ਫਿਰੋਜ਼ਪੁਰ, 16 ਨਵੰਬਰ : ਸੀ. ਆਈ. ਏ. ਸਟਾਫ ਫਿਰੋਜ਼ਪੁਰ ਦੀ ਪੁਲਸ ਨੇ ਇਕ ਨਸ਼ਾ ਸਮੱਗਲਰ ਨੂੰ 3 ਕਿਲੋ 25 ਗ੍ਰਾਮ ਹੈਰੋਇਨ, ਡੇਢ ਲੱਖ ਰੁਪਏ ਦੀ ਡਰੱਗ ਮਨੀ, ਇਕ .32 ਬੋਰ ਦੇ ਪਿਸਤੌਲ, 2 ਜ਼ਿੰਦਾ ਕਾਰਤੂਸਾਂ ਅਤੇ ਇਕ ਟੱਚ ਸਕਰੀਨ ਮੋਬਾਈਲ ਸਮੇਤ ਮੋਟਰਸਾਈਕਲ ’ਤੇ ਆਉਂਦੇ ਨੂੰ ਗ੍ਰਿਫਤਾਰ ਕੀਤਾ ਹੈ।
ਇਸੇ ਤਰ੍ਹਾਂ ਸੀ ਆਈ. ਏ. ਸਟਾਫ ਫਿਰੋਜ਼ਪੁਰ ਦੀ ਪੁਲਸ ਨੇ ਸੁਮੀਮ ਹੁਸੈਨ ਪੁੱਤਰ ਗਨੀ ਮੁਹੰਮਦ ਵਾਸੀ ਸਿਰਸਾ ਹਾਲ ਨਿਊ ਇੰਦਰਾ ਕਾਲੋਨੀ ਮਨੀਮਾਜਰਾ, ਚੰਡੀਗੜ੍ਹ ਨੂੰ 1 ਕਿਲੋ 502 ਗ੍ਰਾਮ ਅਫੀਮ ਸਮੇਤ ਗ੍ਰਿਫਤਾਰ ਕੀਤਾ।
ਐੱਸ. ਐੱਸ. ਪੀ. ਫਿਰੋਜ਼ਪੁਰ ਭੁਪਿੰਦਰ ਸਿੰਘ ਸਿੱਧੂ ਨੇ ਦੱਸਿਆ ਕਿ ਜਦੋਂ ਸੀ. ਆਈ. ਏ. ਸਟਾਫ ਫਿਰੋਜ਼ਪੁਰ ਦੀ ਪੁਲਸ ਇੰਚਾਰਜ ਇੰਸਪੈਕਟਰ ਮੋਹਿਤ ਧਵਨ ਦੀ ਅਗਵਾਈ ਹੇਠ ਗਸ਼ਤ ਕਰ ਰਹੀ ਸੀ ਤਾਂ ਉਨ੍ਹਾਂ ਨੂੰ ਇਕ ਸੂਚਨਾ ਮਿਲੀ ਕਿ ਵਰਿੰਦਰ ਪੁੱਤਰ ਸੋਨਾ ਵਾਸੀ ਕਾਸ਼ੀ ਨਗਰੀ, ਫਿਰੋਜ਼ਪੁਰ ਸ਼ਹਿਰ ਹੈਰੋਇਨ ਦੀ ਸਮੱਗਲਿੰਗ ਕਰਦਾ ਹੈ, ਜੋ ਇਸ ਸਮੇਂ ਮੋਟਰਸਾਈਕਲ ’ਤੇ ਹੈਰੋਇਨ ਦੀ ਖੇਪ ਲੈ ਕੇ ਆ ਰਿਹਾ ਹੈ।
ਇਸ ਸੂਚਨਾ ’ਤੇ ਤੁਰੰਤ ਕਾਰਵਾਈ ਕਰਦਿਆਂ ਇੰਸਪੈਕਟਰ ਮੋਹਿਤ ਧਵਨ ਅਤੇ ਉਨ੍ਹਾਂ ਦੀ ਪੁਲਸ ਟੀਮ ਨੇ ਨਾਮਜ਼ਦ ਮੁਲਜ਼ਮ ਨੂੰ ਮੋਟਰਸਾਈਕਲ ’ਤੇ ਆਉਂਦੇ ਨੂੰ ਗ੍ਰਿਫਤਾਰ ਕਰ ਲਿਆ। ਉਸ ਖਿਲਾਫ ਥਾਣਾ ਸਿਟੀ ਫਿਰੋਜ਼ਪੁਰ ਵਿਖੇ ਮਾਮਲਾ ਦਰਜ ਕੀਤਾ ਗਿਆ ਹੈ।
ਐੱਸ. ਐੱਸ. ਪੀ. ਫਿਰੋਜ਼ਪੁਰ ਨੇ ਦੱਸਿਆ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਿਆ ਹੈ ਕਿ ਇਹ ਹੈਰੋਇਨ ਪਾਕਿਸਤਾਨੀ ਸਮੱਗਲਰਾਂ ਤੋਂ ਮੰਗਵਾਈ ਗਈ ਹੈ, ਜੋ ਅੱਗੇ ਸਪਲਾਈ ਕੀਤੀ ਜਾਣੀ ਸੀ।
ਇਸੇ ਤਰ੍ਹਾਂ ਸੀ. ਆਈ . ਏ. ਫਿਰੋਜ਼ਪੁਰ ਦੀ ਪੁਲਸ ਜਦੋਂ ਚੁੰਗੀ ਨੰਬਰ 7 ਵੱਲ ਜਾ ਰਹੀ ਸੀ ਤਾਂ ਸੜਕ ਕਿਨਾਰੇ ਇਕ ਸ਼ੱਕੀ ਨੌਜਵਾਨ ਨੂੰ ਹੱਥ ’ਚ ਲਿਫਾਫਾ ਫੜੀ ਖੜ੍ਹਾ ਦੇਖਿਆ, ਜੋ ਪੁਲਸ ਨੂੰ ਦੇਖ ਕੇ ਘਬਰਾ ਗਿਆ ਅਤੇ ਉਥੋਂ ਭੱਜਣ ਲੱਗਾ।
ਉਸ ਨੂੰ ਸ਼ੱਕ ਦੇ ਆਧਾਰ ’ਤੇ ਗ੍ਰਿਫਤਾਰ ਕਰ ਕੇ ਪੁੱਛਗਿੱਛ ਕੀਤੀ ਤਾਂ ਉਸ ਨੇ ਆਪਣਾ ਨਾਂ ਸੁਮੀਮ ਹੁਸੈਨ ਪੁੱਤਰ ਗਨੀ ਮੁਹੰਮਦ, ਸਿਰਸਾ ਹਾਲ ਇੰਦਰਾ ਕਾਲੋਨੀ, ਮਨੀਮਾਜਰਾ, ਚੰਡੀਗੜ੍ਹ ਦੱਸਿਆ, ਜਿਸ ਕੋਲੋਂ 1 ਕਿਲੋਗ੍ਰਾਮ 502 ਗ੍ਰਾਮ ਅਫੀਮ ਬਰਾਮਦ ਹੋਈ। ਗ੍ਰਿਫਤਾਰ ਸਮੱਗਲਰ ਖਿਲਾਫ ਫਿਰੋਜ਼ਪੁਰ ਕੈਂਟ ਥਾਣੇ ’ਚ ਮਾਮਲਾ ਦਰਜ ਕੀਤਾ ਗਿਆ ਹੈ।
Read More : ਨਿਰਦੋਸ਼ਾਂ ਦੀ ਸੁਰੱਖਿਆ ਦੇ ਮੁੱਦੇ ‘ਤੇ ਚੁੱਪ ਨਹੀਂ ਬੈਠੇਗੀ ਭਾਜਪਾ : ਅਸ਼ਵਨੀ ਸ਼ਰਮਾ
