10 ਪਾਕਿਸਤਾਨੀ ਮੇਡ ਪਿਸਤੌਲਾਂ ਬਰਾਮਦ
ਅੰਮ੍ਰਿਤਸਰ :-‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਅੰਮ੍ਰਿਤਸਰ ਦਿਹਾਤੀ ਪੁਲਸ ਨੂੰ ਵੱਡੀ ਸਫਲਤਾ ਮਿਲੀ ਹੈ, ਜਿਸ ਤਹਿਤ ਪੁਲਸ ਨੇ ਮਾਂ-ਪੁੱਤਰ ਅਤੇ ਪ੍ਰੇਮਿਕਾ ਨੂੰ ਨਸ਼ੀਲੇ ਪਦਾਰਥਾਂ ਅਤੇ ਹਥਿਆਰਾਂ ਸਮੇਤ ਗ੍ਰਿਫ਼ਤਾਰ ਕੀਤਾ ਹੈ। ਪੁਲਸ ਨੇ ਉਨ੍ਹਾਂ ਕੋਲੋਂ 10 ਪਾਕਿਸਤਾਨੀ ਮੇਡ ਪਿਸਤੌਲਾਂ, 2 ਕਿਲੋ ਹੈਰੋਇਨ ਅਤੇ 30 ਹਜ਼ਾਰ ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ ਹੈ।
ਪੰਜਾਬ ਵਿਚ ਨਸ਼ਿਆਂ ਦੇ ਕਾਰੋਬਾਰ ਨੇ ਆਪਣੀਆਂ ਜੜ੍ਹਾਂ ਕਿੰਨੀਆਂ ਮਜ਼ਬੂਤ ਕੀਤੀਆਂ ਹਨ ਇਹ ਪੁਲਸ ਰਿਪੋਰਟ ਤੋਂ ਸਪੱਸ਼ਟ ਹੁੰਦਾ ਹੈ ਕਿ ਲੋਕਾਂ ਨੇ ਨਸ਼ਿਆਂ ਦੀ ਦੁਰਵਰਤੋਂ ਨੂੰ ਆਪਣਾ ਪਰਿਵਾਰਕ ਕਾਰੋਬਾਰ ਬਣਾ ਲਿਆ ਹੈ। ਇਸ ਸਫਲਤਾ ਵਿਚ ਪੁਲਸ ਨੇ ਇਕ ਗੁਪਤ ਸੂਚਨਾ ਦੇ ਆਧਾਰ ’ਤੇ ਥਾਣਾ ਘਰਿੰਡਾ ਅਧੀਨ ਆਉਣ ਵਾਲੇ ਪਿੰਡ ਭੋਰੋਪਾਲ ਵਿਚ ਇਕ ਪਰਿਵਾਰ ਦੇ ਘਰ ਛਾਪਾ ਮਾਰਿਆ ਜੋ ਕਿ ਨਸ਼ੀਲੇ ਪਦਾਰਥਾਂ ਅਤੇ ਹਥਿਆਰਾਂ ਦੀ ਸਪਲਾਈ ਨੂੰ ਆਪਣੇ ਪਰਿਵਾਰਕ ਕਾਰੋਬਾਰ ਵਜੋਂ ਚਲਾ ਰਿਹਾ ਸੀ।
ਸਿਰਫ਼ ਫੜਿਆ ਗਿਆ ਪਰਿਵਾਰ ਹੀ ਨਹੀਂ, ਸਗੋਂ ਉਨ੍ਹਾਂ ਦੇ ਚਾਚੇ-ਤਾਏ ਦੇ ਪਰਿਵਾਰ ਵੀ ਇਸੇ ਕਾਰੋਬਾਰ ਵਿਚ ਸ਼ਾਮਲ ਹਨ।
ਅੱਜ ਦੇ ਇਸ ਮਾਮਲੇ ਬਾਰੇ ਅੰਮ੍ਰਿਤਸਰ ਦਿਹਾਤੀ ਪੁਲਸ ਦੇ ਐੱਸ. ਐੱਸ. ਪੀ. ਮਨਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਕੋਲ ਪੁਖਤਾ ਜਾਣਕਾਰੀ ਸੀ ਕਿ ਇਸ ਘਰ ’ਤੇ ਛਾਪੇਮਾਰੀ ਕਰਨ ਨਾਲ ਕੋਈ ਵੱਡੀ ਸਫਲਤਾ ਮਿਲ ਸਕਦੀ ਹੈ ਅਤੇ ਜਦੋਂ ਛਾਪੇਮਾਰੀ ਕੀਤੀ ਗਈ 10 ਪਾਕਿਸਤਾਨੀ ਮੇਡ ਪਿਸਤੌਲਾਂ, 2 ਕਿਲੋ ਹੈਰੋਇਨ ਅਤੇ 30 ਹਜ਼ਾਰ ਡਰੱਗ ਮਨੀ ਲੁਕਾ ਕੇ ਰੱਖਣ ਵਿਚ ਔਰਤਾਂ ਦਾ ਵੀ ਹੱਥ ਸੀ ਅਤੇ ਜਦੋਂ ਉਨ੍ਹਾਂ ਤੋਂ ਸਖ਼ਤੀ ਨਾਲ ਪੁੱਛਗਿੱਛ ਕੀਤੀ ਗਈ ਤਾਂ ਉਨ੍ਹਾਂ ਨੇ ਸਭ ਕੁਝ ਖੁਲਾਸਾ ਕਰ ਦਿੱਤਾ।
ਮਾਮਲੇ ਵਿਚ ਪੁਲਸ ਪਾਰਟੀਆਂ ਨੇ ਪਿੰਡ ਭੋਰੋਪਾਲ ਵਿਚ ਦੋ ਘਰਾਂ ’ਤੇ ਛਾਪੇਮਾਰੀ ਕੀਤੀ ਅਤੇ ਦਲਬੀਰ ਸਿੰਘ ਦੀ ਪਤਨੀ ਰਾਜਬੀਰ ਕੌਰ ਦੇ ਘਰੋਂ 30 ਕੈਲੀਬਰ ਦੀਆਂ 10 ਪਿਸਤੌਲਾਂ ਅਤੇ 1 ਕਿਲੋ ਹੈਰੋਇਨ ਅਤੇ ਸੁਖਵਿੰਦਰ ਸਿੰਘ ਦੀ ਪਤਨੀ ਕੁਲਜੀਤ ਕੌਰ ਦੇ ਘਰੋਂ 1 ਕਿਲੋ ਹੈਰੋਇਨ ਬਰਾਮਦ ਕੀਤੀ। ਇਸ ਮਾਮਲੇ ਵਿਚ ਪੁਲਸ ਨੇ ਸੁਖਵਿੰਦਰ ਸਿੰਘ ਦੀ ਪਤਨੀ ਕੁਲਜੀਤ ਕੌਰ ਉਰਫ਼ ਬਲਜੀਤ ਕੌਰ, ਰਾਜਬੀਰ ਕੌਰ ਉਰਫ਼ ਦਲਬੀਰ ਸਿੰਘ ਦੀ ਪਤਨੀ ਰਾਜ ਕੌਰ, ਧਰਮਪ੍ਰੀਤ ਸਿੰਘ ਉਰਫ਼ ਧੰਮੂ ਪੁੱਤਰ ਦਲਬੀਰ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਹੈ।
ਐੱਸ. ਐੱਸ. ਪੀ. ਦਿਹਾਤੀ ਅਨੁਸਾਰ ਗ੍ਰਿਫ਼ਤਾਰ ਕੀਤੀਆਂ 2 ਔਰਤਾਂ ਅਤੇ ਇਕ ਵਿਅਕਤੀ ਵਿਚ ਰਾਜਬੀਰ ਕੌਰ ਅਤੇ ਧਰਮਪ੍ਰੀਤ ਸਿੰਘ ਮਾਂ-ਪੁੱਤਰ ਹਨ ਅਤੇ ਕੁਲਜੀਤ ਕੌਰ ਧਰਮਪ੍ਰੀਤ ਦੀ ਪ੍ਰੇਮਿਕਾ ਹੈ। ਉਨ੍ਹਾਂ ਦੱਿਸਆ ਿਕ ਰਾਜਬੀਰ ਕੌਰ ਦੇ ਪਤੀ ਦਲਬੀਰ ਸਿੰਘ ਅਤੇ ਹੋਰ ਪਰਿਵਾਰਕ ਮੈਂਬਰਾਂ ਬਾਰੇ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਪਤਾ ਲਗਾਇਆ ਜਾ ਸਕੇ ਕਿ ਇਸ ਮਾਮਲੇ ਵਿਚ ਉਨ੍ਹਾਂ ਦੀ ਕੀ ਭੂਮਿਕਾ ਹੈ, ਜੇਕਰ ਕੁਝ ਪਾਇਆ ਜਾਂਦਾ ਹੈ ਤਾਂ ਉਸ ਅਨੁਸਾਰ ਕਾਰਵਾਈ ਕੀਤੀ ਜਾਵੇਗੀ।
ਇਸ ਦੌਰਾਨ ਤਿੰਨ ਮੁਲਜ਼ਮ ਮੌਕੇ ਤੋਂ ਭੱਜਣ ਵਿਚ ਕਾਮਯਾਬ ਹੋ ਗਏ, ਿਜਨ੍ਹਾਂ ਦੀ ਪਛਾਣ ਬੱਬੀ ਮਿਸਤਰੀ, ਅਰਸ਼ਦੀਪ ਉਰਫ਼ ਬਾਬਾ ਸੂਰੋ, ਦਲਬੀਰ ਸਿੰਘ, ਮਨਪ੍ਰੀਤ ਸਿੰਘ ਉਰਫ਼ ਕਾਲੂ ਪੁੱਤਰ ਰਣਜੀਤ ਸਿੰਘ ਵਜੋਂ ਹੋਈ ਹੈ।
