ਹਾਦਸੇ ਦੇ ਇਕ ਘੰਟੇ ਬਾਅਦ ਵੀ ਸਰਕਾਰੀ ਐਂਬੂਲੈਂਸ ਨਾ ਪਹੁੰਚਣ ਕਰ ਕੇ ਲੋਕਾਂ ’ਚ ਰੋਸ
ਸ਼ੇਰਪੁਰ, 16 ਅਗਸਤ : ਸ਼ੇਰਪੁਰ-ਬਰਨਾਲਾ ਰੋਡ ’ਤੇ ਖੇੜੀ ਕਲਾਂ ਅਤੇ ਸ਼ੇਰਪੁਰ ਦੇ ਵਿਚਕਾਰ ਇਕ ਸਵਿੱਫਟ ਕਾਰ ਅਤੇ ਮੋਟਰਸਾਈਕਲ ਦੀ ਟੱਕਰ ਹੋਣ ਕਰ ਕੇ ਇਸ ਹਾਦਸੇ ਦੌਰਾਨ ਇਕ ਵਿਅਕਤੀ ਅਤੇ ਇਕ ਬੱਚੇ ਦੀ ਮੌਤ ਹੋ ਘਈ ਜਦਕਿ ਇਕ ਔਰਤ ਗੰਭੀਰ ਰੂਪ ਜ਼ਖਮੀ ਹੋ ਗਈ।
ਥਾਣਾ ਸ਼ੇਰਪੁਰ ਦੇ ਮੁੱਖ ਅਫਸਰ ਬਲੌਰ ਸਿੰਘ ਨੇ ਦੱਸਿਆ ਕਿ ਜਸਵਿੰਦਰ ਸਿੰਘ ਪੁੱਤਰ ਰਾਮ ਸਿੰਘ ਵਾਸੀ ਰਣੀਕੇ ਨੇ ਸ਼ੇਰਪੁਰ ਪੁਲਸ ਕੋਲ ਦਰਜ ਕਰਵਾਏ ਬਿਆਨਾਂ ਅਨੁਸਾਰ ਉਸ ਦਾ ਸਹੁਰਾ ਤਾਰਾ ਸਿੰਘ (62) ਪੁੱਤਰ ਸ਼ੇਰ ਸਿੰਘ ਵਾਸੀ ਠੁੱਲੀਵਾਲ, ਗੁਰਮੀਤ ਕੌਰ (60) ਪਤਨੀ ਤਾਰਾ ਸਿੰਘ ਅਤੇ ਤਾਰਾ ਸਿੰਘ ਦਾ ਦੋਹਤਾ ਅਰਸ਼ਵੀਰ ਸਿੰਘ (15 ਸਾਲ) ਪੁੱਤਰ ਸੁਖਵੀਰ ਸਿੰਘ ਵਾਸੀ ਬੜੂੰਦੀ ਤਿੰਨੋ ਸ਼ੇਰਪੁਰ ਵਿਖੇ ਆਪਣੇ ਮੋਟਰਸਾਈਕਲ ’ਤੇ ਨਿੱਜੀ ਕੰਮਕਾਰ ਲਈ ਆਏ ਸਨ। ਵਕਤ ਕਰੀਬ 10:30 ਵਜੇ ਸਵੇਰੇ ਪਿੰਡ ਨੂੰ ਵਾਪਸ ਜਾਂਦੇ ਸਮੇਂ ਸ਼ੇਰਪੁਰ ਤੋਂ ਖੇੜੀ ਕਲਾਂ ਦੇ ਵਿਚਕਾਰ ਇਕ ਪੈਟਰੋਲ ਪੰਪ ’ਤੇ ਤੇਲ ਪਵਾਉਣ ਤੋਂ ਬਾਅਦ ਜਦੋਂ ਉਹ ਸੜਕ ’ਤੇ ਚੜ੍ਹਨ ਲੱਗੇ ਤਾਂ ਖੇੜੀ ਕਲਾਂ ਤੋਂ ਵੱਲ ਤੋਂ ਆ ਰਹੀ ਸਵਿਫਟ ਕਾਰ ਨਾਲ ਮੋਟਰਸਾਈਕਲ ਦੀ ਟੱਕਰ ਹੋ ਗਈ।
ਇਸ ਹਾਦਸੇ ਦੌਰਾਨ ਤਾਰਾ ਸਿੰਘ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦਕਿ ਗੁਰਮੀਤ ਕੌਰ ਅਤੇ ਅਰਸ਼ਵੀਰ ਸਿੰਘ ਗੰਭੀਰ ਰੂਪ ’ਚ ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਨਸ਼ਾ ਰੋਕੂ ਕਮੇਟੀ ਖੇੜੀ ਕਲਾਂ-ਸ਼ੇਰਪੁਰ ਦੇ ਮੈਂਬਰਾਂ ਨੇ ਸਰਕਾਰੀ ਹਸਪਤਾਲ ਸ਼ੇਰਪੁਰ ਵਿਖੇ ਪਹੁੰਚਾਇਆ, ਜਿੱਥੇ ਉਨ੍ਹਾਂ ਦੀ ਹਾਲਤ ਨੂੰ ਗੰਭੀਰ ਦੇਖਦੇ ਹੋਏ ਕਮੇਟੀ ਦੇ ਮੈਂਬਰਾਂ ਵੱਲੋਂ ਲੋਕ ਸੇਵਾ ਖੂਨਦਾਨ ਕਲੱਬ ਸ਼ੇਰਪੁਰ ਦੀ ਐਂਬੂਲੈਂਸ ਰਾਹੀਂ ਪਹਿਲਾਂ ਉਨ੍ਹਾਂ ਨੂੰ ਸਿਵਲ ਹਸਪਤਾਲ ਧੂਰੀ ਅਤੇ ਫਿਰ ਪਟਿਆਲਾ ਵਿਖੇ ਪਹੁੰਚਾਇਆ ਗਿਆ। ਜਿੱਥੇ ਜਾ ਕੇ ਅਰਸ਼ਵੀਰ ਸਿੰਘ ਦੀ ਵੀ ਦਿਲ ਦੀ ਧੜਕਣ ਰੁਕਣ ਕਰ ਕੇ ਮੌਤ ਹੋ ਗਈ।
ਜਦਕਿ ਗੁਰਮੀਤ ਕੌਰ ਦੀ ਹਾਲਤ ਨਾਜ਼ੁਕ ਹੋਣ ਕਰ ਕੇ ਉਸਨੂੰ ਪੀ.ਜੀ.ਆਈ. ਚੰਡੀਗੜ੍ਹ ਵਿਖੇ ਰੈਫਰ ਕਰ ਦਿੱਤਾ ਗਿਆ ਜਿੱਥੇ ਅਜੇ ਵੀ ਉਸ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਥਾਣਾ ਮੁਖੀ ਐੱਸ. ਐੱਚ. ਓ. ਬਲੌਰ ਸਿੰਘ ਨੇ ਦੱਸਿਆ ਕਿ ਮ੍ਰਿਤਕਾਂ ਦੇ ਪਰਿਵਾਰਕ ਮੈਂਬਰ ਦੇ ਬਿਆਨਾਂ ਦੇ ਆਧਾਰ ’ਤੇ ਗੱਡੀ ਚਾਲਕ ਸਿਮਰਦੀਪ ਸਿੰਘ ਪੁੱਤਰ ਤਰਨਜੀਤ ਸਿੰਘ ਵਾਸੀ ਖੇੜੀ ਕਲਾਂ ਦੇ ਖਿਲਾਫ ਮਾਮਲਾ ਦਰਜ ਕਰ ਕੇ ਗੱਡੀ ਨੂੰ ਕਬਜ਼ੇ ’ਚ ਲੈ ਲਿਆ ਗਿਆ ਹੈ ਤੇ ਅਗਲੇਰੀ ਕਾਨੂੰਨੀ ਕਾਰਵਾਈ ਅਮਲ ’ਚ ਲਿਆਂਦੀ ਜਾ ਰਹੀ ਹੈ।
ਜਦਕਿ ਇਸ ਹਾਦਸੇ ਦੇ ਵਾਪਰਨ ਤੋਂ ਇਕ ਘੰਟੇ ਤੋਂ ਵੀ ਵੱਧ ਸਮਾਂ ਬੀਤ ਜਾਣ ’ਤੇ ਬਹੁ ਗਿਣਤੀ ਲੋਕਾਂ ਵੱਲੋਂ ਸਰਕਾਰੀ ਹੈਲਪਲਾਈਨ ’ਤੇ ਵਾਰ-ਵਾਰ ਸੰਪਰਕ ਕਰਨ ’ਤੇ ਐਂਬੂਲੈਂਸ ਨਾ ਪਹੁੰਚਣ ਕਰ ਕੇ ਭਾਰੀ ਰੋਸ ਪਾਇਆ ਜਾ ਰਿਹਾ ਹੈ। ਲੋਕਾਂ ਦਾ ਕਹਿਣਾ ਹੈ ਕਿ ਜੇਕਰ ਸਰਕਾਰੀ ਐਂਬੂਲੈਂਸ ਸੇਵਾ ਸਮੇਂ ਿਸਰ ਮਿਲ ਜਾਂਦੀ ਤਾਂ ਮਾਸੂਮ ਅਰਸ਼ਵੀਰ ਸਿੰਘ ਦੀ ਜਾਣ ਬਚਾਈ ਜਾ ਸਕਦੀ ਸੀ।
Read More : ਹਸਪਤਾਲ ਦੇ ਹੋਸਟਲ ਵਿਚ ਲੜਕੀ ਨੇ ਲਿਆ ਫਾਹਾ
