ਫਿਰੋਜ਼ਪੁਰ, 31 ਜੁਲਾਈ : ਫਿਰੋਜ਼ਪੁਰ-ਫਾਜ਼ਿਲਕਾ ਰੋਡ ’ਤੇ ਪਿੰਡ ਲੇਲੀ ਵਾਲਾ ਤੋਂ ਥੋੜ੍ਹਾ ਅੱਗੇ ਬੀਤੀ ਅੱਧੀ ਰਾਤ 2 ਕਾਰਾਂ ਦੀ ਆਹਮੋ-ਸਾਹਮਣੇ ਦੀ ਟੱਕਰ ਹੋ ਗਈ। ਇਸ ਹਾਦਸੇ ’ਚ 2 ਲੋਕਾਂ ਦੀ ਮੌਤ ਹੋ ਗਈ ਜਦੋਂ ਕਿ 4 ਲੋਕ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲਾਂ ’ਚ ਦਾਖਲ ਕਰਵਾਇਆ ਗਿਆ ਹੈ।
ਜਾਣਕਾਰੀ ਅਨੁਸਾਰ ਇਕ ਕਾਰ ’ਚ ਸਵਾਰ ਲੋਕ ਆਪਣੇ ਪਰਿਵਾਰਕ ਮੈਂਬਰਾਂ ਨੂੰ ਏਅਰਪੋਰਟ ’ਤੇ ਛੱਡਣ ਤੋਂ ਬਾਅਦ ਘਰ ਵਾਪਸ ਆ ਰਹੇ ਸਨ ਅਤੇ ਦੂਜੀ ਕਾਰ ’ਚ ਸਵਾਰ ਲੋਕ ਆਪਣੇ ਰਿਸ਼ਤੇਦਾਰਾਂ ਦੇ ਘਰ ਇਕ ਸਮਾਗਮ ਤੋਂ ਵਾਪਸ ਆ ਰਹੇ ਸਨ ਕਿ ਅਚਾਨਕ ਦੋਵੇਂ ਕਾਰਾਂ ਆਹਮੋ-ਸਾਹਮਣੇ ਟਕਰਾ ਗਈਆਂ। ਜ਼ਖਮੀਆਂ ’ਚੋਂ ਕੁਝ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ।
ਮੌਕੇ ’ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਹਾਦਸਾ ਇੰਨਾ ਗੰਭੀਰ ਸੀ ਕਿ ਇਕ ਕਾਰ ’ਚ ਸਵਾਰ ਇਕ ਵਿਅਕਤੀ ਗੁਰਨਾਮ ਸਿੰਘ ਪੁੱਤਰ ਰੇਸ਼ਮ ਸਿੰਘ ਵਾਸੀ ਪਿੰਡ ਮਹਿਮਾ ਦੀ ਮੌਕੇ ’ਤੇ ਹੀ ਮੌਤ ਹੋ ਗਈ ਅਤੇ ਦੂਜੇ ਮ੍ਰਿਤਕ ਦਾ ਨਾਂ ਮਨੀ ਦੱਸਿਆ ਜਾ ਰਿਹਾ ਹੈ।
ਹਾਦਸੇ ਵਾਲੀ ਥਾਂ ’ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਇਹ ਹਾਦਸਾ ਬਹੁਤ ਭਿਆਨਕ ਸੀ ਅਤੇ ਰਾਹਗੀਰਾਂ ਨੇ ਜ਼ਖਮੀਆਂ ਨੂੰ ਦੋਵਾਂ ਕਾਰਾਂ ’ਚੋਂ ਬੜੀ ਮੁਸ਼ਕਿਲ ਨਾਲ ਬਾਹਰ ਕੱਢਿਆ ਅਤੇ ਤੁਰੰਤ ਇਸ ਹਾਦਸੇ ਬਾਰੇ ਫਿਰੋਜ਼ਪੁਰ ਪੁਲਸ ਨੂੰ ਸੂਚਿਤ ਕੀਤਾ।
ਲੋਕਾਂ ਨੇ ਦੱਸਿਆ ਕਿ ਫਿਰੋਜ਼ਪੁਰ-ਫਾਜ਼ਿਲਕਾ ਸਿੰਗਲ ਰੋਡ ਹੋਣ ਕਾਰਨ ਇਸ ਸੜਕ ’ਤੇ ਅਕਸਰ ਹਾਦਸੇ ਵਾਪਰਦੇ ਰਹਿੰਦੇ ਹਨ।
Read More : ਪ੍ਰਵਾਸੀ ਮਜ਼ਦੂਰ ਨੇ ਪਿੰਡਵਾਸੀਆਂ ਨੂੰ ਸਬਕ ਸਿਖਾਉਣ ਦੀ ਦਿੱਤੀ ਧਮਕੀ