2 ਪਿਸਤੌਲ ਅਤੇ 5 ਜ਼ਿੰਦਾ ਰੌਂਦ ਬਰਾਮਦ
ਪਟਿਆਲਾ, 23 ਨਵੰਬਰ : ਸੀ. ਆਈ. ਏ. ਸਟਾਫ ਪਟਿਆਲਾ ਦੀ ਪੁਲਸ ਵੱਲੋਂ ਇੰਚਾਰਜ ਇੰਸਪੈਕਟਰ ਪ੍ਰਦੀਪ ਸਿੰਘ ਬਾਜਵਾ ਦੀ ਅਗਵਾਈ ਹੇਠ ਕੀਤੇ ਐਨਕਾਊਂਟਰ ਦੌਰਾਨ ਬੰਬੀਹਾ ਗੈਂਗ ਦੇ 2 ਸ਼ੂਟਰ ਹਰਪ੍ਰੀਤ ਸਿੰਘ ਉਰਫ ਮੱਖਣ ਪੁੱਤਰ ਰੂੜ ਸਿੰਘ ਵਾਸੀ ਪਿੰਡ ਸੈਫਦੀਪੁਰ ਥਾਣਾ ਸਦਰ ਪਟਿਆਲਾ ਅਤੇ ਗੌਤਮ ਉਰਫ ਬਾਦਸ਼ਾਹ ਪੁੱਤਰ ਸੁੱਚਾ ਸਿੰਘ ਵਾਸੀ ਕੰਡਾ ਬਸਤੀ ਬੌੜਾਂ ਗੇਟ ਥਾਣਾ ਕੋਤਵਾਲੀ ਨਾਭਾ ਜ਼ਿਲਾ ਪਟਿਆਲਾ ਜ਼ਖਮੀ ਹੋ ਗਏ।
ਮੌਕੇ ’ਤੇ ਪਹੁੰਚੇ ਐੱਸ. ਐੱਸ. ਪੀ. ਪਟਿਆਲਾ ਵਰੁਣ ਸ਼ਰਮਾ ਨੇ ਦੱਸਿਆ ਕਿ ਦੋਵੇਂ ਸ਼ੂਟਰਾਂ ਖਿਲਾਫ ਕਤਲ, ਇਰਾਦਾ ਕਤਲ, ਲੁੱਟ-ਖੋਹ ਅਤੇ ਡਕੈਤੀ ਆਦਿ ਦੇ ਕੇਸ ਦਰਜ ਹਨ ਅਤੇ ਕਈ ਕੇਸਾਂ ’ਚ ਉਹ ਭਗੌੜੇ ਹਨ। ਉਨ੍ਹਾਂ ਦੱਸਿਆ ਕਿ ਗੁਪਤ ਸੂਚਨਾ ਮਿਲੀ ਸੀ ਕਿ ਗੈਂਗਸਟਰ ਹਰਪ੍ਰੀਤ ਸਿੰਘ ਉਰਫ ਮੱਖਣ ਅਤੇ ਗੌਤਮ ਬਾਦਸ਼ਾਹ ਮੋਟਰਸਾਈਕਲ ’ਤੇ ਭਾਦਸੋਂ ਤੋਂ ਪਿੰਡਾਂ ’ਚ ਹੁੰਦੇ ਹੋਏ ਸਰਹੰਦ ਰੋਡ ਸਾਈਡ ਨੂੰ ਜਾ ਰਹੇ ਹਨ, ਜਿਨ੍ਹਾਂ ਨੂੰ ਕਾਬੂ ਕਰਨ ਲਈ ਪੁਲਸ ਪਾਰਟੀ ਨੇ ਪੁਲ ਨਹਿਰ ਭਾਖੜਾ ਪਿੰਡ ਰੋਗਲਾ ਵਿਖੇ ਨਾਕਾਬੰਦੀ ਕੀਤੀ ਹੋਈ ਸੀ।
ਜਦੋਂ ਉਨ੍ਹਾਂ ਨੂੰ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਦੋਵਾਂ ਨੇ ਪੁਲਸ ਪਾਰਟੀ ’ਤੇ ਫਾਇਰਿੰਗ ਕਰ ਦਿੱਤੀ। ਪੁਲਸ ਪਾਰਟੀ ਦੀ ਜਵਾਬੀ ਕਾਰਵਾਈ ਦੌਰਾਨ ਹਰਪ੍ਰੀਤ ਸਿੰਘ ਉਰਫ ਮੱਖਣ ਅਤੇ ਗੌਤਮ ਉਰਫ ਬਾਦਸ਼ਾਹ ਜ਼ਖਮੀ ਹੋ ਗਏ ਹਨ, ਜਿਨ੍ਹਾਂ ਨੂੰ ਇਲਾਜ ਲਈ ਸਰਕਾਰੀ ਰਾਜਿੰਦਰਾ ਹਸਪਤਾਲ ਪਟਿਆਲਾ ’ਚ ਦਾਖਲ ਕਰਾਵਾਇਆ ਗਿਆ ਹੈ।
ਐੱਸ. ਐੱਸ. ਪੀ. ਨੇ ਦੱਸਿਆ ਕਿ ਪੁਲਸ ਨੇ ਇਨ੍ਹਾਂ ਤੋਂ 2 ਪਿਸਤੌਲ .30 ਬੋਰ ਸਮੇਤ 5 ਰੌਂਦ ਜ਼ਿੰਦਾ ਅਤੇ 5 ਖੋਲ ਅਤੇ ਇਕ ਮੋਟਰਸਾਈਕਲ ਹੀਰੋ ਸਪਲੈਂਡਰ ਰੰਗ ਸਿਲਵਰ ਬਿਨਾਂ ਨੰਬਰੀ ਬਰਾਮਦ ਕੀਤਾ ਹੈ। ਦੋਵਾਂ ਖਿਲਾਫ ਥਾਣਾ ਤ੍ਰਿਪੜੀ ਵਿਖੇ ਕੇਸ ਦਰਜ ਕੀਤਾ ਗਿਆ ਹੈ।
ਇਸ ਮੌਕੇ ਐੱਸ. ਪੀ. ਇਨਵੈਸਟੀਗੇਸ਼ਨ ਹਰਬੰਸ ਸਿੰਘ ਬੈਂਸ, ਡੀ. ਐੱਸ. ਪੀ. ਇਨਵੈਸਟੀਗੇਸ਼ਨ ਰਾਜੇਸ਼ ਮਲਹੋਤਰਾ, ਥਾਣਾ ਤ੍ਰਿਪੜੀ ਦੇ ਐੱਸ. ਐੱਚ. ਓ. ਸੁਖਵਿੰਦਰ ਸਿੰਘ ਗਿੱਲ ਵੀ ਹਾਜ਼ਰ ਸਨ।
Read More : ਮਾਨ ਅਤੇ ਕੇਜਰੀਵਾਲ ਨੇ ਗੁ. ਬਾਬਾ ਬੁੱਢਾ ਦਲ ਛਾਉਣੀ ਵਿਖੇ ਅਕਾਲ ਪੁਰਖ ਦਾ ਲਿਆ ਅਸ਼ੀਰਵਾਦ
