. ਐੱਸ. ਪੀ. ਦਾ ਗਾਰੰਟੀ ਕਾਨੂੰਨ ਬਣਾਇਆ ਜਾ ਸਕਦਾ ਹੈ ਅਤੇ ਸਾਰੇ ਵਰਗਾਂ ਨੂੰ ਇਸ ਦਾ ਫਾਇਦਾ ਹੋਵੇਗਾ।
ਕਿਸਾਨ ਆਗੂਆਂ ਨੇ ਦੱਸਿਆ ਕਿ ਸ਼ੰਭੂ ਅਤੇ ਦਾਤਾਸਿੰਘਵਾਲਾ-ਖਨੌਰੀ ਮੋਰਚੇ ਦੇ ਆਲੇ-ਦੁਆਲੇ ਟੁੱਟੀਆਂ ਸੜਕਾਂ ਦੀ ਮੁਰੰਮਤ ਕਰਵਾਉਣ ਲਈ 21 ਮਾਰਚ ਨੂੰ ਸੈਂਕੜੇ ਕਿਸਾਨਾ ਵੱਲੋਂ ਇਕੱਠੇ ਹੋ ਕੇ ਸ਼ੁੱਤਰਾਣਾ, ਨਰਵਾਣਾ, ਘਨੌਰ ਅਤੇ ਅੰਬਾਲਾ ਦੇ ਵਿਧਾਇਕਾਂ ਨੂੰ ਮੰਗ-ਪੱਤਰ ਦਿੱਤੇ ਜਾਣਗੇ। ਉਨ੍ਹਾਂ ਦੱਸਿਆ ਕਿ 23 ਮਾਰਚ ਨੂੰ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੇ ਸ਼ਹੀਦੀ ਦਿਹਾੜੇ ’ਤੇ ਤਿੰਨੋਂ ਮੋਰਚਿਆਂ ’ਤੇ ਪ੍ਰੋਗਰਾਮ ਕੀਤੇ ਜਾਣਗੇ ਅਤੇ 30 ਮਾਰਚ ਨੂੰ ਦਾਤਾਸਿੰਘਵਾਲਾ-ਖਨੌਰੀ ਅਤੇ ਸ਼ੰਭੂ ਮੋਰਚਿਆਂ ’ਤੇ ‘ਫਸਲ ਬਚਾਓ, ਨਸਲ ਬਚਾਓ’ ਮਹਾਪੰਚਾਇਤ ਕਰਵਾਈ ਜਾਵੇਗੀ, ਜਿਸ ’ਚ ਵੱਡੀ ਗਿਣਤੀ ਵਿਚ 8ਵੀਂ ਤੋਂ 12ਵੀਂ ਤੱਕ ਦੇ ਸਕੂਲੀ ਵਿਦਿਆਰਥੀ ਅਤੇ ਯੂਨੀਵਰਸਿਟੀ/ਕਾਲਜ ਦੇ ਵਿਦਿਆਰਥੀ ਭਾਗ ਲੈਣਗੇ, 30 ਮਾਰਚ ਨੂੰ ਹੋਣ ਵਾਲੀ ਮਹਾਪੰਚਾਇਤ ’ਚ ਵਿਦਿਆਰਥੀਆਂ ਨਾਲ ਖੇਤੀ ਦੀ ਮਹੱਤਤਾ ਅਤੇ ਐੱਮ. ਐੱਸ. ਪੀ. ਦੇ ਗਾਰੰਟੀ ਕਾਨੂੰਨ ਬਾਰੇ ਵਿਸਥਾਰਪੂਰਵਕ ਚਰਚਾ ਕੀਤੀ ਜਾਵੇਗੀ।
ਕਿਸਾਨ ਆਗੂਆਂ ਨੇ ਕਿਹਾ ਕਿ ਭਾਰਤ ਸਰਕਾਰ ਨੂੰ ਅਮਰੀਕਾ ਦੇ ਦਬਾਅ ਹੇਠ ਆ ਕੇ ਖੇਤੀ ਵਸਤਾਂ ’ਤੇ ਦਰਾਮਦ ਡਿਊਟੀ ਘਟਾਉਣੀ ਨਹੀਂ ਚਾਹੀਦੀ ਕਿਉਂਕਿ ਜੇਕਰ ਅਜਿਹਾ ਹੁੰਦਾ ਹੈ ਤਾਂ ਭਾਰਤੀ ਕਿਸਾਨਾਂ ਦਾ ਭਾਰੀ ਨੁਕਸਾਨ ਹੋਵੇਗਾ। ਉਨ੍ਹਾਂ ਕਿਹਾ ਕਿ ਆਪਣੇ ਦੇਸ਼ ਦੇ ਕਿਸਾਨਾਂ ਦੇ ਹਿੱਤਾਂ ਦੀ ਰਾਖੀ ਕਰਨਾ ਭਾਰਤ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ।
ਇਸ ਮੌਕੇ ਕਿਸਾਨ ਆਗੂ ਸਰਵਣ ਸਿੰਘ ਪੰਧੇਰ, ਜਸਵਿੰਦਰ ਸਿੰਘ ਲੌਂਗੋਵਾਲ, ਬਲਦੇਵ ਸਿੰਘ ਜੀਰਾ, ਕਾਕਾ ਕੋਟਲਾ, ਅਮਰਜੀਤ ਸਿੰਘ ਮੋਹਰੀ, ਗੁਰਅਮਨੀਤ ਸਿੰਘ ਮਾਂਗਟ, ਬਲਵੰਤ ਸਿੰਘ ਬਹਿਰਾਮਕੇ, ਗੁਰਬਿੰਦਰ ਸਿੰਘ ਭੰਗੂ, ਸੁਖਜੀਤ ਸਿੰਘ ਹਾਰਦੋਝੰਢੇ, ਜਰਨੈਲ ਸਿੰਘ, ਲਖਵਿੰਦਰ ਔਲਖ, ਤੇਜਵੀਰ ਸਿੰਘ ਪੰਜੋਕਰਾ ਸਾਹਿਬ, ਸੁਖਜਿੰਦਰ ਸਿੰਘ ਖੋਸਾ, ਜੰਗ ਸਿੰਘ ਭਟੇਡੀ, ਗੁਰਧਿਆਨ ਸਿੰਘ ਧੰਨਾ, ਸੁਖਵਿੰਦਰ ਕੌਰ, ਅਭਿਮਨਿਊ ਕੋਹਾੜ, ਪੀ. ਟੀ. ਜੌਨ (ਕੇਰਲ), ਨੰਦ ਕੁਮਾਰ (ਤਮਿਲਨਾਡੂ), ਬਲਕਾਰ ਸਿੰਘ ਬੈਂਸ, ਰਾਜ ਕਰਣ (ਜੀ. ਕੇ. ਐੱਸ., ਰਾਜਸਥਾਨ), ਹਰਜਿੰਦਰ ਸਿੰਘ ਸਕਰੀ ਆਦਿ ਮੌਜੂਦ ਸਨ।
