ਧੀਆਂ ਦੀ ਲੋਹੜੀ ਮਨਾਉਣਾ ਸਮਾਜ ਲਈ ਇਕ ਚੰਗਾ ਸੁਨੇਹਾ
ਮਲੋਟ- ਰੇਲਵੇ ਲੰਗਰ ਸੇਵਾ ਸੰਮਤੀ ਤੇ ਨਾਰੀ ਚੇਤਨਾ ਮੰਚ ਵਲੋਂ ਸਮੂਹ ਸਮਾਜ ਸੇਵੀ ਤੇ ਧਾਰਮਿਕ ਸੰਸਥਾਵਾਂ ਦੇ ਜ਼ਿਲਾ ਕੋਆਰਡੀਨੇਟਰ ਡਾ. ਸੁਖਦੇਵ ਸਿੰਘ ਗਿੱਲ ਦੀ ਅਗਵਾਈ ’ਚ ਲੋੜਵੰਦ ਪਰਿਵਾਰਾਂ ਦੀਆਂ 21 ਨਵ ਜੰਮੀਆਂ ਧੀਆਂ ਦੀ ਲੋਹੜੀ ਝਾਂਬ ਗੈਸਟ ਮਲੋਟ ਵਿਖੇ ਮਨਾਈ ਗਈ। ਅੱਜ ਦੇ ਪ੍ਰੋਗਰਾਮ ਦਾ ਮੁੱਖ ਮਹਿਮਾਨ ਨਵ ਜੰਮੀਆਂ ਧੀਆਂ ਹੀ ਸਨ।
ਇਸ ਮੌਕੇ ਨਵ ਜੰਮੀਆਂ ਧੀਆਂ ਨੂੰ ਨਵੇਂ ਕੱਪੜੇ, ਮੂੰਗਫ਼ਲੀਆਂ, ਰਿਊੜੀਆਂ ਆਦਿ ਦੇ ਕੇ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ।
ਪ੍ਰਧਾਨ ਰਾਜਵਿੰਦਰ ਕੌਰ, ਸੀਨੀਅਰ ਮੀਤ ਪ੍ਰਧਾਨ ਪ੍ਰੇਮ ਲਤਾ ਤੇ ਸਕੱਤਰ ਰਜਨੀ ਰੇਵੜੀ ਨੇ ਕਿਹਾ ਕਿ ਪੁੱਤਰਾਂ ਦੀ ਤਰ੍ਹਾਂ ਧੀਆਂ ਦੀ ਵੀ ਲੋਹੜੀ ਮਨਾਉਣੀ ਚਾਹੀਦੀ ਹੈ, ਕਿਉਂਕਿ ਇਹ ਇਹ ਧੀਆਂ ਵੱਡੇ ਮੁਕਾਮ ਹਾਸਲ ਕਰ ਕੇ ਮਾਪਿਆਂ ਦਾ ਨਾਮ ਰੌਸ਼ਨ ਕਰ ਰਹੀਆਂ ਹਨ।
ਡਾ. ਗਿੱਲ ਨੇ ਕਿਹਾ ਕਿ ਹਰੇਕ ਸਾਲ ਹੀ ਸਮਾਜ ਸੇਵੀ ਸੰਸਥਾਵਾਂ ਵਲੋਂ ਨਵ ਜੰਮੀਆਂ ਧੀਆਂ ਦੀ ਲੋਹੜੀ ਮਨਾਈ ਜਾਂਦੀ ਹੈ, ਜਿਸ ਦਾ ਮੁੱਖ ਉਦੇਸ਼ ‘ਬੇਟੀ ਬਚਾਓ ਬੇਟੀ ਪੜ੍ਹਾਓ’ ਤੇ ‘ਮੇਰੀ ਬੇਟੀ ਮੇਰੀ ਸ਼ਾਨ’ ਹੈ।
ਉਨ੍ਹਾਂ ਕਿਹਾ ਕਿ ਧੀਆਂ ਦੀ ਲੋਹੜੀ ਮਨਾਉਣਾ ਸਮਾਜ ਲਈ ਇਕ ਚੰਗਾ ਸੁਨੇਹਾ ਹੈ । ਅਜਿਹਾ ਕਰਨ ਨਾਲ ਸਮਾਜ ਦੇ ਨਾਂ ’ਤੇ ਕਲੰਕ ਭਰੂਣ ਹੱਤਿਆ ਨੂੰ ਵੀ ਠੱਲ੍ਹ ਮਿਲੇਗੀ।
ਮਾਸਟਰ ਹਿੰਮਤ ਸਿੰਘ ਤੇ ਪ੍ਰਧਾਨ ਸੁਨੀਲ ਕੁਮਾਰ ਨੇ ਕਿਹਾ ਕਿ ਪੁੱਤਰਾਂ ਦੀ ਤਰ੍ਹਾਂ ਧੀਆਂ ਨੂੰ ਵੀ ਪੜ੍ਹਾਉਣਾ ਤੇ ਚੰਗੀ ਖੁਰਾਕ ਮੁਹੱਈਆ ਕਰਵਾਉਣ ਹਰੇਕ ਮਾਂ ਬਾਪ ਦਾ ਮੁੱਢਲਾ ਫ਼ਰਜ਼ ਬਣਦਾ ਹੈ। ਉਨ੍ਹਾਂ ਨਵ ਜੰਮੀਆਂ ਧੀਆਂ ਨੂੰ ਅਸ਼ੀਰਵਾਦ ਦਿੱਤਾ ਤੇ ਸੰਸਥਾ ਦੇ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਇਹ ਨੰਨੀਆਂ ਧੀਆਂ ਦੇਸ਼ ਦਾ ਭਵਿੱਖ ਹਨ ਤੇ ਸਾਰਿਆਂ ਵਲੋਂ ਰਲ ਕੇ ਲੋੜਵੰਦ ਪਰਿਵਾਰਾਂ ਦੀਆਂ ਧੀਆਂ ਦੀ ਲੋਹੜੀ ਮਨਾ ਕੇ ਵੱਖਰਾ ਸਕੂਨ ਮਿਲਦਾ ਹੈ।
ਇਸ ਮੌਕੇ ਸ੍ਰੀ ਗੁਰੂ ਨਾਨਕ ਦੇਵ ਪਬਲਿਕ ਸਕੂਲ ਛਾਪਿਆਂਵਾਲੀ, ਓਰੇਕਲ ਇੰਟਰਨੈਸ਼ਨਲ ਪਬਲਿਕ ਸਕੂਲ ਜੰਡਵਾਲਾ ਚੜ੍ਹਤ ਸਿੰਘ ਦੀਆਂ ਲੜਕੀਆਂ ਵਲੋਂ ਬੋਲੀਆਂ ਗਿੱਧਾ ਪੇਸ਼ ਕੀਤਾ ਕੀਤਾ ਗਿਆ। ਇਸ ਤੋਂ ਇਲਾਵਾ ਆਂਗਣਵਾੜੀ ਸੁਪਰਵਾਈਜ਼ਰ ਤੇ ਉਨ੍ਹਾਂ ਦੇ ਮੈਂਬਰਾਂ ਵਲੋਂ ਵੀ ਸ਼ਲਾਘਾਯੋਗ ਸੇਵਾਵਾਂ ਦਿੱਤੀਆਂ ਗਈਆਂ।