ਮਥੁਰਾ, 22 ਅਕਤੂਬਰ : ਉੱਤਰ ਪ੍ਰਦੇਸ਼ ਦੇ ਮਥੁਰਾ-ਦਿੱਲੀ ਸੈਕਸ਼ਨ ’ਤੇ ਮੰਗਲਵਾਰ ਰਾਤ ਵਰਿੰਦਾਵਨ ਰੋਡ ਅਤੇ ਆਝਈ ਸਟੇਸ਼ਨਾਂ ਵਿਚਕਾਰ ਕੋਲੇ ਨਾਲ ਭਰੀ ਮਾਲਗੱਡੀ ਦੇ 12 ਡੱਬੇ ਲੀਹੋਂ ਲੱਥ ਗਏ, ਜਿਸ ਨਾਲ ਰੇਲ ਆਵਾਜਾਈ ਵਿਚ ਵਿਘਨ ਪਿਆ। ਹਾਦਸੇ ਵਿਚ ਲੱਗਭਗ 800 ਮੀਟਰ ਟਰੈਕ ਅਤੇ ਓ. ਐੱਚ. ਈ. ਲਾਈਨਾਂ ਨੂੰ ਨੁਕਸਾਨ ਪਹੁੰਚਿਆ।
ਉੱਤਰੀ ਮੱਧ ਰੇਲਵੇ ਦੇ ਜਨਰਲ ਮੈਨੇਜਰ ਨਰੇਸ਼ ਪਾਲ ਸਿੰਘ ਅਤੇ ਆਗਰਾ ਡਵੀਜ਼ਨਲ ਰੇਲਵੇ ਮੈਨੇਜਰ ਗਗਨ ਗੋਇਲ ਨੇ ਮੌਕੇ ’ਤੇ ਪਹੁੰਚ ਕੇ ਰਾਹਤ ਅਤੇ ਬਹਾਲੀ ਕਾਰਜਾਂ ਦੀ ਨਿਗਰਾਨੀ ਕੀਤੀ। ਆਗਰਾ ਡਵੀਜ਼ਨ ਦੇ ਜਨਸੰਪਰਕ ਅਧਿਕਾਰੀ ਪ੍ਰਸ਼ਾਂਤੀ ਸ਼੍ਰੀਵਾਸਤਵ ਨੇ ਦੱਸਿਆ ਕਿ ਚੌਥੀ ਲਾਈਨ ’ਤੇ ਰੇਲਗੱਡੀਆਂ ਦਾ ਸੰਚਾਲਨ ਰਾਤ ਨੂੰ ਹੀ ਸ਼ੁਰੂ ਕਰ ਦਿੱਤਾ ਗਿਆ ਸੀ, ਜਦੋਂ ਕਿ ਤੀਜੀ ਲਾਈਨ ਨੂੰ ਵੀ ਬੁੱਧਵਾਰ ਸਵੇਰੇ 7 ਵਜੇ ਬਹਾਲ ਕੀਤਾ ਗਿਆ।
ਮੁੱਢਲੀ ਜਾਂਚ ਵਿਚ ਕਪਲਿੰਗ ਖੁੱਲ੍ਹਣ ਦਾ ਖਦਸ਼ਾ ਪ੍ਰਗਟਾਇਆ ਗਿਆ ਹੈ, ਹਾਲਾਂਕਿ ਰਾਹਤ ਕਾਰਜ ਪੂਰਾ ਹੋਣ ਤੋਂ ਬਾਅਦ ਇਕ ਅਧਿਕਾਰਤ ਜਾਂਚ ਸ਼ੁਰੂ ਕੀਤੀ ਜਾਵੇਗੀ।
ਹਾਦਸੇ ਦੇ ਕਾਰਨ ਮੇਵਾੜ ਐਕਸਪ੍ਰੈੱਸ, ਹਰਿਦੁਆਰ-ਬਾਂਦਰਾ ਐਕਸਪ੍ਰੈੱਸ, ਉੱਤਰ ਪ੍ਰਦੇਸ਼ ਸੰਪਰਕ ਕ੍ਰਾਂਤੀ, ਕੇਰਲਾ ਐਕਸਪ੍ਰੈੱਸ, ਕਰਨਾਟਕ ਐਕਸਪ੍ਰੈੱਸ, ਨੰਦਾ ਦੇਵੀ ਐਕਸਪ੍ਰੈੱਸ ਅਤੇ ਸ਼ਤਾਬਦੀ ਐਕਸਪ੍ਰੈੱਸ ਸਮੇਤ ਕਈ ਰੇਲਗੱਡੀਆਂ ਪ੍ਰਭਾਵਿਤ ਹੋਈਆਂ। ਯਾਤਰੀਆਂ ਦੀ ਸਹੂਲਤ ਲਈ ਮਥੁਰਾ ਜੰਕਸ਼ਨ ’ਤੇ ਹੈਲਪ ਡੈਸਕ ਅਤੇ ਭੋਜਨ ਅਤੇ ਪਾਣੀ ਦਾ ਪ੍ਰਬੰਧ ਕੀਤਾ ਗਿਆ ਸੀ।
Read More : ਪਰਾਲੀ ਸਾੜਨ ਦੇ ਮਾਮਲਿਆਂ ‘ਤੇ ਪੀ.ਪੀ.ਸੀ.ਬੀ. ਦੀ ਰਿਪੋਰਟ ਜਾਰੀ