ਦਿੱਲੀ – ਸਿੱਖ ਨੁਸ਼ਲਕੁਸ਼ੀ (1984) ਦੌਰਾਨ ਹੋਏ ਦੋ ਕਤਲ ਦੇ ਮਾਮਲਿਆਂ ਵਿੱਚ ਦੋਸ਼ੀ ਕਾਂਗਰਸ ਆਗੂ ਸੱਜਣ ਕੁਮਾਰ ਨੂੰ 21 ਫਰਵਰੀ ਨੂੰ ਸਜ਼ਾ ਸੁਣਾਈ ਜਾਵੇਗੀ। ਦਿੱਲੀ ਦੀ ਰਾਊਜ਼ ਐਵੇਨਿਊ ਅਦਾਲਤ ਨੇ ਮੰਗਲਵਾਰ ਨੂੰ ਬਹਿਸ ਤੋਂ ਬਾਅਦ 21 ਫਰਵਰੀ ਲਈ ਆਪਣਾ ਫੈਸਲਾ ਸੁਰੱਖਿਅਤ ਰੱਖ ਲਿਆ। ਦੱਸ ਦੇਈਏ ਕਿ 1984 ਦੇ ਸਿੱਖ ਵਿਰੋਧੀ ਦੰਗਿਆਂ ਦੌਰਾਨ ਦਿੱਲੀ ਦੇ ਸਰਸਵਤੀ ਵਿਹਾਰ ਵਿੱਚ ਜਸਵੰਤ ਸਿੰਘ ਅਤੇ ਉਨ੍ਹਾਂ ਦੇ ਪੁੱਤਰ ਤਰੁਣਦੀਪ ਸਿੰਘ ਦਾ ਕਤਲ ਕਰ ਦਿੱਤਾ ਗਿਆ ਸੀ। ਸੱਜਣ ਕੁਮਾਰ ਨੂੰ ਇਸੇ ਮਾਮਲੇ ਵਿੱਚ ਹੀ ਦੋਸ਼ੀ ਕਰਾਰ ਦਿੱਤਾ ਗਿਆ ਹੈ।
ਕਾਂਗਰਸ ਦੇ ਸਾਬਕਾ ਸੰਸਦ ਮੈਂਬਰ ਸੱਜਣ ਕੁਮਾਰ ਦੀ ਸਜ਼ਾ ‘ਤੇ ਕੋਰਟ ਨੇ 18 ਫਰਵਰੀ ਨੂੰ ਬਹਿਸ ਦੀ ਤਾਰੀਕ ਤੈਅ ਕੀਤੀ ਸੀ, ਜਿਸ ਤੋਂ ਬਾਅਦ ਅੱਜ ਯਾਨੀ ਮੰਗਲਵਾਰ ਨੂੰ ਦੋਵਾਂ ਧਿਰਾਂ ਵਿੱਚ ਬਹਿਸ ਤੋਂ ਬਾਅਦ ਕੋਰਟ ਨੇ 21 ਫਰਵਰੀ ਨੂੰ ਸਜ਼ਾ ਸੁਣਾਉਣ ਦਾ ਐਲਾਨ ਕੀਤਾ ਹੈ। ਇਹ ਮਾਮਲਾ 1 ਨਵੰਬਰ 1984 ਦਾ ਹੈ, ਅਦਾਲਤ ਨੇ ਬੁੱਧਵਾਰ ਨੂੰ ਆਪਣਾ ਫੈਸਲਾ ਸੁਣਾਇਆ। ਸਾਬਕਾ ਸੰਸਦ ਮੈਂਬਰ ਸੱਜਣ ਕੁਮਾਰ ਵਿਰੁੱਧ ਆਈਪੀਸੀ ਦੀ ਧਾਰਾ 147/148/149/302/308/323/395/397/427/436/440 ਤਹਿਤ ਮਾਮਲਾ ਦਰਜ ਕੀਤਾ ਗਿਆ ਸੀ।
ਕੌਣ ਹੈ ਸੱਜਣ ਕੁਮਾਰ ?
23 ਸਤੰਬਰ 1945 ਨੂੰ ਜਨਮੇ ਸੱਜਣ ਕੁਮਾਰ ਨੇ ਆਪਣੀ ਜ਼ਿਆਦਾਤਰ ਸਿਆਸਤ ਦਿੱਲੀ ਵਿੱਚ ਹੀ ਕੀਤੀ। ਕਿਹਾ ਜਾਂਦਾ ਹੈ ਕਿ ਉਸਦੇ ਪਰਿਵਾਰ ਦੀ ਆਰਥਿਕ ਹਾਲਤ ਚੰਗੀ ਨਹੀਂ ਸੀ। ਸ਼ੁਰੂ ਵਿੱਚ, ਉਹ ਚਾਹ ਵੇਚ ਕੇ ਆਪਣਾ ਗੁਜ਼ਾਰਾ ਕਰਦਾ ਸੀ। 1970 ਤੋਂ 80 ਦਾ ਦਹਾਕਾ ਸਿਆਸੀ ਉੱਥਲ ਪੁੱਥਲ ਵਾਲਾ ਰਿਹਾ। ਇਸ ਉੱਥਲ ਪੁੱਥਲ ਦੌਰਾਨ ਸੱਜਣ ਦੀ ਦਿਲਚਸਪੀ ਸਿਆਸਤ ਵਿੱਚ ਵਧ ਗਈ ਜਿਸ ਤੋਂ ਬਾਅਦ ਉਹ ਸਿਆਸੀ ਜਲਸਿਆਂ ਵਿੱਚ ਸ਼ਾਮਿਲ ਹੋਣ ਲੱਗਾ।
ਸੱਜਣ ਕੁਮਾਰ ਨੇ ਐਮਰਜੈਂਸੀ ਦੌਰਾਨ ਸਿਆਸਤ ਵਿੱਚ ਪੈਰ ਰੱਖਿਆ ਅਤੇ 1977 ਵਿੱਚ ਦਿੱਲੀ ਨਗਰ ਨਿਗਮ ਲਈ ਕੌਂਸਲਰ ਚੁਣੇ ਗਏ ਅਤੇ ਇਹ ਉਹ ਸਮਾਂ ਸੀ ਜਦੋਂ ਕਾਂਗਰਸ ਦੇ ਨਗਰ ਨਿਗਮ ਵਿੱਚ ਬਹੁਤ ਘੱਟ ਕੌਂਸਲਰ ਚੁਣੇ ਗਏ ਸਨ, ਜਿਸ ਕਾਰਨ ਉਸ ਦਾ ਸਿਆਸੀ ਕੱਦ ਵਧ ਗਿਆ ਅਤੇ ਸੱਜਣ ਕੁਮਾਰ ਨੂੰ ਦਿੱਲੀ ਪ੍ਰਦੇਸ਼ ਕਾਂਗਰਸ ਕਮੇਟੀ (ਡੀ. ਪੀ. ਸੀ. ਸੀ.) ਦਾ ਜਨਰਲ ਸਕੱਤਰ ਨਿਯੁਕਤ ਕੀਤਾ ਗਿਆ।
ਇਸ ਤੋਂ ਬਾਅਦ ਕਾਂਗਰਸ ਵਿਚ ਸੱਜਣ ਦਾ ਦਬਦਬਾ ਵਧ ਦਾ ਰਿਹਾ। 3 ਸਾਲ ਬਾਅਦ ਹੀ ਸੱਜਣ ਨੇ ਲੋਕ ਸਭਾ ਦੀ ਚੋਣ ਲੜੀ ਅਤੇ ਜਿੱਤ ਕੇ ਪਹਿਲੀ ਵਾਰ ਸਾਂਸਦ ਚੁਣੇ ਗਏ। ਉਸ ਨੇ ਦਿੱਲੀ ਦੇ ਪਹਿਲੀ ਵਾਰ ਮੁੱਖ ਮੰਤਰੀ ਬਣੇ ਬ੍ਰਹਮਾ ਪ੍ਰਕਾਸ਼ ਨੂੰ ਹਰਾਇਆ, ਜਿਸ ਕਾਰਨ ਉਸ ਦਾ ਸਿਆਸੀ ਕੱਦ ਹੋਰ ਵੀ ਵਧ ਗਿਆ। ਇਸ ਤੋਂ ਬਾਅਦ ਇਸੇ ਕਾਰਜਕਾਲ ਦੌਰਾਨ ਉਸ ਨੂੰ ਲੋਕ ਸਭਾ ਵਿਚ ਵਰਕਸ ਅਤੇ ਹਾਊਸਿੰਗ ਮੰਤਰਾਲੇ ਦੀ ਸਲਾਹਕਾਰ ਕਮੇਟੀ ਦੇ ਮੈਂਬਰ ਬਣਾਇਆ ਗਿਆ।
