6 pistols

ਬੰਬੀਹਾ ਗੈਂਗ ਦੇ 2 ਕਾਰਕੁੰਨ 6 ਪਿਸਤੌਲਾਂ ਸਮੇਤ ਕਾਬੂ

ਹਥਿਆਰਾਂ ਦੀ ਖੇਪ ਬੰਬੀਹਾ ਗੈਂਗ ਦੇ ਗੁਰਗਿਆਂ ਨੂੰ ਕੀਤੀ ਜਾਣੀ ਸੀ ਸਪਲਾਈ: ਡੀ.ਜੀ.ਜੀ. ਗੌਰਵ ਯਾਦਵ

ਬਰਨਾਲਾ, 12 ਅਕਤੂਬਰ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪੰਜਾਬ ਨੂੰ ਸੁਰੱਖਿਅਤ ਸੂਬਾ ਬਣਾਉਣ ਲਈ ਚੱਲ ਰਹੀ ਮੁਹਿੰਮ ਦੌਰਾਨ ਵੱਡੀ ਸਫਲਤਾ ਹਾਸਲ ਕਰਦਿਆਂ ਐਂਟੀ-ਗੈਂਗਸਟਰ ਟਾਸਕ ਫੋਰਸ (ਏ.ਜੀ.ਟੀ.ਐੱਫ.) ਪੰਜਾਬ ਨੇ ਬਰਨਾਲਾ ਪੁਲਸ ਨਾਲ ਇਕ ਸਾਂਝੇ ਆਪ੍ਰੇਸ਼ਨ ਦੌਰਾਨ ਦਵਿੰਦਰ ਬੰਬੀਹਾ ਗੈਂਗ ਦੇ ਦੋ ਕਾਰਕੁੰਨਾਂ ਨੂੰ ਛੇ ਪਿਸਤੌਲਾਂ ਸਮੇਤ ਗ੍ਰਿਫਤਾਰ ਕੀਤਾ ਹੈ।

ਇਹ ਜਾਣਕਾਰੀ ਅੱਜ ਇੱਥੇ ਡਾਇਰੈਕਟਰ ਜਨਰਲ ਆਫ਼ ਪੁਲਸ (ਡੀ.ਜੀ.ਪੀ.) ਪੰਜਾਬ ਗੌਰਵ ਯਾਦਵ ਨੇ ਦਿੱਤੀ। ਗ੍ਰਿਫ਼ਤਾਰ ਵਿਅਕਤੀਆਂ ਦੀ ਪਛਾਣ ਸੰਦੀਪ ਸਿੰਘ ਵਾਸੀ ਹਨੂੰਮਾਨਗੜ੍ਹ ਟਾਊਨ, ਰਾਜਸਥਾਨ ਤੇ ਸ਼ੇਖਰ ਵਾਸੀ ਕੈਥਲ ਹਰਿਆਣਾ ਵਜੋਂ ਹੋਈ। ਪੁਲਸ ਟੀਮਾਂ ਨੇ ਉਨ੍ਹਾਂ ਕੋਲੋਂ ਇਕ PX5 ਪਿਸਤੌਲ, ਇਕ 30 ਬੋਰ ਦਾ ਪਿਸਤੌਲ, ਚਾਰ 32 ਬੋਰ ਦੇ ਪਿਸਤੌਲਾਂ ਸਮੇਤ 19 ਜ਼ਿੰਦਾ ਕਾਰਤੂਸ ਬਰਾਮਦ ਕੀਤੇ ਹਨ।

ਪੁਲਸ ਟੀਮਾਂ ਨੇ ਉਨ੍ਹਾਂ ਦੀ ਕਾਰ ਨੂੰ ਵੀ ਜ਼ਬਤ ਕਰ ਲਿਆ ਹੈ। ਡੀ.ਜੀ.ਪੀ. ਗੌਰਵ ਯਾਦਵ ਨੇ ਦੱਸਿਆ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਗ੍ਰਿਫ਼ਤਾਰ ਕੀਤੇ ਮੁਲਜ਼ਮ ਆਪਣੇ ਵਿਦੇਸ਼ੀ ਹੈਂਡਲਰਾਂ ਦੇ ਇਸ਼ਾਰਿਆਂ ’ਤੇ ਕੰਮ ਕਰ ਰਹੇ ਸਨ ਤੇ ਸੂਬੇ ਵਿਚ ਸਨਸਨੀਖੇਜ਼ ਅਪਰਾਧਾਂ ਨੂੰ ਅੰਜਾਮ ਦੇਣ ਲਈ ਬੰਬੀਹਾ ਗੈਂਗ ਦੇ ਗੁਰਗਿਆਂ ਨੂੰ ਇਹ ਹਥਿਆਰ ਸਪਲਾਈ ਕਰਨ ਦੀ ਯੋਜਨਾ ਬਣਾ ਰਹੇ ਸਨ।

ਐਡੀਸ਼ਨਲ ਡਾਇਰੈਕਟਰ ਜਨਰਲ ਆਫ਼ ਪੁਲਸ (ਏ.ਡੀ.ਜੀ.ਪੀ.) ਏ.ਜੀ.ਟੀ.ਐੱਫ. ਪੰਜਾਬ ਪ੍ਰਮੋਦ ਬਾਨ ਨੇ ਦੱਸਿਆ ਕਿ ਪੁਲਸ ਟੀਮਾਂ ਨੂੰ ਬੰਬੀਹਾ ਗੈਂਗ ਦੇ ਹੈਂਡਲਰਾਂ ਵੱਲੋਂ ਸੂਬੇ ਵਿਚ ਸਨਸਨੀਖੇਜ਼ ਅਪਰਾਧਾਂ ਨੂੰ ਅੰਜਾਮ ਦੇਣ ਦੀ ਸਾਜ਼ਿਸ਼ ਰਚਣ ਬਾਰੇ ਖਾਸ ਮਨੁੱਖੀ ਤੇ ਤਕਨੀਕੀ ਜਾਣਕਾਰੀ ਮਿਲੀ ਸੀ।

ਉਨ੍ਹਾਂ ਕਿਹਾ ਕਿ ਟੀਮਾਂ ਨੇ ਬਰਨਾਲਾ ਪੁਲਸ ਨਾਲ ਸਾਂਝੇ ਆਪ੍ਰੇਸ਼ਨ ਦੌਰਾਨ ਬਰਨਾਲਾ-ਬਠਿੰਡਾ ਮੁੱਖ ਸੜਕ ‘ਤੇ ਪਿੰਡ ਧੌਲਾ ਵਿਖੇ ਡਰੇਨ ਨੇੜਿਓਂ ਦੋਵਾਂ ਸ਼ੱਕੀਆਂ ਨੂੰ ਸਫਲਤਾਪੂਰਵਕ ਗ੍ਰਿਫ਼ਤਾਰ ਕਰ ਲਿਆ। ਇਨ੍ਹਾਂ ਟੀਮਾਂ ਦੀ ਅਗਵਾਈ ਏ.ਜੀ.ਟੀ.ਐੱਫ. ਦੇ ਇੰਸਪੈਕਟਰ ਵਿਕਰਮ ਤੇ ਸੀ.ਆਈ.ਏ. ਬਰਨਾਲਾ ਦੇ ਇੰਸਪੈਕਟਰ ਬਲਜੀਤ ਸਿੰਘ ਕਰ ਰਹੇ ਸਨ।

ਏ.ਆਈ.ਜੀ. ਸੰਦੀਪ ਗੋਇਲ ਨੇ ਕਿਹਾ ਕਿ ਗ੍ਰਿਫ਼ਤਾਰ ਕੀਤੇ ਦੋਵੇਂ ਮੁਲਜ਼ਮ ਅਪਰਾਧਿਕ ਪਿਛੋਕੜ ਵਾਲੇ ਹਨ ਅਤੇ ਉਨ੍ਹਾਂ ਵਿਰੁੱਧ ਅਸਲਾ ਐਕਟ ਨਾਲ ਸਬੰਧਤ ਮਾਮਲੇ ਦਰਜ ਹਨ। ਸੀਨੀਅਰ ਸੁਪਰਡੈਂਟ ਆਫ ਪੁਲਸ (ਐੱਸ.ਐੱਸ.ਪੀ.) ਬਰਨਾਲਾ ਮੁਹੰਮਦ ਸਰਫਰਾਜ਼ ਆਲਮ ਨੇ ਦੱਸਿਆ ਕਿ ਇਸ ਸਬੰਧੀ ਐੱਫ.ਆਈ.ਆਰ. ਬਰਨਾਲਾ ਦੇ ਥਾਣਾ ਰੁੜੇਕੇ ਕਲਾਂ ਵਿਖੇ ਦਰਜ ਕੀਤੀ ਗਈ ਹੈ। ਮਾਮਲੇ ਸਬੰਧੀ ਹੋਰ ਜਾਂਚ ਜਾਰੀ ਹੈ ਤੇ ਆਉਣ ਵਾਲੇ ਦਿਨਾਂ ਵਿਚ ਹੋਰ ਗ੍ਰਿਫ਼ਤਾਰੀਆਂ ਤੇ ਬਰਾਮਦਗੀਆਂ ਹੋਣ ਦੀ ਸੰਭਾਵਨਾ ਹੈ।

Read More : ਰਾਜਿੰਦਰਾ ਹਸਪਤਾਲ ’ਚ ਮਰੀਜ਼ ਦੀ ਮੌਤ ਹੋਣ ’ਤੇ ਪਰਿਵਾਰਕ ਮੈਂਬਰਾਂ ਵੱਲੋਂ ਹੰਗਾਮਾ

Leave a Reply

Your email address will not be published. Required fields are marked *