ਗ੍ਰਿਫ਼ਤਾਰ ਇਕ ਅੱਤਵਾਦੀ ਬਿਕਰਮਜੀਤ 2018 ’ਚ ਰਾਜਾਸਾਂਸੀ ’ਚ ਇਕ ਧਾਰਮਿਕ ਥਾਂ ’ਤੇ ਹੋਏ ਗ੍ਰੇਨੇਡ ਹਮਲੇ ’ਚ ਵੀ ਸ਼ਾਮਲ ਸੀ : ਡੀ. ਜੀ. ਪੀ.
ਅੰਮ੍ਰਿਤਸਰ, 8 ਨਵੰਬਰ : ਮੁੱਖ ਮੰਤਰੀ ਭਗਵੰਤ ਮਾਨ ਦੇ ਨਿਰਦੇਸ਼ਾਂ ਹੇਠ ਪੰਜਾਬ ਨੂੰ ਇਕ ਸੁਰੱਖਿਅਤ ਤੇ ਸ਼ਾਂਤਮਈ ਸੂਬਾ ਬਣਾਉਣ ਲਈ ਚੱਲ ਰਹੀ ਮੁਹਿੰਮ ਦੇ ਹਿੱਸੇ ਵਜੋਂ ਅੰਮ੍ਰਿਤਸਰ ਦਿਹਾਤੀ ਪੁਲਸ ਨੇ ਇਟਲੀ ਦੇ ਰਹਿਣ ਵਾਲੇ ਮਲਕੀਤ ਸਿੰਘ ਦੇ ਕਤਲ ਦੇ ਮਾਮਲੇ ’ਚ 2 ਮੁਲਜ਼ਮਾਂ ਨੂੰ ਰਾਜਾਸਾਂਸੀ ਤੋਂ ਗ੍ਰਿਫ਼ਤਾਰ ਕੀਤਾ ਹੈ।
ਪੰਜਾਬ ਦੇ ਡੀ. ਜੀ. ਪੀ. ਗੌਰਵ ਯਾਦਵ ਨੇ ਸ਼ਨੀਵਾਰ ਦੱਸਿਆ ਕਿ ਪੁਲਸ ਨੇ ਉਨ੍ਹਾਂ ਦੇ ਕਬਜ਼ੇ ’ਚੋਂ 5 ਆਧੁਨਿਕ ਹਥਿਆਰ ਵੀ ਬਰਾਮਦ ਕੀਤੇ ਹਨ। ਗ੍ਰਿਫ਼ਤਾਰ ਮੁਲਜ਼ਮਾਂ ਦੀ ਪਛਾਣ ਬਿਕਰਮਜੀਤ ਸਿੰਘ ਉਰਫ਼ ਬਿਕਰਮ ਵਾਸੀ ਪਿੰਡ ਧਾਰੀਵਾਲ (ਅੰਮ੍ਰਿਤਸਰ) ਤੇ ਕਰਨਬੀਰ ਸਿੰਘ ਵਾਸੀ ਪਿੰਡ ਸੈਸਰਾ ਕਲਾਂ (ਅੰਮ੍ਰਿਤਸਰ) ਵਜੋਂ ਹੋਈ ਹੈ।
ਉਨ੍ਹਾਂ ਕੋਲੋਂ ਬਰਾਮਦ ਕੀਤੇ ਗਏ ਹਥਿਆਰਾਂ ’ਚ ਇਕ ਵਿਦੇਸ਼ੀ.30 ਬੋਰ ਦੀ ਪਿਸਤੌਲ, ਇਕ .30 ਬੋਰ ਦੀ ਹੋਰ ਪਿਸਤੌਲ, ਇਕ ਵਿਦੇਸ਼ੀ.45 ਬੋਰ ਦੀ ਪਿਸਤੌਲ, ਇਕ .32 ਬੋਰ ਦੀ ਪਿਸਤੌਲ ਤੇ ਇਕ ਰਿਵਾਲਵਰ ਸ਼ਾਮਲ ਹਨ। 20 ਜ਼ਿੰਦਾ ਕਾਰਤੂਸ ਵੀ ਬਰਾਮਦ ਕੀਤੇ ਗਏ ਹਨ।
ਮਿਲੀ ਜਾਣਕਾਰੀ ਅਨੁਸਾਰ ਇਕ ਨਵੰਬਰ ਨੂੰ ਸ਼ਾਮ 7 ਵਜੇ ਦੇ ਕਰੀਬ ਮਲਕੀਤ ਸਿੰਘ ਆਪਣੇ ਪਿਤਾ ਨਾਲ ਧਾਰੀਵਾਲ ਪਿੰਡ ’ਚ ਖੇਤਾਂ ’ਚ ਕਣਕ ਬੀਜ ਰਿਹਾ ਸੀ ਕਿ 2 ਅਣਪਛਾਤੇ ਵਿਅਕਤੀਆਂ ਨੇ ਉਸ ’ਤੇ ਗੋਲੀ ਚਲਾ ਦਿੱਤੀ।
ਗੰਭੀਰ ਰੂਪ ’ਚ ਜ਼ਖਮੀ ਮਲਕੀਤ ਸਿੰਘ ਦੀ ਹਸਪਤਾਲ ’ਚ ਇਲਾਜ ਦੌਰਾਨ ਮੌਤ ਹੋ ਗਈ। ਗ੍ਰਿਫ਼ਤਾਰ ਕੀਤਾ ਗਿਆ ਮੁਲਜ਼ਮ ਬਿਕਰਮਜੀਤ ਸਿੰਘ ਖਾਲਿਸਤਾਨ ਲਿਬਰੇਸ਼ਨ ਫੋਰਸ (ਕੇ. ਐੱਲ. ਐੱਫ.) ਨਾਲ ਜੁੜਿਆ ਹੋਇਆ ਹੈ। ਉਸ ਵਿਰੁੱਧ ਵਿਸਫੋਟਕ ਐਕਟ, ਕਤਲ ਤੇ ਅਸਲਾ ਐਕਟ ਅਧੀਨ ਕਈ ਮਾਮਲੇ ਦਰਜ ਹਨ। ਉਹ 2018 ’ਚ ਰਾਜਾਸਾਂਸੀ ’ਚ ਇਕ ਧਾਰਮਿਕ ਥਾਂ ’ਤੇ ਹੋਏ ਗ੍ਰੇਨੇਡ ਹਮਲੇ ’ਚ ਵੀ ਸ਼ਾਮਲ ਸੀ।
ਡੀ. ਜੀ. ਪੀ. ਨੇ ਦੱਸਿਆ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਬਿਕਰਮਜੀਤ ਨੇ ਆਪਣੇ ਵਿਦੇਸ਼ੀ ਹੈਂਡਲਰਾਂ ਦੇ ਨਿਰਦੇਸ਼ਾਂ ਹੇਠ ਪੰਜਾਬ ’ਚ ਵੱਡੇ ਅਪਰਾਧ ਕਰਨ ਲਈ ਸਰਹੱਦ ਪਾਰ ਤੋਂ ਗੈਰ-ਕਾਨੂੰਨੀ ਹਥਿਆਰ ਹਾਸਲ ਕੀਤੇ ਸਨ।
ਇਸ ਬਾਰੇ ਜਾਣਕਾਰੀ ਦਿੰਦੇ ਹੋਏ ਬਾਰਡਰ ਰੇਂਜ ਦੇ ਡੀ. ਆਈ. ਜੀ. ਸੰਦੀਪ ਗੋਇਲ ਨੇ ਦੱਸਿਆ ਕਿ ਭਰੋਸੇਯੋਗ ਜਾਣਕਾਰੀ ਦੇ ਆਧਾਰ ’ਤੇ ਅਤੇ ਐੱਸ. ਐੱਸ. ਪੀ. ਮਨਿੰਦਰ ਸਿੰਘ ਦੀ ਸਮੁੱਚੀ ਨਿਗਰਾਨੀ ਹੇਠ ਅੰਮ੍ਰਿਤਸਰ ਦਿਹਾਤੀ ਪੁਲਸ ਦੀਆਂ ਟੀਮਾਂ ਨੇ ਪਿੰਡ ਧਾਰੀਵਾਲ ਦੇ ਗੁਰਦੁਆਰਾ ਸਾਹਿਬ ਨੇੜੇ ਬਿਕਰਮਜੀਤ ਨੂੰ ਗ੍ਰਿਫ਼ਤਾਰ ਕੀਤਾ।
ਉਸ ਦੀ ਜਾਣਕਾਰੀ ’ਤੇ ਕਾਰਵਾਈ ਕਰਦਿਆਂ ਮੁਲਜ਼ਮ ਕਰਨਬੀਰ ਨੂੰ ਵੀ ਕੁਕਰਾਂਵਾਲਾ ਅੱਡਾ ਨੇੜੇ ਗ੍ਰਿਫ਼ਤਾਰ ਕੀਤਾ ਗਿਆ। ਡੀ. ਐੱਸ. ਪੀ. ਗੁਰਿੰਦਰ ਨਾਗਰਾ ਨੇ ਇਸ ਕਾਰਵਾਈ ਦੀ ਅਗਵਾਈ ਕੀਤੀ।
ਡੀ. ਆਈ. ਜੀ. ਗੋਇਲ ਨੇ ਦੱਸਿਆ ਕਿ ਕੇ. ਐੱਲ. ਐੱਫ. ਦੇ ਇਨ੍ਹਾਂ 2 ਕਾਰਕੁੰਨਾਂ ਦੀ ਗ੍ਰਿਫ਼ਤਾਰੀ ਨਾਲ ਪੰਜਾਬ ਪੁਲਸ ਸੂਬੇ ’ਚ ਸਨਸਨੀਖੇਜ਼ ਅਪਰਾਧਾਂ ਨੂੰ ਰੋਕਣ ’ਚ ਸਫਲ ਹੋਈ ਹੈ। ਐੱਸ. ਐੱਸ. ਪੀ. ਮਨਿੰਦਰ ਸਿੰਘ ਨੇ ਦੱਸਿਆ ਕਿ ਮਾਮਲੇ ’ਚ ਵੱਖ-ਵੱਖ ਸਬੰਧਾਂ ਦਾ ਪਤਾ ਲਾਉਣ ਲਈ ਹੋਰ ਜਾਂਚ ਜਾਰੀ ਹੈ। ਆਉਣ ਵਾਲੇ ਦਿਨਾਂ ’ਚ ਹੋਰ ਗ੍ਰਿਫ਼ਤਾਰੀਆਂ ਤੇ ਬਰਾਮਦਗੀਆਂ ਸੰਭਵ ਹਨ।
ਇਸ ਸਬੰਧੀ ਭਾਰਤੀ ਦੰਡ ਵਿਧਾਨ ਦੀਆਂ ਧਾਰਾਵਾਂ 103 (1) ਤੇ 3(5) ਅਤੇ ਅਸਲਾ ਐਕਟ ਦੀਆਂ ਧਾਰਾਵਾਂ 25 ਤੇ 27 ਅਧੀਨ ਥਾਣਾ ਰਾਜਾਸਾਂਸੀ (ਅੰਮ੍ਰਿਤਸਰ ਦਿਹਾਤੀ) ਵਿਖੇ ਐੱਫ. ਆਈ. ਆਰ. ਨੰਬਰ 177 ਮਿਤੀ 2/11/2025 ਦਰਜ ਕੀਤੀ ਗਈ ਹੈ।
Read More : ਧੋਨੀ ਅਜੇ ਆਈਪੀਐਲ ਤੋਂ ਸੰਨਿਆਸ ਲੈਣ ਦੇ ਮੂਡ ਵਿਚ ਨਹੀਂ
