arrested

328 ਪਾਵਨ ਸਰੂਪਾਂ ਦੇ ਗੁੰਮ ਹੋਣ ਦੇ ਮਾਮਲੇ ਵਿਚ 2 ਵਿਅਕਤੀ ਗ੍ਰਿਫ਼ਤਾਰ

ਵਿਸ਼ੇਸ਼ ਜਾਂਚ ਟੀਮ ਵੱਲੋਂ 14 ਥਾਵਾਂ ’ਤੇ ਤਲਾਸ਼ੀ ਮੁਹਿੰਮ ਦੌਰਾਨ ਮੋਬਾਈਲ ਡਿਵਾਈਸ, ਟੈਬਲੇਟ, ਕੰਪਿਊਟਰ ਸਮੇਤ ਸਟੋਰੇਜ ਡਿਵਾਈਸ ਜ਼ਬਤ

ਚੰਡੀਗੜ੍ਹ, 4 ਜਨਵਰੀ : ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਗੁੰਮ ਹੋਏ 328 ਪਾਵਨ ਸਰੂਪਾਂ ਦੇ ਮਾਮਲੇ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ (ਐੱਸ. ਆਈ. ਟੀ.) ਨੇ 2 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਕਾਰਵਾਈ ਦੌਰਾਨ 14 ਥਾਵਾਂ ’ਤੇ ਤਲਾਸ਼ੀ ਮੁਹਿੰਮ ਚਲਾਈ ਗਈ ਤੇ ਮੋਬਾਈਲ ਡਿਵਾਈਸ, ਟੈਬਲੇਟਜ਼, ਕੰਪਿਊਟਰ ਤੇ ਅਸੈਸਰੀਜ਼, ਸਟੋਰੇਜ ਡਿਵਾਈਸ ਸਮੇਤ ਦੋਸ਼ਪੂਰਨ ਵਿੱਤੀ ਰਿਕਾਰਡ ਤੇ ਦਸਤਾਵੇਜ਼ ਜ਼ਬਤ ਕੀਤੇ ਗਏ ਹਨ।

ਐੱਸ. ਆਈ. ਟੀ. ਦੇ ਬੁਲਾਰੇ ਨੇ ਦੱਸਿਆ ਕਿ ਪੁਲਸ ਕਮਿਸ਼ਨਰੇਟ ਅੰਮ੍ਰਿਤਸਰ ਅਧੀਨ ਥਾਣਾ ਸੀ-ਡਵੀਜ਼ਨ ’ਚ ਦਰਜ ਕੀਤੀ ਗਈ ਐੱਫ.ਆਈ.ਆਰ. ’ਚ ਕੁੱਲ 16 ਵਿਅਕਤੀਆਂ ਨੂੰ ਨਾਮਜ਼ਦ ਕੀਤਾ ਗਿਆ ਹੈ, ਜਿਨ੍ਹਾਂ ’ਚੋਂ 2 ਮੁਲਜ਼ਮਾਂ ਦੀ ਕਥਿਤ ਤੌਰ ’ਤੇ ਮੌਤ ਹੋ ਚੁੱਕੀ ਹੈ ਤੇ 14 ਵਿਅਕਤੀਆਂ ਦੀ ਜਾਂਚ ਚੱਲ ਰਹੀ ਹੈ। ਇਸ ਮਾਮਲੇ ’ਚ ਹੁਣ ਤੱਕ ਸਤਿੰਦਰ ਸਿੰਘ ਕੋਹਲੀ ਤੇ ਕੰਵਲਜੀਤ ਸਿੰਘ ਉਰਫ਼ ਕਵਲਜੀਤ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।

ਬੁਲਾਰੇ ਨੇ ਦੱਸਿਆ ਕਿ ਕੰਵਲਜੀਤ ਸਿੰਘ ਉਰਫ਼ ਕਵਲਜੀਤ ਸਿੰਘ ਨੂੰ 03-01-2026 ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਹ ਸਹਾਇਕ ਵਜੋਂ ਕੰਮ ਕਰ ਰਿਹਾ ਸੀ ਅਤੇ ਪਵਿੱਤਰ ਸਰੂਪਾਂ ਦੀ ਸਾਂਭ-ਸੰਭਾਲ, ਮਰਿਆਦਾ , ਅਣ-ਅਧਿਕਾਰਤ ਛਪਾਈ ਦੌਰਾਨ ਹੋਈਆਂ ਗੰਭੀਰ ਕੋਤਾਹੀਆਂ ਤੇ ਊਣਤਾਈਆਂ ’ਚ ਉਸ ਦੀ ਸਿੱਧੀ ਭੂਮਿਕਾ ਸੀ।

ਬੁਲਾਰੇ ਨੇ ਕਿਹਾ ਕਿ ਪੰਜਾਬ ਤੇ ਚੰਡੀਗੜ੍ਹ ’ਚ ਕੁੱਲ 14 ਥਾਵਾਂ ’ਤੇ ਤਲਾਸ਼ੀ ਮੁਹਿੰਮ ਚਲਾਈ ਗਈ ਇਸ ਦੌਰਾਨ ਚੰਡੀਗੜ੍ਹ ’ਚ 2 ਥਾਵਾਂ , ਅੰਮ੍ਰਿਤਸਰ ਸ਼ਹਿਰ ’ਚ 8 ਤੇ ਗੁਰਦਾਸਪੁਰ, ਰੋਪੜ, ਤਰਨਤਾਰਨ ਤੇ ਅੰਮ੍ਰਿਤਸਰ ਦਿਹਾਤੀ ’ਚ 1-1 ਥਾਂ ’ਤੇ ਛਾਪੇਮਾਰੀ ਕੀਤੀ ਗਈ। ਤਲਾਸ਼ੀ ਦੌਰਾਨ 7 ਮੋਬਾਈਲ ਫ਼ੋਨ, 3 ਟੈਬਲੇਟ, 2 ਲੈਪਟਾਪ, 1 ਸਟੋਰੇਜ ਡਿਵਾਈਸ ਅਤੇ ਦੋਸ਼ਪੂਰਨ ਵਿੱਤੀ ਰਿਕਾਰਡ ਅਤੇ ਦਸਤਾਵੇਜ਼ ਜ਼ਬਤ ਕੀਤੇ ਗਏ ਹਨ।

ਜ਼ਬਤ ਕੀਤੇ ਗਏ ਇਲੈਕਟ੍ਰਾਨਿਕ ਯੰਤਰਾਂ ਦੀ ਫੋਰੈਂਸਿਕ ਜਾਂਚ ਕੀਤੀ ਜਾਵੇਗੀ ਅਤੇ ਜ਼ਬਤ ਕੀਤੇ ਗਏ ਦਸਤਾਵੇਜ਼ਾਂ ਅਤੇ ਵਿੱਤੀ ਰਿਕਾਰਡਾਂ ਦੀ ਬਾਰੀਕੀ ਨਾਲ ਜਾਂਚ-ਪੜਤਾਲ ਕੀਤੀ ਜਾ ਰਹੀ ਹੈ ਕਿਉਂਕਿ ਭੁਗਤਾਨ ਕਰਨ ਵਾਲੀਆਂ ਕੰਪਨੀਆਂ ਦੀਆਂ ਕੜੀਆਂ ਸਿਆਸਤਦਾਨਾਂ ਸਮੇਤ ਕਈ ਰਸੂਖ਼ਦਾਰ ਵਿਅਕਤੀਆਂ ਨਾਲ ਜੁੜੀਆਂ ਹਨ।

ਐੱਸ.ਆਈ.ਟੀ. ਇਸ ਗੰਭੀਰ ਮਸਲੇ ਦੀ ਯੋਜਨਾਬੱਧ ਢੰਗ ਅਤੇ ਡੂੰਘਾਈ ਨਾਲ ਜਾਂਚ ਕਰ ਰਹੀ ਹੈ ਅਤੇ ਪੁਖ਼ਤਾ ਸਬੂਤ ਜੁਟਾਏ ਜਾ ਰਹੇ ਹਨ। ਇਸ ਸਬੰਧੀ ਹੋਰ ਥਾਈਂ ਛਾਪੇ ਮਾਰੇ ਜਾਣ ਅਤੇ ਗ੍ਰਿਫਤਾਰੀਆਂ ਹੋਣ ਦੀ ਸੰਭਾਵਨਾ ਹੈ ਅਤੇ ਅਗਲੇਰੀ ਜਾਂਚ ਜਾਰੀ ਹੈ।

Read More : ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ ਗ੍ਰਹਿ ਮੰਤਰਾਲੇ ਦੇ ਅਧਿਕਾਰੀ

Leave a Reply

Your email address will not be published. Required fields are marked *