ਫਿਰੋਜ਼ਪੁਰ, 6 ਜਨਵਰੀ : ਜ਼ਿਲਾ ਫਿਰੋਜ਼ਪੁਰ ਦੇ ਸਰਕਾਰੀ ਸਕੂਲਾਂ ’ਚ 11ਵੀਂ ਜਮਾਤ ’ਚ ਪੜ੍ਹਦੇ 15 ਹੋਣਹਾਰ ਵਿਦਿਆਰਥੀਆਂ ਨੂੰ ਹਵਾਈ ਯਾਤਰਾ ਰਾਹੀਂ ਅਹਿਮਦਾਬਾਦ (ਗੁਜਰਾਤ) ਦਾ ਵਿੱਦਿਅਕ ਟੂਰ ਭੇਜਿਆ ਗਿਆ।
ਪੰਜਾਬ ਸਰਕਾਰ ਦੇ ਨਿਰਦੇਸ਼ਾਂ ਅਨੁਸਾਰ ਜ਼ਿਲਾ ਸਿੱਖਿਆ ਅਫ਼ਸਰ (ਸੈ:ਸਿ) ਫਿਰੋਜ਼ਪੁਰ ਮੁਨੀਲਾ ਅਰੋੜਾ, ਉਪ ਜ਼ਿਲਾ ਸਿੱਖਿਆ ਅਫ਼ਸਰ (ਸੈ:ਸਿ) ਫਿਰੋਜ਼ਪੁਰ ਡਾ. ਸਤਿੰਦਰ ਸਿੰਘ ਦੀ ਯੋਗ ਅਗਵਾਈ ’ਚ ਰਾਸ਼ਟਰੀ ਅਵਿਸ਼ਕਾਰ ਅਭਿਆਨ ਅਧੀਨ ਸਰਕਾਰੀ ਸਕੂਲਾਂ ਦੇ ਹਰੇਕ ਬਲਾਕ ਦੇ ਟਾਪਰ 11ਵੀਂ ਜਮਾਤ ਦੇ ਮੈਡੀਕਲ ਅਤੇ ਨਾਨ ਮੈਡੀਕਲ ਦੇ ਵਿਦਿਆਰਥੀਆਂ ਨੂੰ ਪੰਜਾਬ ਰਾਜ ਤੋਂ ਬਾਹਰ ਵਿਗਿਆਨਕ ਅਤੇ ਇਤਿਹਾਸਿਕ ਮਹੱਤਤਾ ਵਾਲੇ ਸਥਾਨਾਂ ਅਤੇ ਸੰਸਥਾਵਾਂ ’ਤੇ 5 ਦਿਨਾਂ ਅੰਤਰਰਾਜੀ ਐਕਸਪੋਜ਼ਰ ਵਿਜਿਟ ਕਰਵਾਇਆ ਜਾ ਰਿਹਾ ਹੈ। ਜਿਸ ਦਾ ਮੁੱਖ ਉਦੇਸ਼ ਵਿਦਿਆਰਥੀਆਂ ’ਚ ਵਿਗਿਆਨ ਵਿਸ਼ੇ ਪ੍ਰਤੀ ਰੋਚਕਤਾ ਪੈਦਾ ਕਰਨਾ ਹੈ।
ਇਸ ਮੌਕੇ ਬਲਾਕ ਨੋਡਲ ਅਫ਼ਸਰ ਅਤੇ ਕੋਆਰਡੀਨੇਟਰ ਸੰਜੀਵ ਟੰਡਨ ਨੇ ਦੱਸਿਆ ਕਿ ਫਿਰੋਜ਼ਪੁਰ ਜ਼ਿਲੇ ਦੇ 10 ਬਲਾਕਾਂ ’ਚੋਂ ਕੁੱਲ 80 ਵਿਦਿਆਰਥੀਆਂ ਦੀ ਚੋਣ ਕੀਤੀ ਗਈ ਸੀ, ਜਿਨਾਂ ’ਚੋਂ 65 ਵਿਦਿਆਰਥੀਆਂ ਦੇ ਦੋ ਗਰੁੱਪ ਪਹਿਲਾਂ ਜੈਪੁਰ ਭੇਜੇ ਜਾ ਚੁੱਕੇ ਹਨ ਅਤੇ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਪਹਿਲੇ 15 ਟਾਪਰ ਵਿਦਿਆਰਥੀਆਂ ਅਤੇ 2 ਅਧਿਆਪਕਾਂ ਨੂੰ ਹਵਾਈ ਯਾਤਰਾ ਰਾਹੀਂ ਅਹਿਮਦਾਬਾਦ ਭੇਜਿਆ ਗਿਆ ਹੈ। ਜਿਥੇ ਇਨ੍ਹਾਂ ਵਿਦਿਆਰਥੀਆਂ ਵੱਲੋਂ ਆਈ. ਆਈ. ਐੱਮ. ਅਹਿਮਦਾਬਾਦ, ਗੁਜਰਾਤ ਸਾਇੰਸ ਸਿਟੀ, ਰਾਨੀ ਕੀ ਵਾਵ, ਸਨ ਟੈਂਪਲ, ਸਾਬਰਮਤੀ ਆਸ਼ਰਮ, ਸਰਦਾਰ ਵੱਲਭ ਭਾਈ ਪਟੇਲ ਮਿਊਜ਼ੀਅਮ, ਕਨਕਰੀਆ ਲੇਕ, ਸਾਬਰਮਤੀ ਰਿਵਰ ਫਰੰਟ ਅਤੇ ਕਈ ਹੋਰ ਇਤਿਹਾਸਕ ਮਹੱਤਤਾਂ ਵਾਲੇ ਸਥਾਨ ਵਿਜਿਟ ਕੀਤੇ ਜਾਣਗੇ।
ਜ਼ਿਕਰਯੋਗ ਹੈ ਕਿ ਇਨ੍ਹਾਂ ਵਿਦਿਆਰਥੀਆਂ ਨੂੰ ਫੋਰ ਸਟਾਰ ਹੋਟਲ ’ਚ ਰਹਿਣ ਦੀ ਸੁਵਿਧਾ, ਹਵਾਈ ਯਾਤਰਾ ਲਈ ਆਉਣ-ਜਾਣ ਦਾ ਖਰਚ ਆਦਿ ਪੰਜਾਬ ਸਰਕਾਰ ਵੱਲੋਂ ਆਪਣੇ ਪੱਧਰ ’ਤੇ ਕੀਤਾ ਗਿਆ ਹੈ।
Read More : ਬਾਂਦਾ ’ਚ 6 ਸਾਲਾ ਬੱਚੀ ਨਾਲ ਦਰਿੰਦਗੀ ਕਰਨ ਵਾਲੇ ਨੂੰ ਫਾਂਸੀ ਦੀ ਸਜ਼ਾ
