ਸ਼ੱਕ ਪੈਣ ’ਤੇ ਡੀ. ਐੱਨ. ਏ. ਟੈਸਟ ਵੀ ਕਰਵਾਇਆ ਜਾਵੇਗਾ, ਸਾਰੇ ਪ੍ਰਬੰਧ ਮੁਕੰਮਲ : ਡਿਪਟੀ ਕਮਿਸ਼ਨਰ
ਪਟਿਆਲਾ, 21 ਜੁਲਾਈ :- ਭੀਖ ਮੰਗਦੇ ਬੱਚਿਆਂ ਸਬੰਧੀ ਪੰਜਾਬ ਦੇ ਮੁੱਖ ਮੰਤਰੀ ਦੇ ਆਦੇਸ਼ਾਂ ਨੂੰ ਜ਼ਿਲਾ ਪ੍ਰਸ਼ਾਸਨ ਵੱਲੋਂ ਗੰਭੀਰਤਾ ਨਾਲ ਨਾ ਲੈਣ ਤੋਂ ਬਾਅਦ ਅੱਜ ਜ਼ਿਲਾ ਪ੍ਰਸ਼ਾਸਨ ਦੀਆਂ ਟੀਮਾਂ ਤੇ ਟਾਸਕ ਫੋਰਸ ਵੱਲੋਂ ਪਟਿਆਲਾ ’ਚ ਵੱਖ-ਵੱਖ ਥਾਵਾਂ ’ਤੇ ਭੀਖ ਮੰਗਦੇ 19 ਬੱਚੇ ਬਚਾਏ ਗਏ ਹਨ।
ਅਧਿਕਾਰੀਆਂ ਨੇ ਦਾਅਵਾ ਕੀਤਾ ਕਿ ਬਾਲ ਭਿੱਖਿਆ ਦੀ ਭਿਆਨਕ ਸਮੱਸਿਆ ਦੇ ਖਾਤਮੇ ਲਈ ਜ਼ਿਲਾ ਪ੍ਰਸ਼ਾਸਨ ਦ੍ਰਿੜ ਸੰਕਲਪ ਹੈ, ਜਿਸ ਲਈ ਲਾਏ ਗਏ ਨੋਡਲ ਅਫ਼ਸਰਾਂ ਦੀ ਦੇਖ-ਰੇਖ ਹੇਠ ਜ਼ਿਲੇ ਭਰ ’ਚ ਛਾਪਾਮਾਰੀ ਕੀਤੀ ਜਾਵੇਗੀ। ਇਸ ਮੌਕੇ ਅਧਿਕਾਰੀਆਂ ਨੇ ਦਾਅਵਾ ਕੀਤਾ ਕਿ ਬਾਲਾਂ ਨੂੰ ਭੀਖ ਮੰਗਣ ਲਈ ਮਜਬੂਰ ਕਰਨ ਵਾਲੇ ਵੀ ਬਖਸ਼ੇ ਨਹੀਂ ਜਾਣਗੇ।
ਮੁੱਖ ਮੰਤਰੀ ਪੰਜਾਬ ਨੇ ਭਿਖਾਰੀਆਂ ਦੀ ਵਧਦੀ ਗਿਣਤੀ ਅਤੇ ਭਿਖਾਰੀਆਂ ਵੱਲੋਂ ਬੱਚਿਆਂ ਤੋਂ ਮੰਗਵਾਈ ਜਾਂਦੀ ਭੀਖ ਨੂੰ ਲੈ ਕੇ 15 ਦਿਨ ਪਹਿਲਾਂ ਸਖਤ ਹੁਕਮ ਜਾਰੀ ਕੀਤੇ ਸਨ ਕਿ ਸਮੁੱਚੇ ਜ਼ਿਲਿਆਂ ਦੇ ਡਿਪਟੀ ਕਮਿਸ਼ਨਰ ਇਸ ਉੱਪਰ ਤੁਰੰਤ ਕਾਰਵਾਈ ਕਰਨ।

ਇਸ ਸਬੰਧੀ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਪ੍ਰਾਜੈਕਟ ਜੀਵਨਜੋਤ 2.0 ਨੂੰ ਲਾਗੂ ਕਰਨ ਸਮੇਤ ਜ਼ਿਲੇ ਨੂੰ ‘ਭੀਖ ਮੁਕਤ’ ਬਣਾਉਣ ਲਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀਆਂ ਹਦਾਇਤਾਂ ’ਤੇ ਜ਼ਿਲੇ ਅੰਦਰ ਬੱਚਿਆਂ ਦੀ ਸਮੱਗਲਿੰਗ ਰੋਕਣ ਲਈ ਭੀਖ ਮੰਗਦੇ ਫੜੇ ਗਏ ਸ਼ੱਕੀ ਬੱਚਿਆਂ ਦੇ ਡੀ. ਐੱਨ. ਏ. ਟੈਸਟ ਕਰਵਾਉਣ ਸਮੇਤ ਬਾਲ ਮਜ਼ਦੂਰੀ ਰੋਕਣ ਦੇ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਮੀਟਿੰਗ ਕੀਤੀ।
ਉਨ੍ਹਾਂ ਸਮੂਹ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਸ਼ਹਿਰ ਦੇ ਵੱਖ-ਵੱਖ ਚੌਕਾਂ ਸਮੇਤ ਗੁਰਦੁਆਰਾ ਸ੍ਰੀ ਦੂਖ ਨਿਵਾਰਣ ਸਾਹਿਬ ਤੇ ਮਾਤਾ ਸ਼੍ਰੀ ਕਾਲੀ ਦੇਵੀ ਮੰਦਿਰ ਸਮੇਤ ਹੋਰ ਬਾਜ਼ਾਰਾਂ ਤੇ ਸੰਭਾਵਿਤ ਥਾਵਾਂ ’ਤੇ ਵਿਸ਼ੇਸ਼ ਚੈਕਿੰਗ ਕੀਤੀ ਜਾਵੇ ਅਤੇ ਬਾਲ ਭਿੱਖਿਆ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜ਼ਿਲੇ ਨੂੰ ਬਾਲ ਭਿੱਖਿਆ ਤੋਂ ਮੁਕਤ ਕਰਨ ਲਈ ਸਾਂਝੇ ਯਤਨਾਂ ਦੀ ਲੋੜ ਹੈ। ਇਸ ਲਈ ਲੋਕਾਂ ਨੂੰ ਵੀ ਅਪੀਲ ਹੈ ਕਿ ਉਹ ਕਿਸੇ ਵੀ ਬੱਚੇ ਨੂੰ ਭੀਖ ਨਾ ਦੇਣ, ਸਗੋਂ ਜੇਕਰ ਕਿਤੇ ਅਜਿਹੇ ਬੱਚੇ ਭੀਖ ਮੰਗਦੇ ਨਜ਼ਰ ਆਉਣ ਤਾਂ ਚਾਈਲਡ ਹੈਲਪ ਲਾਈਨ 1098 ’ਤੇ ਸੂਚਨਾ ਦਿੱਤੀ ਜਾਵੇ ਤਾਂ ਕਿ ਅਜਿਹੇ ਬੱਚਿਆਂ ਨੂੰ ਤੁਰੰਤ ਸੁਰੱਖਿਆ, ਸੰਭਾਲ ਅਤੇ ਸੁਚੱਜਾ ਭਵਿੱਖ ਮੁਹੱਈਆ ਕਰਵਾਉਣ ਲਈ ਯਤਨ ਕੀਤੇ ਜਾਣ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਬੱਚੇ ਸਮੱਗਲਿੰਗ ਦਾ ਸੌਖਾ ਨਿਸ਼ਾਨਾ ਹੁੰਦੇ ਹਨ, ਇਸ ਲਈ ਬਾਲ ਸਮੱਗਲਿੰਗ ਦੇ ਨੈੱਟਵਰਕ ਨੂੰ ਤੋੜਨ ਲਈ ਬਾਲ ਭਿੱਖਿਆ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਅਜਿਹਾ ਕਰਨਾ ਬਾਲ ਅਧਿਕਾਰਾਂ ਦੇ ਵੀ ਖ਼ਿਲਾਫ਼ ਹੈ, ਜਿਸ ਲਈ ਭੀਖ ਮੰਗਦੇ ਬੱਚਿਆਂ ਦੇ ਅਸਲ ਮਾਪਿਆਂ ਦੀ ਪਛਾਣ ਕਰਨ ਲਈ ਇਨ੍ਹਾਂ ਬੱਚਿਆਂ ਤੇ ਇਨ੍ਹਾਂ ਦੇ ਨਾਲ ਵਾਲੇ ਵਿਅਕਤੀ ਦੇ ਡੀ. ਐੱਨ. ਏ. ਟੈਸਟ ਲਈ ਏ. ਡੀ. ਸੀ. (ਜ) ਨੂੰ ਨੋਡਲ ਅਫ਼ਸਰ ਲਾਇਆ ਗਿਆ ਹੈ।
Read More : ਗੁਰਪਤਵੰਤ ਪੰਨੂ ਦੀ ਭਾਰਤ ਵਿਰੁੱਧ ਕੋਝੀ ਹਰਕਤ
