ਉਦਘਾਟਨੀਮੈਚ ’ਚ ਸਕਰੂਲੀ ਦੀ ਟੀਮ ਨੇ ਨੰਗਲ ਖੁਰਦ ਨੂੰ 1-0 ਨਾਲ ਹਰਾਇਆ
ਮਾਹਿਲਪੁਰ : ਦੋਆਬਾ ਸਪੋਰਟਿੰਗ ਕਲੱਬ ਖੇਡ਼ਾ (ਮਾਹਿਲਪੁਰ) ਵੱਲੋਂ ਕਲੱਬ ਪ੍ਰਧਾਨ ਇਕਬਾਲ ਸਿੰਘ ਖੇਡ਼ਾ ਦੀ ਅਗਵਾਈ ਹੇਠ ਕਰਤਾਰ ਸਿੰਘ ਬੈਂਸ ਯਾਦਗਾਰੀ ਸਟੇਡੀਅਮ ਖੇਡ਼ਾ ਵਿਖੇ 15ਵਾਂ ਦੋਆਬਾ ਕੱਪ ਫੁੱਟਬਾਲ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ। ਅੱਜ ਪਿੰਡ ਪੱਧਰ ਓਪਨ ਦੇ ਮੁਕਾਬਲੇ ਸ਼ੁਰੂ ਹੋਏ। ਸਭ ਤੋਂ ਪਹਿਲਾ ਗਿਆਨੀ ਮਨਿੰਦਰ ਸਿੰਘ ਜੀ ਨੇ ਸਰਬੱਤ ਦੇ ਭਲੇ ਲਈ ਅਰਦਾਸ ਬੇਨਤੀ ਕੀਤੀ।
ਇਸ ਟੂਰਨਾਮੈਂਟ ਦਾ ਉਦਘਾਟਨ ਮੁੱਖ ਮਹਿਮਾਨ ਜਥੇਦਾਰ ਅਵਤਾਰ ਸਿੰਘ ਬੈਂਸ, ਬਲਜੀਤ ਸਿੰਘ ਬੈਂਸ ਪ੍ਰਧਾਨ ਟਰੱਕ ਯੂਨੀਅਨ ਮਾਹਿਲਪੁਰ ਵਾਲਿਆਂ ਨੇ ਕੀਤਾ। ਉਨ੍ਹਾਂ ਨੇ ਖਿਡਾਰੀਆਂ ਨਾਲ ਜਾਣ-ਪਛਾਣ ਕਰਦਿਆਂ ਉਨ੍ਹਾਂ ਨੂੰ ਅਨੁਸ਼ਾਸ਼ਨ ’ਚ ਰਹਿ ਕੇ ਖੇਡਣ ਲਈ ਪ੍ਰੇਰਿਤ ਕੀਤਾ।
ਅੱਜ ਖੇਡੇ ਗਏ ਉਦਘਾਟਨੀ ਮੈਚ ਵਿਚ ਸਕਰੂਲੀ ਦੀ ਟੀਮ ਨੇ ਨੰਗਲ ਖੁਰਦ ਦੀ ਟੀਮ ਨੂੰ 1-0 ਨਾਲ ਹਰਾਇਆ। ਹੋਰ ਖੇਡੇ ਗਏ ਮੈਚਾਂ ’ਚ ਗੋਹਗਡ਼ੋਂ ਦੀ ਟੀਮ ਨੇ ਕਾਲੇਵਾਲ ਭਗਤਾਂ ਦੀ ਟੀਮ ਨੂੰ 1-0 ਨਾਲ, ਮਜਾਰਾ ਡੀਂਗਰੀਆਂ ਦੀ ਟੀਮ ਨੇ ਗੋਂਦਪੁਰ ਦੀ ਟੀਮ ਨੂੰ 1-0 ਦੇ ਫਰਕ ਨਾਲ ਹਰਾ ਕੇ ਅਗਲੇ ਗੇਡ਼ ’ਚ ਪ੍ਰਵੇਸ਼ ਕੀਤਾ।
ਇਸ ਮੌਕੇ ਪ੍ਰਧਾਨ ਇਕਬਾਲ ਸਿੰਘ ਖੇਡ਼ਾ ਜੀ ਨੇ ਦੱਸਿਆ ਕਿ ਇਹ ਟੂਰਨਾਮੈਂਟ 20 ਤੋਂ 29 ਜਨਵਰੀ ਤੱਕ ਕਰਵਾਇਆ ਜਾਵੇਗਾ, ਇਸ ਵਿਚ 24 ਟੀਮਾਂ ਪਿੰਡ ਵਰਗ ਦੀਆਂ ਅਤੇ 11 ਟੀਮਾਂ ਕਲੱਬ ਵਰਗ ਦੀਆਂ ਭਾਗ ਲੈ ਰਹੀਆਂ ਹਨ। ਉਨ੍ਹਾਂ ਨੇ ਦੱਸਿਆ ਕਿ ਕਲੱਬ ਵਰਗ ਦੀ ਜੇਤੂ ਟੀਮ ਨੂੰ 1 ਲੱਖ 1 ਹਜ਼ਾਰ ਰੁਪਏ, ਉਪ ਜੇਤੂ ਟੀਮ ਨੂੰ 75 ਹਜ਼ਾਰ ਰੁਪਏ ਅਤੇ ਪਿੰਡ ਵਰਗ ਦੀ ਜੇਤੂ ਟੀਮ ਨੂੰ 35 ਹਜ਼ਾਰ ਰੁਪਏ, ਉਪ ਜੇਤੂ ਟੀਮ ਨੂੰ 31 ਹਜ਼ਾਰ ਰੁਪਏ ਨਕਦ ਰਾਸ਼ੀ ਅਤੇ ਸ਼ਾਨਦਾਰ ਟਰਾਫੀਆਂ ਨਾਲ ਸਨਮਾਨਿਤ ਕੀਤਾ ਜਾਵੇਗਾ।
21 ਨੂੰ ਖੇਡੇ ਜਾਣ ਵਾਲੇ ਮੈਚ
ਪ੍ਰਬੰਧਕਾਂ ਨੇ ਦੱਸਿਆ ਕਿ 21 ਜਨਵਰੀ ਨੂੰ ਖੇਡੇ ਜਾਣ ਵਾਲੇ ਮੈਚਾਂ ’ਚ ਸਰਹਾਲਾ ਕਲਾਂ ਦਾ ਮੁਕਾਬਲਾ ਚੰਦੇਲੀ ਨਾਲ, ਭਗਤੂਪੁਰ ਦਾ ਮੁਕਾਬਲਾ ਮੁੱਗੋਵਾਲ ਨਾਲ, ਹਕੂਮਤਪੁਰ ਦਾ ਮੁਕਾਬਲਾ ਪਾਲਦੀ ਨਾਲ ਅਤੇ ਕਾਲੇਵਾਲ ਫੱਤੂ ਦਾ ਮੁਕਾਬਲਾ ਲੰਗੇਰੀ ਗਰੀਨ ਨਾਲ ਹੋਵੇਗਾ।
