ਪੰਜਾਬ ਪੁਲਿਸ ਅਤੇ ਸੁਰੱਖਿਆ ਬਲਾਂ ਨੇ ਤਲਾਸ਼ੀ ਮੁਹਿੰਮ ਚਲਾਈ
ਪਠਾਨਕੋਟ, 24 ਅਗਸਤ : ਜ਼ਿਲਾ ਪਠਾਨਕੋਟ ਦੇ ਸਰਹੱਦੀ ਇਲਾਕੇ ਬਮਿਆਲ ਤੋਂ ਕਰੀਬ 15 ਕਿਲੋਮੀਟਰ ਦੂਰ ਜੰਮੂ ਕਸ਼ਮੀਰ ਦੇ ਜ਼ਿਲਾ ਕਠੂਆ ਦੇ ਰਾਜਬਾਗ ਖੇਤਰ ਵਿਚ ਦੇਰ ਰਾਤ 2 ਹਥਿਆਰਬੰਦ ਸ਼ੱਕੀ ਦਿਖਾਈ ਦੇਣ ਤੋਂ ਬਾਅਦ ਬੀ. ਐੱਸ. ਐੱਫ਼. ਤੇ ਪਠਾਨਕੋਟ ਪੁਲਿਸ ਨੇ ਚੌਕਸੀ ਵਧਾ ਦਿੱਤੀ ਹੈ।
ਡੀ. ਐੱਸ. ਪੀ. ਆਪ੍ਰੇਸ਼ਨ ਗੁਰਬਖਸ਼ ਸਿੰਘ ਦੀ ਅਗਵਾਈ ਵਿਚ ਬਮਿਆਲ ਇਲਾਕੇ ਦੇ ਪਿੰਡ ਟਿੰਡਾ, ਭੋਲਾਪੁਰ ਤੇ ਕਠੂਆ ਨਾਲ ਲੱਗਦੇ ਸੰਵੇਦਨਸ਼ੀਲ ਇਲਾਕੇ ਵਿਚ ਵੱਡੇ ਪੱਧਰ ’ਤੇ ਤਲਾਸ਼ੀ ਮੁਹਿੰਮ ਚਲਾਈ ਗਈ, ਜੋ ਹੁਣ ਤੱਕ ਜਾਰੀ ਹੈ।
ਬੀਤੀ ਰਾਤ ਰਾਜਬਾਗ ਇਲਾਕੇ ਵਿਚ ਖੇਤ ਮਜ਼ਦੂਰ ਸੋਮਰਾਜ ਨੇ ਪਿੰਡ ਦੇ ਸਰਪੰਚ ਨੂੰ 2 ਸ਼ੱਕੀ ਵਿਅਕਤੀ ਦਿਖਾਈ ਦੇਣ ਦੀ ਜਾਣਕਾਰੀ ਦਿੱਤੀ, ਜਿਸ ਤੋਂ ਬਾਅਦ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਗਿਆ। ਸੋਮਰਾਜ ਨੇ ਦੱਸਿਆ ਕਿ ਰਾਤ ਕਰੀਬ 9 ਵਜੇ ਕਾਲੇ ਕੱਪੜੇ ਪਾਏ 2 ਹਥਿਆਰਬੰਦ ਨੌਜਵਾਨ ਉਸ ਦੇ ਸ਼ੈੱਡ ਵਿਚ ਆਏ ਤੇ ਖਾਣਾ ਮੰਗਿਆ। ਦੋਵਾਂ ਦੇ ਚਿਹਰਿਆਂ ’ਤੇ ਨਕਾਬ ਸੀ ਤੇ ਮੋਢਿਆਂ ’ਤੇ ਪਿੱਠੂ ਬੈਗ ਲਟਕਿਆ ਹੋਇਆ ਸੀ। ਉਨ੍ਹਾਂ ਕੋਲ ਹਥਿਆਰ ਵੀ ਸਨ।
ਸੋਮਰਾਜ ਨੇ ਕਿਹਾ ਕਿ ਉਸ ਕੋਲ ਖਾਣਾ ਨਹੀਂ ਸੀ, ਤਾਂ ਦੋਵਾਂ ਨੇ ਪਾਣੀ ਪੀਤਾ ਤੇ ਸਾਂਜੀ ਮੌੜ ਦਾ ਰਸਤਾ ਪੁੱਛਣ ਤੋਂ ਬਾਅਦ ਚਲੇ ਗਏ। ਘਟਨਾ ਤੋਂ ਬਾਅਦ ਕਠੂਆ ਪੁਲਿਸ ਤੇ ਸੁਰੱਖਿਆ ਬਲਾਂ ਨੇ ਪੂਰੇ ਇਲਾਕੇ ਵਿਚ ਘੇਰਾਬੰਦੀ ਕਰ ਦਿੱਤੀ ਹੈ। ਪਠਾਨਕੋਟ ਪੁਲਿਸ ਨੂੰ ਵੀ ਇਸ ਸਬੰਧੀ ਅਲਰਟ ਕੀਤਾ ਗਿਆ ਹੈ।
ਪੁਲਿਸ ਚੌਕੀ ਬਮਿਆਲ ਦੇ ਮੁਖੀ ਵਿਜੇ ਕੁਮਾਰ ਨੇ ਦੱਸਿਆ ਕਿ ਰਾਜਬਾਗ ਵਿਚ ਸ਼ੱਕੀ ਦਿਖਾਈ ਦੇਣ ਦੀ ਘਟਨਾ ਦੇ ਮੱਦੇਨਜ਼ਰ ਸੁਰੱਖਿਆ ਵਧਾ ਦਿੱਤੀ ਗਈ ਹੈ ਅਤੇ ਸਰਹੱਦ ਨਾਲ ਲੱਗਦੇ ਖੇਤਰ ਵਿਚ ਤਲਾਸ਼ੀ ਮੁਹਿੰਮ ਚਲਾਈ ਗਈ।
ਇਸ ਦੌਰਾਨ ਖੇਤਾਂ ਵਿਚ ਬਣੇ ਘਰਾਂ, ਉਸਾਰੀ ਅਧੀਨ ਇਮਾਰਤਾਂ, ਪਸ਼ੂਆਂ ਦੇ ਤਬੇਲਿਆਂ ਤੇ ਖੇਤਾਂ ਵਿਚ ਲੱਗੀਆਂ ਪਾਣੀ ਦੀਆਂ ਮੋਟਰਾਂ ਦੇ ਕਮਰਿਆਂ ਤੱਕ ਦੀ ਜਾਂਚ ਕੀਤੀ ਗਈ। ਫਿਲਹਾਲ, ਕਿਸੇ ਵੀ ਕਿਸਮ ਦੀ ਸ਼ੱਕੀ ਗਤੀਵਿਧੀ ਸਾਹਮਣੇ ਨਹੀਂ ਆਈ ਹੈ।
Read More : ਜਗਰਾਓਂ ਨੇੜੇ ਪੁਲਸ ਮੁਕਾਬਲਾ, ਇਕ ਦੀ ਲੱਤ ’ਚ ਲੱਗੀ ਗੋਲੀ, 5 ਕਾਬੂ