ਕਿਹਾ-ਸ਼ਹਿਰਵਾਸੀ ਪ੍ਰਧਾਨ ਮੈਡਮ ਦੀ ਕਾਰਗੁਜ਼ਾਰੀ ਤੋਂ ਬਿਲਕੁਲ ਵੀ ਖੁਸ਼ ਨਹੀਂ
ਨਾਭਾ, 27 ਅਗਸਤ : ਜ਼ਿਲਾ ਪਟਿਆਲਾ ਦੀ ਨਾਭਾ ਨਗਰ ਕੌਂਸਲ ਦੀ ਪ੍ਰਧਾਨ ਖਿਲਾਫ਼ 17 ਕੌਂਸਲਰਾਂ ਨੇ ਬੇਭਰੋਸਗੀ ਦਾ ਮਤਾ ਪਾਇਆ ਹੈ। ਇਸ ਮੌਕੇ ਕੌਂਸਲਰਾਂ ਨੇ ਕਿਹਾ ਕਿ ਨਾਭਾ ਨਗਰ ਕੌਂਸਲ ਦੇ ਪ੍ਰਧਾਨ ਮੈਡਮ ਸੁਜਾਤਾ ਚਾਵਲਾ ਪਿਛਲੇ ਸਾਢੇ ਤਿੰਨ ਸਾਲ ਤੋਂ ਪ੍ਰਧਾਨਗੀ ਕਰ ਰਹੇ ਹਨ। ਜਦਕਿ ਸ਼ਹਿਰਵਾਸੀ ਉਨ੍ਹਾਂ ਦੀ ਕਾਰਗੁਜ਼ਾਰੀ ਤੋਂ ਬਿਲਕੁਲ ਵੀ ਖੁਸ਼ ਨਹੀਂ। ਕਿਉਂਕਿ ਇਨ੍ਹਾਂ ਦੀ ਪਾਵਰ ਦੀ ਉਨ੍ਹਾਂ ਦੇ ਪਤੀ ਵੱਲੋਂ ਗਲਤ ਵਰਤੋਂ ਕੀਤੀ ਜਾ ਰਹੀ ਹੈ।
ਕੌਂਸਲਰਾਂ ਨੇ ਕਿਹਾ ਉਹ ਨਾ ਤਾਂ ਕੌਂਸਲਰ ਹੈ ਅਤੇ ਨਾ ਹੀ ਨਗਰ ਕੌਂਸਲ ਨਾਭਾ ਦਾ ਕੋਈ ਕਰਮਚਾਰੀ ਹੈ ਪਰ ਫਿਰ ਵੀ ਉਹ ਪੂਰੇ ਸ਼ਹਿਰ ਦੇ ਕੰਮਾਂ ’ਚ ਦਖਲਅੰਦਾਜ਼ੀ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਸ਼ਹਿਰ ’ਚ ਥਾਂ-ਥਾਂ ’ਤੇ ਗੰਦਗੀ ਦੇ ਢੇਰ ਲੱਗੇ ਹੋਏ ਹਨ, ਜਿੱਥੋਂ ਲੋਕਾਂ ਦਾ ਲੰਘਣਾ ਵੀ ਮੁਸ਼ਕਿਲ ਹੈ। ਜ਼ਿਆਦਾਤਰ ਵਾਰਡਾਂ ’ਚ ਸਟਰੀਟ ਲਾਈਟਾਂ ਵੀ ਬੰਦ ਪਈਆਂ ਅਤੇ ਸ਼ਹਿਰ ’ਚੋਂ ਮਲਬਾ ਚੁੱਕਣਾ ਦਾ ਵੀ ਕੋਈ ਉਚਿਤ ਪ੍ਰਬੰਧ ਨਹੀਂ।
ਇਸ ਮੌਕੇ ਮੌਜੂਦ ਕੌਂਸਲਰਾਂ ਨੇ ਕਿਹਾ ਕਿ ਸ਼ੰਭੂ ਬਾਰਡਰ ਤੋਂ ਕਿਸਾਨਾਂ ਦੀਆਂ ਟਰਾਲੀਆਂ ਚੋਰੀ ਹੋਣ ਦੇ ਮਾਮਲੇ ’ਚ ਕੌਂਸਲ ਪ੍ਰਧਾਨ ਮੈਡਮ ਦੇ ਪਤੀ ਖਿਲਾਫ ਐਫ.ਆਈ. ਆਰ. ਦਰਜ ਹੋਈ ਹੈ, ਉਸ ਨਾਲ ਪੂਰੀ ਨਾਭਾ ਨਗਰ ਕੌਂਸਲ ਦੀ ਬਦਨਾਮੀ ਹੋਈ ਹੈ, ਜਿਸ ਕਾਰਨ ਸ਼ਹਿਰ ਦੇ ਕੌਂਸਲਰਾਂ ਵੱਲੋਂ ਨਗਰ ਕੌਂਸਲ ਦੀ ਪ੍ਰਧਾਨ ਖਿਲਾਫ਼ ਬੇਭਰੋਸਗੀ ਦਾ ਮਤਾ ਪਾਇਆ ਗਿਆ ਹੈ।
Read More : ਪਿੰਡ ਆਹਲੀ ਵਾਲਾ ‘ਚ ਟੁੱਟਿਆ ਆਰਜੀ ਬੰਨ੍ਹ