ਕੀਮਤਾਂ ’ਚ ਵੱਡਾ ਉਛਾਲ ਆਉਣ ਦੀ ਸੰਭਾਵਨਾ
ਪਟਿਆਲਾ, 28 ਜੂਨ :- ਪੰਜਾਬ ਵਿਚ ਪਹਿਲਾਂ ਹੀ ਮਾਈਨਿੰਗ ਬੰਦ ਹੋਣ ਕਾਰਨ ਰੇਤਾ ਅਤੇ ਬਜਰੀ ਦੇ ਭਾਅ ਅਸਮਾਨੀ ਚੜ੍ਹੇ ਹੋਏ ਹਨ। ਹੁਣ ਪੰਜਾਬ ਵਿਚ 7 ਮਹੀਨਿਆਂ ਲਈ ਇੱਟਾਂ ਦੇ ਭੱਠੇ ਬੰਦ ਹੋ ਜਾਣ ਕਾਰਨ ਗਰੀਬ ਅਤੇ ਮੱਧ ਵਰਗੀ ਲੋਕਾਂ ਲਈ ਘਰ ਬਣਾਉਣਾ ਔਖਾ ਹੋ ਗਿਆ ਹੈ।
ਜਾਣਕਾਰੀ ਦਿੰਦਿਆਂ ਇਲਾਕੇ ਦੇ ਇੱਟਾਂ ਦੇ ਭੱਠਾ ਮਾਲਕਾਂ ਨੇ ਦੱਸਿਆ ਕਿ ਸਰਕਾਰ ਦੀਆਂ ਨੀਤੀਆਂ ਕਾਰਨ ਭੱਠਾ ਉਦਯੋਗ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਗਿਆ ਹੈ। ਮਾਈਨਿੰਗ ਪਾਲਿਸੀ, ਜੀ. ਐੱਸ. ਟੀ. ਦਰਾਂ ’ਚ ਕੀਤਾ ਗਿਆ ਵਾਧਾ, ਮਜ਼ਦੂਰਾਂ ਦੇ ਕੰਮ ਕਰਨ ਦੇ ਘੰਟਿਆਂ ਵਿਚ ਕਮੀ ਕਾਰਨ ਹੀ ਭੱਠਾ ਉਦਯੋਗ ਘਾਟੇ ਵਿਚ ਜਾ ਰਿਹਾ ਸੀ, ਜਿਸ ਕਾਰਨ ਸੂਬੇ ਭਰ ਦੇ ਭੱਠਾ ਐਸੋਸੀਏਸ਼ਨ ਨੇ ਸੂਬੇ ਭਰ ਦੇ ਭੱਠਿਆਂ ਨੂੰ 7 ਮਹੀਨਿਆਂ ਲਈ ਬੰਦ ਕਰ ਦਿੱਤਾ ਹੈ।
ਭੱਠਾ ਮਾਲਕਾਂ ਨੇ ਦੱਸਿਆ ਕਿ ਸੁਪਰੀਮ ਕੋਰਟ ਨੇ ਵਾਤਾਵਰਣ ਬਚਾਉਣ ਲਈ ਨੈਸ਼ਨਲ ਗਰੀਨ ਟ੍ਰਿਬਿਊਨਲ ਦੇ ਇਕ ਮਾਮਲੇ ’ਚ ਭੱਠੇ 30 ਜੂਨ ਤੱਕ ਚਾਲੂ ਰੱਖਣ ਲਈ ਕਿਹਾ ਗਿਆ ਹੈ ਪਰ ਪੰਜਾਬ ਸਰਕਾਰ ਵੱਲੋਂ ਇਸ ਮਾਮਲੇ ’ਚ ਕੋਈ ਨੋਟੀਫਿਕੇਸ਼ਨ ਜਾਰੀ ਨਹੀਂ ਹੋਇਆ, ਜਿਸ ਕਾਰਨ ਪੰਜਾਬ ਦੇ ਭੱਠਾ ਮਾਲਕਾਂ ਨੂੰ ਆਪਣੇ ਭੱਠੇ ਬੰਦ ਕਰਨੇ ਪੈ ਗਏ ਹਨ।
ਸੂਬੇ ਭਰ ਦੇ ਭੱਠੇ ਬੰਦ ਹੋਣ ਕਾਰਨ ਇੱਟਾਂ ਦੇ ਭਾਅ ਅਸਮਾਨੀ ਚੜ੍ਹਨ ਦੀ ਸੰਭਾਵਨਾ ਹੈ, ਜੋ ਕਿ ਗਰੀਬ ਅਤੇ ਮੱਧ ਵਰਗੀ ਪਰਿਵਾਰਾਂ ਲਈ ਘਰ ਬਣਾਉਣ ਵਾਲਿਆਂ ਨੂੰ ਇਕ ਵੱਡਾ ਝਟਕਾ ਲੱਗਾ ਹੈ ਕਿਉਂਕਿ ਸੂਬੇ ਵਿਚ ਪਹਿਲਾਂ ਹੀ ਮਾਈਨਿੰਗ ਬੰਦ ਹੋਣ ਕਾਰਨ ਰੇਤੇ ਅਤੇ ਬਜਰੀ ਦੇ ਭਾਅ ਪਹਿਲਾਂ ਹੀ ਅਸਮਾਨੀ ਚੜ੍ਹੇ ਹੋਏ ਹਨ।
ਗੱਲਬਾਤ ਕਰਦਿਆਂ ਇਲਾਕੇ ਦੇ ਵਸਨੀਕ ਅਤੇ ਉੱਘੇ ਕੰਸਟਰੱਕਸ਼ਨ ਠੇਕੇਦਾਰ ਸਰਪੰਚ ਪੱਪੀ ਕਰਾਲੀ, ਸ਼ੈਲੀ ਝਿਊਰਮਜਾਰਾ, ਪਰਮਜੀਤ ਸਿੰਘ ਬਾਸਮਾ, ਤਰਸੇਮ ਸਿੰਘ ਸਾਬਕਾ ਸਰਪੰਚ ਬਾਸਮਾ, ਕਿਰਪਾਲ ਸਿੰਘ ਸਿਆਊ, ਜਗਜੀਤ ਸਿੰਘ ਛੜਬੜ, ਹਰਪ੍ਰੀਤ ਸਿੰਘ ਅਮਲਾਲਾ, ਡਾ. ਭੁਪਿੰਦਰ ਸਿੰਘ ਮਨੌਲੀ ਸੂਰਤ, ਕਿਸਾਨ ਆਗੂ ਸਤਨਾਮ ਸਿੰਘ ਸੱਤਾ ਖਲੋਰ, ਨਿਰਮਲ ਸਿੰਘ ਬੰਟੀ ਸੇਖਣਮਾਜਰਾ, ਮੱਖਣ ਸਿੰਘ ਗੀਗੇਮਾਜਰਾ ਆਦਿ ਨੇ ਕਿਹਾ ਕਿ ਵਿਧਾਨ ਸਭਾ ਚੋਣਾਂ ਦੌਰਾਨ ਸੂਬੇ ਦੇ ਲੋਕਾਂ ਨੂੰ ਰੇਤਾ ਅਤੇ ਬਜਰੀ ਦੇ ਭਾਅ ਘੱਟ ਕਰਨ ਦੇ ਵਾਅਦੇ ਕਰਨ ਵਾਲੇ ਮੁੱਖ ਮੰਤਰੀ ਭਗਵੰਤ ਮਾਨ ਨੇ ਸਰਕਾਰ ਦੇ ਸਾਢੇ 3 ਸਾਲ ਬੀਤ ਜਾਣ ਦੇ ਬਾਵਜੂਦ ਵੀ ਮਾਈਨਿੰਗ ਐਕਟ ਵਿਚ ਕੋਈ ਸੋਧ ਨਹੀਂ ਕੀਤੀ ਗਈ। ਇਸ ਕਾਰਨ ਰੇਤਾ ਅਤੇ ਬਜਰੀ ਦੇ ਭਾਅ ਅਸਮਾਨੀ ਚੜ੍ਹੇ ਹੋਏ ਹਨ।
ਹੁਣ ਸਰਕਾਰ ਦੀਆਂ ਭੱਠਾ ਉਦਯੋਗ ਪ੍ਰਤੀ ਗਲਤ ਨੀਤੀਆਂ ਕਾਰਨ ਪੰਜਾਬ ਦੇ ਭੱਠੇ 7 ਮਹੀਨੇ ਲਈ ਬੰਦ ਹੋ ਗਏ ਹਨ, ਜਿਸ ਕਾਰਨ ਜਿੱਥੇ ਇੱਟਾਂ ਦੇ ਭਾਅ ਅਸਮਾਨੀ ਚੜ੍ਹਨਗੇ, ਉੱਥੇ ਹੀ ਗਰੀਬ ਲੋਕਾਂ ਵਿਚ ਬੇਰੋਜ਼ਗਾਰੀ ਦੀ ਸੰਭਾਵਨਾ ਵਧੇਗੀ ਕਿਉਂਕਿ ਲੋਕ ਇੱਟਾਂ ਦੇ ਭਾਅ ਅਸਮਾਨੀ ਚੜ੍ਹ ਗਏ ਹਨ, ਵਿਕਾਸ ਕਾਰਜ ਬੰਦ ਕਰ ਦੇਣਗੇ। ਇਸ ਨਾਲ ਗਰੀਬ ਅਤੇ ਮੱਧ ਵਰਗ ਦੇ ਲੋਕ ਬੁਰੀ ਤਰ੍ਹਾਂ ਪ੍ਰਭਾਵਿਤ ਹੋਣਗੇ।
Read More : 20,000 ਰੁਪਏ ਰਿਸ਼ਵਤ ਲੈਂਦਾ ਕਲਰਕ ਗ੍ਰਿਫਤਾਰ
