ਹਸਪਤਾਲ ’ਚ ਡਾਕਟਰ ਨਾ ਹੋਣ ਕਾਰਨ ਮਰਨ ਵਾਲੇ ਬੱਚੇ ਨੂੰ ਕੀਤਾ ਗਿਆ ਰੈਫ਼ਰ
ਜੈਤੋ, 9 ਫਰਵਰੀ : ਜੈਤੋ-ਕੋਟਕਪੂਰਾ ਰੋਡ ’ਤੇ ਸਥਿਤ ਹਰਗੋਬਿੰਦ ਨਗਰ ਵਿਖੇ ਇਕ 14 ਸਾਲਾ ਬੱਚੇ ਵੱਲੋਂ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਖ਼ਤਮ ਕਰ ਲੈਣ ਦਾ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਸੂਚਨਾ ਮਿਲਦਿਆਂ ਹੀ ਚੜ੍ਹਦੀਕਲਾ ਵੈੱਲਫੇਅਰ ਸੇਵਾ ਸੋਸਾਇਟੀ ਗੰਗਸਰ ਜੈਤੋ ਦੇ ਮੁੱਖ ਸੇਵਾਦਾਰ ਮੀਤ ਸਿੰਘ ਮੀਤਾ, ਆਗੂ ਗੋਰਾ ਔਲਖ, ਕੁਲਦੀਪ ਰਾਜਪੂਤ ਅਤੇ ਡਾ. ਸੰਦੀਪ ਘਟਨਾ ਸਥਾਨ ’ਤੇ ਪਹੁੰਚੇ ਅਤੇ ਬੱਚੇ ਨੂੰ ਤੁਰੰਤ ਸਿਵਲ ਹਸਪਤਾਲ ਜੈਤੋ ਪਹੁੰਚਾਇਆ।
ਬੱਚੇ ਵੱਲੋਂ ਫਾਹਾ ਲੈਣ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ। ਦੱਸਿਆ ਜਾ ਰਿਹਾ ਹੈ ਕਿ ਸਿਵਲ ਹਸਪਤਾਲ ਜੈਤੋ ਵਿਖੇ ਉਸ ਸਮੇਂ ਕੋਈ ਵੀ ਡਾਕਟਰ ਮੌਜੂਦ ਨਹੀਂ ਸੀ, ਜਿਸ ਕਾਰਨ ਉੱਥੇ ਮੌਜੂਦ ਸਟਾਫ਼ ਨਰਸ ਵੱਲੋਂ ਬੱਚੇ ਨੂੰ ਸਿਵਲ ਹਸਪਤਾਲ ਕੋਟਕਪੂਰਾ ਲਈ ਰੈਫ਼ਰ ਕਰ ਦਿੱਤਾ ਗਿਆ। ਕੋਟਕਪੂਰਾ ਪਹੁੰਚਣ ’ਤੇ ਡਾਕਟਰਾਂ ਨੇ ਬੱਚੇ ਨੂੰ ਮ੍ਰਿਤਕ ਐਲਾਨ ਦਿੱਤਾ।
ਚੜ੍ਹਦੀਕਲਾ ਵੈੱਲਫੇਅਰ ਸੋਸਾਇਟੀ ਵੱਲੋਂ ਇਸ ਘਟਨਾ ਦੀ ਸੂਚਨਾ ਜੈਤੋ ਦੇ ਥਾਣਾ ਮੁਖੀ (ਐੱਸ.ਐੱਚ.ਓ.) ਨਵਪ੍ਰੀਤ ਸਿੰਘ ਨੂੰ ਦਿੱਤੀ ਗਈ। ਮ੍ਰਿਤਕ ਬੱਚੇ ਦੀ ਪਛਾਣ ਨੀਰਜ ਕੁਮਾਰ ਸਪੁੱਤਰ ਲਾਲ ਚੰਦ ਉਰਫ਼ ਵੀਰੂ (ਵਾਸੀ ਬਿਹਾਰ) ਵਜੋਂ ਹੋਈ ਹੈ, ਜੋ ਕਿ ਅੱਜ-ਕੱਲ੍ਹ ਜੈਤੋ ਦੇ ਹਰਗੋਬਿੰਦ ਨਗਰ ’ਚ ਰਹਿ ਰਿਹਾ ਸੀ। ਪੁਲਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
Read More : ਰਾਜਪਾਲ ਗੁਲਾਬ ਚੰਦ ਕਟਾਰੀਆ ਵੱਲੋਂ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ
