ਫਿਰੋਜ਼ਪੁਰ, 14 ਜਨਵਰੀ : ਥਾਣਾ ਮਮਦੋਟ ਦੀ ਪੁਲਸ ਨੇ 2 ਨਸ਼ਾ ਸਮੱਗਲਰਾਂ ਨੂੰ ਮੋਟਰਸਾਈਕਲ ’ਤੇ ਹੈਰੋਇਨ ਦੀ ਖੇਪ ਲਿਆਉਂਦੇ ਕਾਬੂ ਕੀਤਾ ਹੈ।
ਐੱਸ. ਐੱਸ. ਪੀ. ਫਿਰੋਜ਼ਪੁਰ ਭੁਪਿੰਦਰ ਸਿੰਘ ਸਿੱਧੂ ਨੇ ਦੱਸਿਆ ਕਿ ਲੋਹੜੀ ਅਤੇ ਮਾਘੀ ਦੇ ਤਿਉਹਾਰ ਨੂੰ ਦੇਖਦੇ ਹੋਏ ਜਦੋਂ ਥਾਣਾ ਮਮਦੋਟ ਦੀ ਪੁਲਸ ਡੀ. ਐੱਸ. ਪੀ. ਸਬ-ਡਵੀਜ਼ਨ ਕਰਨ ਸ਼ਰਮਾ ਅਤੇ ਇੰਸਪੈਕਟਰ ਗੁਰਪ੍ਰੀਤ ਸਿੰਘ ਦੀ ਅਗਵਾਈ ਹੇਠ ਟੀ-ਪੁਆਇੰਟ ਮਮਦੋਟ ਰੋਡ (ਫਿਰੋਜ਼ਪੁਰ ਫਾਜ਼ਿਲਕਾ ਰੋਡ) ’ਤੇ ਨਾਕਾਬੰਦੀ ਕਰਕੇ ਸ਼ੱਕੀ ਵਿਅਕਤੀਆਂ ਅਤੇ ਵਾਹਨਾਂ ਦੀ ਚੈਕਿੰਗ ਕਰ ਰਹੀ ਸੀ ਤਾਂ ਪੁਲਸ ਪਾਰਟੀ ਨੇ 2 ਸ਼ੱਕੀ ਵਿਅਕਤੀਆਂ ਨੂੰ ਬਿਨਾਂ ਨੰਬਰੀ ਮੋਟਰਸਾਈਕਲ ’ਤੇ ਆਉਂਦੇ ਦੇਖਿਆ। ਉਨ੍ਹਾਂ ਨੂੰ ਸ਼ੱਕ ਦੇ ਅਾਧਾਰ ’ਤੇ ਕਾਬੂ ਕਰਕੇ ਜਦੋਂ ਉਨ੍ਹਾਂ ਦੇ ਬੈਗ (ਕਿੱਟ) ਦੀ ਤਲਾਸ਼ੀ ਲਈ ਤਾਂ ਉਸ ’ਚੋਂ 4 ਕਿਲੋ 13 ਗ੍ਰਾਮ ਹੈਰੋਇਨ ਬਰਾਮਦ ਹੋਈ।
ਸਮੱਗਲਰਾਂ ਨੇ ਪੁੱਛਗਿੱਛ ਕਰਨ ’ਤੇ ਪੁਲਸ ਨੂੰ ਆਪਣਾ ਨਾਂ ਪੋਲਸ ਪੁੱਤਰ ਮੇਜਰ ਸਿੰਘ ਅਤੇ ਜਸਪ੍ਰੀਤ ਸਿੰਘ ਉਰਫ ਜੱਸਾ ਪੁੱਤਰ ਰੁੜਾ ਸਿੰਘ ਵਾਸੀ ਪਿੰਡ ਬੁੱਕਣ ਖਾਂ ਵਾਲਾ ਦੱਸਿਆ। ਐੱਸ. ਐੱਸ. ਪੀ. ਸਿੱਧੂ ਨੇ ਕਿਹਾ ਕਿ ਮੁੱਢਲੀ ਜਾਂਚ ਦੌਰਾਨ ਇਹ ਪਤਾ ਲੱਗਾ ਕਿ ਫੜੀ ਗਈ ਹੈਰੋਇਨ ਸਮੱਗਲਰਾਂ ਵੱਲੋਂ ਪਾਕਿਸਤਾਨ ਤੋਂ ਮੰਗਵਾਈ ਗਈ ਸੀ, ਜੋ ਇਨ੍ਹਾਂ ਅੱਗੇ ਸਪਲਾਈ ਕਰਨੀ ਸੀ। ਉਨ੍ਹਾਂ ਖਿਲਾਫ ਥਾਣਾ ਮਮਦੋਟ ’ਚ ਮਾਮਲਾ ਦਰਜ ਕੀਤਾ ਗਿਆ ਹੈ।
Read More : 328 ਸਰੂਪਾਂ ਦੇ ਮਾਮਲੇ ’ਚ ਐੱਸ.ਆਈ.ਟੀ. ਨੂੰ ਸਹਿਯੋਗ ਦੇਵਾਂਗੇ : ਹਰਜਿੰਦਰ ਧਾਮੀ
