– ਅਗਲੇ ਜਥੇ ਵਿਚ ਔਰਤਾਂ ਵੀ ਸ਼ਾਮਲ ਹੋਣਗੀਆਂ
ਪਟਿਆਲਾ, 15 ਦਸੰਬਰ : ਇਸ ਮੌਕੇ ਕਿਸਾਨ ਨੇਤਾ ਸਰਵਨ ਸਿੰਘ ਪੰਧੇਰ ਨੇ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਕਿ ਸਾਨੂੰ ਕੇਦਰ ਸਰਕਾਰ ਦਸੇ ਕਿ 101 ਕਿਸਾਨਾਂ ਦਾ ਜਥਾ ਕਾਨੂੰਨ ਲਈ ਕਿਵੇਂ ਖਤਰਾ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਭਾਵੇਂ ਅਸੀਂ ਸਰਹੱਦ ਤੋਂ ਪਾਰ ਨਹੀਂ ਜਾ ਸਕੇ ਪਰ ਸਾਡੀ ਆਵਾਜ਼ ਦੇਸ਼ ਦੇ ਹਰ ਘਰ ਤੱਕ ਪਹੁੰਚ ਰਹੀ ਹੈ।
ਕਿਸਾਨ ਆਗੂ ਸਰਵਣ ਪੰਧੇਰ ਨੇ ਕਿਹਾ ਕਿ 16 ਦਸੰਬਰ ਨੂੰ ਕਿਸਾਨਾਂ ਵੱਲੋ ਜਿੱਥੇ ਪੰਜਾਬ ਨੂੰ ਛੱਡ ਕੇ ਪੂਰੇ ਦੇਸ਼ ਵਿੱਚ ਟਰੈਕਟਰ ਮਾਰਚ ਕੀਤਾ ਜਾਵੇਗਾ, ਉੱਥੇ ਹੀ 18 ਦਸੰਬਰ ਨੂੰ ਦੁਪਹਿਰ 12 ਤੋਂ 3 ਵਜੇ ਤੱਕ ਪੰਜਾਬ ਭਰ ਵਿੱਚ ਰੇਲ ਰੋਕੋ ਮੁਹਿੰਮ ਚਲਾਈ ਜਾਵੇਗੀ। ਇਸਤੋਂ ਇਲਾਵਾ ਕੱਲ੍ਹ ਸ਼ੰਭੂ ਬਾਰਡਰ ‘ਤੇ ਪ੍ਰੈੱਸ ਕਾਨਫਰੰਸ ਵੀ ਹੋਵੇਗੀ।
ਉਨ੍ਹਾਂ ਕਿਹਾ ਕਿ ਅਗਲਾ ਜੱਥਾ ਕਦੋਂ ਜਾਵੇਗਾ, ਇਸ ਬਾਰੇ ਅਜੇ ਕੋਈ ਫੈਸਲਾ ਨਹੀਂ ਹੋਇਆ ਹੈ ਪਰ ਜਦੋਂ ਜੱਥਾ ਜਾਵੇਗਾ ਤਾਂ ਉਸ ਵਿਚ ਹਰਿਆਣਾ ਦੇ ਕਿਸਾਨ ਅਤੇ ਔਰਤਾਂ ਵੀ ਸ਼ਾਮਲ ਹੋਣਗੀਆਂ, ਜਿਸਦੀ ਜਾਣਕਾਰੀ ਸਾਂਝੀ ਕੀਤੀ ਜਾਵੇਗੀ।
ਸ਼ੰਭ ਬਾਰਡਰ ਨਹੀ ਸਗੋਂ ਭਾਰਤ-ਪਾਕਿ ਦੀ ਲਗ ਰਹੀ ਹੈ ਸਰਹਦ : ਬਜਰੰਗ ਪੂਨੀਆ
ਇਸ ਮੌਕੇ ਕਿਸਾਨਾਂ ਦੀ ਹਮਾਇਤ ਲਈ ਸ਼ੰਭੂ ਬਾਰਡਰ ਵਿਖੇ ਪੁੱਜੇ ਪਹਿਲਵਾਨ ਬਜਰੰਗ ਪੂਨੀਆ ਨੇ ਜਦੋਂ ਸਾਰੀ ਸਥਿਤੀ ਤੇ ਬਾਰਡਰ ਦੇਖਿਆ ਤਾਂ ਆਖਿਆ ਕਿ ਇਹ ਸ਼ੰਭੂ ਬਾਰਡਰ ਦੀ ਥਾਂ ਕਿਸੇ ਭਾਰਤ-ਪਾਕਿ ਦੀ ਸਰਹਦ ਲਗ ਰਿਹਾ ਹੈ। ਉਨ੍ਹਾਂ ਕਿਹਾ ਕਿ ਇੱਕ ਪਾਸੇ ਤਾਂ ਸਰਕਾਰ ਕਹਿ ਰਹੀ ਹੈ ਕਿ ਅਸੀਂ ਕਿਸਾਨਾਂ ਨੂੰ ਨਹੀਂ ਰੋਕ ਰਹੇ, ਪਰ ਦੂਜੇ ਪਾਸੇ ਅੱਥਰੂ ਗੈਸ ਦੀ ਵਰਤੋਂ ਕਰ ਰਹੇ ਹਨ।

ਉਨ੍ਹਾਂ ਕਿਹਾ ਕਿ ਜਦੋਂ ਨੇਤਾ ਦਿੱਲੀ ਜਾ ਕੇ ਵਿਰੋਧ ਪ੍ਰਦਰਸ਼ਨ ਕਰਨ ਜਾਂਦੇ ਹਨ ਤਾਂ ਕੀ ਉਹ ਇਜਾਜ਼ਤ ਲੈਂਦੇ ਹਨ। ਕਿਸਾਨ ਸਿਰਫ਼ ਆਪਣੀਆਂ ਫ਼ਸਲਾਂ ਲਈ ਘੱਟੋ-ਘੱਟ ਸਮਰਥਨ ਮੁੱਲ ਚਾਹੁੰਦੇ ਹਨ। ਅਸੀਂ ਹਮੇਸ਼ਾ ਕਿਸਾਨਾਂ ਦਾ ਸਮਰਥਨ ਕਰਾਂਗੇ। ਉਨ੍ਹਾਂ ਭਾਜਪਾ ਦੇ ਰਾਮਚੰਦਰ ਜਾਗੜਾ ਦੇ ਬਿਆਨ ‘ਤੇ ਕਿਹਾ ਕਿ ਭਾਜਪਾ ਕਹਿ ਰਹੀ ਹੈ ਕਿ 700 ਲੜਕੀਆਂ ਲਾਪਤਾ ਹਨ, ਇਹ ਬੇਤੁਕੀਆਂ ਗੱਲਾਂ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਪੰਜਾਬ ਵਿਚੋਂ ਹਰਿਆਣਾ ਵਿਚ ਨਸ਼ਾ ਫੈਲਿਆ ਹੈ ਪਰ ਗੁਜਰਾਤ ਦੀਆਂ ਬੰਦਰਗਾਹਾਂ ‘ਤੇ ਲੱਖਾਂ ਕਰੋੜਾਂ ਦੇ ਨਸ਼ੇ ਮਿਲ ਰਹੇ ਹਨ। ਉਥੇ ਤਾਂ ਉਨ੍ਹਾਂ ਦੀ ਆਵਾਜ਼ ਨਹੀਂ ਨਿਕਲਦੀ ਸੀ।
ਸਰਕਾਰ ਪੰਜਾਬ-ਹਰਿਆਣਾ ਦੀ ਭਾਈਚਾਰਕ ਸਾਂਝ ਨੂੰ ਵਿਗਾੜਨਾ ਚਾਹੁੰਦੀ ਹੈ। ਹਾਈ ਕੋਰਟ ਨੇ ਵੀ ਕਿਹਾ ਸੀ ਕਿ ਸੜਕਾਂ ਖੋਲ੍ਹ ਦਿੱਤੀਆਂ ਜਾਣ। ਸਰਕਾਰ ਕਿਸੇ ਦੀ ਗੱਲ ਨਹੀਂ ਸੁਣ ਰਹੀ। ਅਸੀਂ ਸ਼ਾਂਤਮਈ ਢੰਗ ਨਾਲ ਪ੍ਰਦਰਸ਼ਨ ਕਰ ਰਹੇ ਹਾਂ ਅਤੇ ਕਰਾਂਗੇ।
