ਹਾਦਸੇ ’ਚ 12 ਲੋਕ ਜ਼ਖ਼ਮੀ, ਸੈਰ-ਸਪਾਟਾ ਮੰਤਰੀ ਨੇ ਦਿੱਤੇ ਉੱਚ ਪੱਧਰੀ ਜਾਂਚ ਦੇ ਹੁਕਮ
ਫ਼ਰੀਦਾਬਾਦ, 7 ਫਰਵਰੀ: ਸੂਰਜਕੁੰਡ ਅੰਤਰਰਾਸ਼ਟਰੀ ਦਸਤਕਾਰੀ ਮੇਲਾ ਕੰਪਲੈਕਸ ’ਚ ਸਥਿਤ ਝੂਲਾ ਗਰਾਊਂਡ ’ਚ ਸ਼ਨੀਵਾਰ ਸ਼ਾਮ ਇਕ ‘ਸੁਨਾਮੀ ਝੂਲਾ’ ਟੁੱਟਣ ਨਾਲ ਦਰਦਨਾਕ ਹਾਦਸਾ ਵਾਪਰਿਆ। ਇਸ ਹਾਦਸੇ ’ਚ ਦੋ ਪੁਲਸ ਮੁਲਾਜ਼ਮਾਂ ਸਮੇਤ ਲਗਭਗ 13 ਲੋਕ ਜ਼ਖ਼ਮੀ ਹੋ ਗਏ ਸਨ, ਜਿਨ੍ਹਾਂ ’ਚੋਂ ਇਲਾਜ ਦੌਰਾਨ ਇਕ ਇੰਸਪੈਕਟਰ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਪਲਵਲ ਪੁਲਸ ਲਾਈਨ ’ਚ ਤਾਇਨਾਤ ਇੰਸਪੈਕਟਰ ਜਗਦੀਸ਼ ਪ੍ਰਸਾਦ (56) ਵਜੋਂ ਹੋਈ ਹੈ।
ਅਧਿਕਾਰੀਆਂ ਅਨੁਸਾਰ ਜ਼ਖ਼ਮੀਆਂ ’ਚੋਂ 9 ਨੂੰ ਨੇੜਲੇ ਨਿੱਜੀ ਹਸਪਤਾਲ ਅਤੇ ਬਾਕੀਆਂ ਨੂੰ ਬੀ.ਕੇ. ਹਸਪਤਾਲ ’ਚ ਦਾਖਲ ਕਰਵਾਇਆ ਗਿਆ ਹੈ। ਜਾਣਕਾਰੀ ਮੁਤਾਬਕ ਹਾਦਸਾ ਸ਼ਾਮ ਕਰੀਬ 6:30 ਵਜੇ ਵਾਪਰਿਆ ਜਦੋਂ ਸੁਨਾਮੀ ਝੂਲੇ ’ਤੇ ਲਗਭਗ 20 ਲੋਕ ਸਵਾਰ ਸਨ। ਅਚਾਨਕ ਝੂਲੇ ਦਾ ਇਕ ਹਿੱਸਾ ਟੁੱਟ ਗਿਆ। ਜਦੋਂ ਮੌਕੇ ’ਤੇ ਮੌਜੂਦ ਲੋਕ ਅਤੇ ਪੁਲਸ ਮੁਲਾਜ਼ਮ ਫਸੇ ਹੋਏ ਯਾਤਰੀਆਂ ਨੂੰ ਬਚਾਉਣ ਲਈ ਪਹੁੰਚੇ, ਤਾਂ ਝੂਲੇ ਦਾ ਦੂਜਾ ਹਿੱਸਾ ਵੀ ਟੁੱਟ ਕੇ ਉਨ੍ਹਾਂ ਦੇ ਉੱਪਰ ਡਿੱਗ ਪਿਆ।
ਇਸ ਦੂਜੇ ਹਾਦਸੇ ’ਚ ਬਚਾਅ ਕਾਰਜ ਕਰ ਰਹੇ ਇੰਸਪੈਕਟਰ ਜਗਦੀਸ਼ ਅਤੇ ਐੱਸ.ਪੀ.ਓ. ਰਾਜੇਸ਼ ਕੁਮਾਰ ਸਮੇਤ ਕਈ ਲੋਕ ਹੇਠਾਂ ਦਬ ਗਏ। ਡਾਕਟਰਾਂ ਨੇ ਇੰਸਪੈਕਟਰ ਜਗਦੀਸ਼ ਨੂੰ ਮ੍ਰਿਤਕ ਐਲਾਨ ਦਿੱਤਾ ਹੈ। ਜ਼ਖ਼ਮੀਆਂ ’ਚ ਬਲਬੀਰ, ਅਨੁਜ, ਐੱਸ.ਪੀ.ਓ. ਰਾਜੇਸ਼ ਕੁਮਾਰ ਅਤੇ ਮਹਿਲਾ ਏ.ਐੱਸ.ਆਈ. ਨੀਲਮ ਸ਼ਾਮਲ ਹਨ।
ਦੱਸਣਯੋਗ ਹੈ ਕਿ ਇਸੇ ਦਿਨ ਦੁਪਹਿਰ ਸਮੇਂ ਮੇਲੇ ਦੇ ਗੇਟ ਨੰਬਰ 2 ’ਤੇ ਇਕ ਸਜਾਵਟੀ ਗੇਟ ਡਿੱਗਣ ਕਾਰਨ ਵੀ ਇਕ ਵਿਅਕਤੀ ਜ਼ਖ਼ਮੀ ਹੋ ਗਿਆ ਸੀ। ਸੈਰ-ਸਪਾਟਾ ਮੰਤਰੀ ਨੇ ਹਾਦਸੇ ਦਾ ਨੋਟਿਸ ਲੈਂਦਿਆਂ ਜਾਂਚ ਦੇ ਸਖ਼ਤ ਹੁਕਮ ਜਾਰੀ ਕੀਤੇ ਹਨ ਤਾਂ ਜੋ ਲਾਪ੍ਰਵਾਹੀ ਵਰਤਣ ਵਾਲਿਆਂ ਵਿਰੁੱਧ ਕਾਰਵਾਈ ਕੀਤੀ ਜਾ ਸਕੇ।
Read More : ਯਮੁਨਾ ਐਕਸਪ੍ਰੈੱਸ-ਵੇਅ ’ਤੇ ਕੰਟੇਨਰ ਨੇ ਬੱਸ ਯਾਤਰੀਆਂ ਨੂੰ ਕੁਚਲਿਆ, 6 ਦੀ ਮੌਤ
