ਅੰਮ੍ਰਿਤਸਰ

ਪਾਕਿਸਤਾਨ ਤੋਂ ਹਥਿਆਰਾਂ ਦੀ ਸਮੱਗਲਿੰਗ ਕਰਨ ਵਾਲੇ 2 ਕਾਬੂ; 5 ਪਿਸਤੌਲ ਬਰਾਮਦ

ਡਰੋਨ ਰਾਹੀਂ ਮੰਗਵਾਉਂਦੇ ਸਨ ਖੇਪ; ਗੈਂਗਸਟਰ ਸੋਨੂੰ ਕੰਗਲਾ ਨਾਲ ਜੁੜੇ ਹਨ ਤਾਰ : ਡੀ.ਜੀ.ਪੀ.

ਅੰਮ੍ਰਿਤਸਰ, 11 ਫਰਵਰੀ : ਪਾਕਿਸਤਾਨ ਤੋਂ ਡਰੋਨ ਰਾਹੀਂ ਹਥਿਆਰਾਂ ਦੀ ਸਮੱਗਲਿੰਗ ਕਰਨ ਵਾਲੇ ਰੋਹਿਤ ਅਰੋੜਾ ਅਤੇ ਉਸ ਦੇ ਸਾਥੀ ਹਰਪ੍ਰੀਤ ਸਿੰਘ ਹੈਪੀ ਨੂੰ ਕਮਿਸ਼ਨਰੇਟ ਪੁਲਸ ਨੇ ਗ੍ਰਿਫ਼ਤਾਰ ਕੀਤਾ ਹੈ। ਇਨ੍ਹਾਂ ਦੇ ਕਬਜ਼ੇ ’ਚੋਂ ਪੰਜ ਆਧੁਨਿਕ ਪਿਸਤੌਲ ਬਰਾਮਦ ਹੋਏ ਹਨ, ਜਿਨ੍ਹਾਂ ’ਚ ਤਿੰਨ 9 ਐੱਮ.ਐੱਮ. ਗਲੌਕ ਅਤੇ ਦੋ ਪਿਸਤੌਲ 30 ਬੋਰ ਦੇ ਸ਼ਾਮਲ ਹਨ। ਇਸ ਗੱਲ ਦਾ ਖੁਲਾਸਾ ਡੀ.ਜੀ.ਪੀ. ਪੰਜਾਬ ਗੌਰਵ ਯਾਦਵ ਨੇ ਕੀਤਾ।

ਉਨ੍ਹਾਂ ਦੱਸਿਆ ਕਿ ਪੁਲਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਗ੍ਰਿਫ਼ਤਾਰ ਕੀਤੇ ਗਏ ਦੋਵੇਂ ਮੁਲਜ਼ਮ ਪਾਕਿਸਤਾਨ ’ਚ ਬੈਠੇ ਸਮੱਗਲਰਾਂ ਦੇ ਸੰਪਰਕ ’ਚ ਹਨ ਅਤੇ ਡਰੋਨ ਰਾਹੀਂ ਹਥਿਆਰਾਂ ਦੀ ਖੇਪ ਮੰਗਵਾ ਕੇ ਆਪਣੇ ਹੈਂਡਲਰਾਂ ਦੇ ਨਿਰਦੇਸ਼ਾਂ ’ਤੇ ਸਪਲਾਈ ਕਰਦੇ ਹਨ। ਇਸ ਤੋਂ ਬਾਅਦ ਜਾਲ ਵਿਛਾ ਕੇ ਦੋਵਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।

ਪੁਲਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤਾ ਗਿਆ ਰੋਹਿਤ ਅਰੋੜਾ ਗੈਂਗਸਟਰ ਸੋਨੂੰ ਕੰਗਲਾ ਦਾ ਨਜ਼ਦੀਕੀ ਹੈ, ਜਿਸ ਕੋਲੋਂ ਤਿੰਨ ਪਿਸਤੌਲ ਬਰਾਮਦ ਹੋਏ। ਜਾਂਚ ਦੌਰਾਨ ਰੋਹਿਤ ਨੇ ਆਪਣੇ ਸਾਥੀ ਹਰਪ੍ਰੀਤ ਸਿੰਘ ਹੈਪੀ ਦਾ ਨਾਮ ਦੱਸਿਆ, ਜਿਸ ਨੂੰ ਪੁਲਸ ਨੇ ਗ੍ਰਿਫ਼ਤਾਰ ਕਰਕੇ ਉਸ ਦੇ ਕਬਜ਼ੇ ’ਚੋਂ 2 ਹੋਰ ਗਲੌਕ ਪਿਸਤੌਲ ਬਰਾਮਦ ਕੀਤੇ।

ਜਾਂਚ ’ਚ ਸਾਹਮਣੇ ਆਇਆ ਕਿ ਦੋਵੇਂ ਮੁਲਜ਼ਮ ਆਦੀ ਅਪਰਾਧੀ ਹਨ ਅਤੇ ਉਨ੍ਹਾਂ ਖ਼ਿਲਾਫ਼ ਕਈ ਮਾਮਲੇ ਦਰਜ ਹਨ। ਫਿਲਹਾਲ ਥਾਣਾ ਗੇਟ ਹਕੀਮਾਂ ਦੀ ਪੁਲਸ ਮਾਮਲਾ ਦਰਜ ਕਰਕੇ ਪੁੱਛਗਿੱਛ ਕਰ ਰਹੀ ਹੈ।

Read More : ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਪੰਜਾਬ ਨੂੰ ਨਸ਼ਾ ਮੁਕਤ ਕਰਨ ਦਾ ਲਿਆ ਸੰਕਲਪ

Leave a Reply

Your email address will not be published. Required fields are marked *